ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸਫ਼ਰ-ਏ-ਸ਼ਹਾਦਤ ਮਾਰਚ

ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸਫ਼ਰ-ਏ-ਸ਼ਹਾਦਤ ਮਾਰਚ

ਘਨੌਲੀ- ਗੁਰੂ ਗੋਬਿੰਦ ਸਿੰਘ ਵੱਲੋਂ 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਆਨੰਦਗੜ੍ਹ ਦਾ ਕਿਲ੍ਹਾ ਛੱਡਣ ਮਗਰੋਂ ਸਿਰਸਾ ਨਦੀ ਕਿਨਾਰੇ ਮੁਗਲ ਫੌਜਾਂ ਨਾਲ ਹੋਈ ਲੜਾਈ ਦੌਰਾਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਵਿਛੜ ਜਾਣ ਦੀ ਘਟਨਾ ਨੂੰ ਸਮਰਪਿਤ ਸਫ਼ਰ-ਏ-ਸ਼ਹਾਦਤ ਪੈਦਲ ਮਾਰਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਅਤੇ ਨੇੜਲੇ ਪਿੰਡਾਂ ਦੀ ਸੰਗਤ ਵੱਲੋਂ ਬਹੁਤ ਹੀ ਭਾਵੁਕ ਤੇ ਵੈਰਾਗਮਈ ਮਾਹੌਲ ਵਿੱਚ ਕੱਢਿਆ ਗਿਆ। ਇਸ ਮਾਰਚ ਵਿੱਚ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ, ਨੋਡਲ ਅਫ਼ਸਰ ਮਨਵਿੰਦਰ ਸਿੰਘ ਗਿਆਸਪੁਰਾ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਵਿਧਾਇਕ ਦਿਨੇਸ਼ ਕੁਮਾਰ ਚੱਢਾ, ਵਿਧਾਇਕ ਦਲਜੀਤ ਸਿੰਘ ਗਰੇਵਾਲ, ਵਿਧਾਇਕ ਵਰਿੰਦਰ ਕੁਮਾਰ ਗੋਇਲ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹੋਰਜੋਤ ਸਿੰਘ ਬੈਂਸ ਗੈਰਹਾਜ਼ਰ ਰਹੇ। ਇਹ ਮਾਰਚ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਮਾਜਰੀ ਗੁੱਜਰਾਂ, ਕੋਟਬਾਲਾ, ਆਸਪੁਰ ਤੇ ਰਣਜੀਤਪੁਰਾ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਕੁੰਮਾ ਮਾਸ਼ਕੀ ਪੁੱਜਿਆ। ਇਸ ਮੌਕੇ ਸੰਗਤ ਨੇ ਸਿਰਸਾ ਨਦੀ ਕੇ ਠੰਢੇ ਪਾਣੀ ਵਿੱਚ ਉਤਰ ਕੇ ਉਸ ਨੂੰ ਪਾਰ ਕੀਤਾ। ਸਮਾਗਮ ਦੌਰਾਨ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾ‌ਲਿਆਂ ਨੇ ਗੁਰੂ ਜੀ ਦੇ ਪਰਿਵਾਰ ਦੇ ਵਿਛੋੜੇ ਦਾ ਬਿਰਤਾਂਤ ਸੁਣਾਇਆ। ਇਸ ਮਾਰਚ ਦੇ ਸਵਾਗਤ ਲਈ ਰਾਹ ਵਿੱਚ ਪੈਂਦੇ ਪਿੰਡਾਂ ਦੀ ਸੰਗਤ ਨੇ ਦੁੱਧ, ਚਾਹ, ਬਿਸਕੁਟਾਂ ਅਤੇ ਫਲਾਂ ਦੇ ਲੰਗਰ ਲਗਾਏ ਹੋਏ ਸਨ।

ਸ੍ਰੀ ਆਨੰਦਪੁਰ ਸਾਹਿਬ (ਬੀ ਐਸ ਚਾਨਾ): ਗੁਰੂ ਗੋਬਿੰਦ ਸਿੰਘ ਵੱਲੋਂ ਸੰਨ 1704 ਵਿੱਚ ਕਿਲ੍ਹਾ ਆਨੰਦਗੜ੍ਹ ਸਾਹਿਬ ਨੂੰ ਛੱਡ ਸਦਾ ਲਈ ਆਨੰਦਪੁਰ ਸਾਹਿਬ ਨੂੰ ਅਲਵਿਦਾ ਆਖ ਦਿੱਤਾ ਗਿਆ ਸੀ। ਉਨ੍ਹਾਂ ਵੈਰਾਗਮਈ ਪਲਾਂ ਨੂੰ ਯਾਦ ਕਰਦਿਆਂ 6-7 ਪੋਹ ਦੀ ਦਰਮਿਆਨੀ ਰਾਤ ਨੂੰ ਕਿਲਾ ਆਨੰਦਗੜ੍ਹ ਸਾਹਿਬ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀਆਂ ਭਰੀਆਂ ਤੇ ਗੁਰੂ ਚਰਨਾਂ ਵਿੱਚ ਸੀਸ ਨਿਵਾਇਆ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਪੰਥ ਪ੍ਰਸਿੱਧ ਕੀਰਤਨੀਆਂ ਨੇ ਕੀਰਤਨ ਕੀਤਾ ਤੇ ਕਥਾਵਾਚਕ ਬਾਬਾ ਬੰਤਾ ਸਿੰਘ ਨੇ ਕਿਲ੍ਹਾ ਛੋੜ ਦਿਵਸ ਦਾ ਇਤਿਹਾਸ ਸਾਂਝਾ ਕੀਤਾ। ਇਸ ਘਟਨਾ ਨੂੰ ਸਮਰਪਿਤ ਬਾਬਾ ਕੁਲਵੰਤ ਸਿੰਘ ਲੱਖਾ ਵੱਲੋਂ 6-7 ਪੋਹ ਦੀ ਦਰਮਿਆਨੀ ਰਾਤ ਨੂੰ ਅੰਮ੍ਰਿਤ ਵੇਲੇ ਦਸਮੇਸ਼ ਅਲੌਕਿਕ ਪੈਦਲ ਮਾਰਚ ਸਜਾਇਆ ਗਿਆ, ਜਿਸ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਕਿਲ੍ਹਾ ਆਨੰਦਗੜ੍ਹ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮਗਰੋਂ 5 ਪਿਆਰਿਆਂ, 5 ਨਿਸ਼ਾਨਚੀ ਸਿੰਘਾਂ ਦੀ ਅਗਵਾਗੀ ਤੇ ਗੁਰੂ ਗ੍ਰੰਥ ਦੀ ਛਤਰ-ਛਾਇਆ ਹੇਠ ਪੈਦਲ ਮਾਰਚ ਆਰੰਭਿਆ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਕੈਬਿਨੈਟ ਮੰਤਰੀ ਹਰਜੋਤ ਸਿੰਘ ਬੈਂਸ, ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ, ਕੈਬਿਨੈਟ ਮੰਤਰੀ ਬ੍ਰਮਹਸ਼ੰਕਰ ਜਿੰਪਾ, ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਣੇ ਹੋਰਨਾਂ ਨੇ ਇਸ ਪੈਦਲ ਮਾਰਚ ਵਿੱਚ ਹਾਜ਼ਰੀ ਭਰੀ।