ਪੰਜਾਬ ਦੇ ਸਨਅਤਕਾਰਾਂ ਦਾ ਦੂਜੇ ਸੂਬਿਆਂ ’ਚ ਜਾਣਾ ਖ਼ਤਰੇ ਦੀ ਘੰਟੀ: ਅਸ਼ਵਨੀ ਸ਼ਰਮਾ

ਪੰਜਾਬ ਦੇ ਸਨਅਤਕਾਰਾਂ ਦਾ ਦੂਜੇ ਸੂਬਿਆਂ ’ਚ ਜਾਣਾ ਖ਼ਤਰੇ ਦੀ ਘੰਟੀ: ਅਸ਼ਵਨੀ ਸ਼ਰਮਾ

ਚੰਡੀਗੜ੍ਹ-ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਸਨਅਤਕਾਰਾਂ ਵੱਲੋਂ ਗੁਆਂਢੀ ਸੂਬਿਆਂ ਵਿੱਚ ਨਿਵੇਸ਼ ਕਰਨ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੇ ਸਨਅਤਕਾਰਾਂ ਵੱਲੋਂ ਪੰਜਾਬ ਨੂੰ ਛੱਡ ਦੂਸਰੇ ਸੂਬਿਆਂ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਦਿਖਾਉਣਾ ਸੂਬੇ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈ। ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਇਸ ਦੁਖਾਂਤ ਲਈ ‘ਆਪ’ ਸਰਕਾਰ ਤੇ ਵਿਸ਼ੇਸ਼ ਰੂਪ ਨਾਲ ਅਰਵਿੰਦ ਕੇਜਰੀਵਾਲ, ਰਾਘਵ ਚੱਢਾ ਅਤੇ ਭਗਵੰਤ ਮਾਨ ਜ਼ਿੰਮੇਵਾਰ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ, ਕੇਜਰੀਵਾਲ ਤੇ ਰਾਘਵ ਚੱਢਾ ਨਾਲ ਮਿਲ ਕੇ ਸੂਬੇ ਵਿੱਚ ਬਦਅਮਨੀ ਫੈਲਾ ਰਹੀ ਹੈ, ਜਿਸ ਕਰਕੇ ਦੇਸ਼ ਵਿਰੋਧੀ ਤਾਕਤਾਂ ਨੂੰ ਸਿਰ ਚੁੱਕਣ ਦੀ ਖੁੱਲ੍ਹ ਮਿਲੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਨੌਂ ਮਹੀਨਿਆਂ ਵਿੱਚ ‘ਆਪ’ ਸਰਕਾਰ ਨੇ ਸੂਬੇ ਦੇ ਹਾਲਾਤ ਅਜਿਹੇ ਬਣਾ ਦਿੱਤੇ ਹਨ ਕਿ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਿਲਕੁਲ ਖ਼ਤਮ ਹੋ ਗਏ ਹਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਅਜੋਕੇ ਹਾਲਾਤ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਨੌਜਵਾਨ ਪਰਿਵਾਰਾਂ ਸਮੇਤ ਵਿਦੇਸ਼ ਜਾ ਰਹੇ ਹਨ ਤੇ ਐੱਨਆਰਆਈ ਭਰਾ ਵੀ ਪੰਜਾਬ ਵਿੱਚ ਨਿਵੇਸ਼ ਕਰਨ ਤੋਂ ਮੂੰਹ ਮੋੜ ਰਹੇ ਹਨ। ਸਥਾਨਕ ਸਨਅਤਕਾਰ ਵੀ ਨਵਾਂ ਨਿਵੇਸ਼ ਸੂਬੇ ਵਿੱਚ ਕਰਨ ਦੀ ਥਾਂ ਨੇੜਲੇ ਸੂਬਿਆਂ ਵੱਲ ਭੱਜ ਰਹੇ ਹਨ ਤੇ ਪੰਜਾਬ ਦੇ ਵੱਡੇ ਉਦਗੋਗਪਤੀਆਂ ਨੇ 2 ਲੱਖ 30 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਉੱਤਰ ਪ੍ਰਦੇਸ਼ ਵਿੱਚ ਕਰਨ ਲਈ ਉੱਥੋਂ ਦੀ ਸਰਕਾਰ ਨਾਲ ਇਕਰਾਰ ਕੀਤੇ ਹਨ।