ਲੋਕ ਸਭਾ ’ਚ ਗੂੰਜਿਆ ਨਸ਼ਿਆਂ ਦਾ ਮੁੱਦਾ

ਲੋਕ ਸਭਾ ’ਚ ਗੂੰਜਿਆ ਨਸ਼ਿਆਂ ਦਾ ਮੁੱਦਾ

ਜੇ ਡਰੱਗ ਤਸਕਰ ਫੜਨੇ ਨਹੀਂ ਫਿਰ ਤਾਂ ਪੰਜਾਬ ’ਚ ਡਰੱਗ ਦੀ ਕੋਈ ਸਮੱਸਿਆ ਹੀ ਨਹੀਂ : ਅਮਿਤ ਸ਼ਾਹ

ਨਵੀਂ ਦਿੱਲੀ : ਸੰਸਦ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਨਸ਼ੇੜੀਆਂ ਨੂੰ ਜੇਲ੍ਹ ਭੇਜਣ ਦੀ ਬਜਾਏ ਉਨ੍ਹਾਂ ਲਈ ਹੋਰ ਮੁੜ ਵਸੇਬਾ ਕੇਂਦਰ ਬਣਾਏ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹੋਰ ਖੇਡ ਕੰਪਲੈਕਸਾਂ ਦੀ ਉਸਾਰੀ ਕਰਨ ਦੀ ਵੀ ਮੰਗ ਕੀਤੀ। ਭਾਰਤ ’ਚ ਨਸਾਖੋਰੀ ਦੀ ਸਮੱਸਿਆ ਤੇ ਇਸ ਨੂੰ ਕਾਬੂ ਕਰਨ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਲੋਕ ਸਭਾ ’ਚ ਇਕ ਥੋੜ੍ਹੇ ਸਮੇਂ ਦੀ ਚਰਚਾ ’ਚ ਹਿੱਸਾ ਲੈਂਦਿਆਂ ਪਾਰਟੀ ਲਾਈਨਾਂ ਨੂੰ ਤੋੜਦੇ ਹੋਏ ਸੰਸਦ ਮੈਂਬਰਾਂ ਨੇ ਮੰਗ ਕੀਤੀ ਕਿ ਕੇਂਦਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕੋਵਿਡ ਵਰਗੀ ਰਣਨੀਤੀ ਅਪਣਾਏ। ਲੋਕ ਸਭਾ ’ਚ ਨਸ਼ਿਆਂ ਦੀ ਦੁਰਵਰਤੋਂ ਦੀ ਸਮੱਸਿਆ ’ਤੇ ਮੰਗਲਵਾਰ ਨੂੰ ਹੋਈ ਚਰਚਾ ਉਸ ਵੇਲੇ ਪੰਜਾਬ ਅਧਾਰਤ ਚਰਚਾ ਬਣੀ ਨਜ਼ਰ ਆਈ, ਜਦੋਂ ਨਾ ਸਿਰਫ ਪੰਜਾਬ ਦੇ 5 ਸੰਸਦ ਮੈਂਬਰਾਂ ਨੇ ਇਸ ਚਰਚਾ ’ਚ ਸੂਬੇ ਦੀ ਨਿੱਘਰ ਰਹੀ ਹਾਲਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ, ਸਗੋਂ ਕਈ ਸੰਸਦ ਮੈਂਬਰਾਂ ਨੇ ਆਪਣੀ ਚਰਚਾ ਦੌਰਾਨ ਪੰਜਾਬ ’ਚ ਨਸ਼ਿਆਂ ਦੀ ਹਾਲਤ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ। ਅੰਮਿ੍ਰਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਨਸ਼ਿਆਂ ਤੋਂ ਪ੍ਰਭਾਵਿਤ ਹੋ ਰਹੇ ਛੋਟੇ ਬੱਚਿਆਂ ਲਈ ਵਿਸੇਸ ਕਦਮ ਚੁੱਕਣ ਦੀ ਸਲਾਹ ਦਿੰਦਿਆਂ ਕਿਹਾ ਕਿ ਸਕੂਲਾਂ ’ਚ ਪੰਜਵੀਂ ਤੋਂ ਹੀ ਬੱਚਿਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਉਹ ਇਸ ਦੇ ਬੁਰੇ ਪ੍ਰਭਾਵ ਨੂੰ ਸਮਝ ਸਕਣ। ਕਾਂਗਰਸੀ ਸੰਸਦ ਮੈਂਬਰ ਨੇ ਨਸ਼ਿਆਂ ਦੀ ਸਮੱਸਿਆ ਨੂੰ ‘ਨਸ਼ਿਆਂ ਦਾ ਅੱਤਵਾਦ’ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਵਿਦੇਸ ਮੰਤਰੀ ਐਸ. ਜੈਸੰਕਰ ਸੰਯੁਕਤ ਰਾਸਟਰ ਸੁਰੱਖਿਆ ਕੌਂਸਲ ’ਚ ਅੱਤਵਾਦ ’ਤੇ ਵੱਡਾ ਬਿਆਨ ਦੇ ਕੇ ਆਏ ਹਨ। ਪਰ ਹੁਣ ਵਿਦੇਸ ਮੰਤਰੀ ਨੂੰ ਅੱਤਵਾਦ ਦੇ ਨਾਲ-ਨਾਲ ਨਸੀਲੇ ਪਦਾਰਥਾਂ ਦੇ ਅੱਤਵਾਦ ’ਤੇ ਵੀ ਗੱਲ ਕਰਨੀ ਚਾਹੀਦੀ ਹੈ। ਕਾਂਗਰਸੀ ਸੰਸਦ ਮੈਂਬਰ ਨੇ ਸਰਹੱਦੀ ਸੂਬੇ ਪੰਜਾਬ ਦੇ ਅਟਾਰੀ ਬਾਰਡਰ ਦੇ ਟ੍ਰੈਕ ਸਕੈਨਰ ਲਾਉਣ ਦੀ ਮੰਗ ਕਰਦਿਆਂ ਕਿਹਾ ਕਿ 2018 ’ਚ ਮਨਜੂਰ ਕੀਤਾ ਟ੍ਰੈਕ ਸਕੈਨਰ ਕੰਮ ਨਹੀਂ ਕਰ ਰਿਹਾ, ਜਿਸ ਕਾਰਨ ਸਰਹੱਦ ਪਾਰੋਂ ਤਸਕਰੀ ’ਚ ਵਾਧਾ ਹੋ ਰਿਹਾ ਹੈ।
ਨਸ਼ਿਆਂ ਦੀ ਸਪਲਾਈ ਨੂੰ ਰੋਕਣਾ ਬਹੁਤ ਜ਼ਰੂਰੀ-ਸੰਤੋਖ ਸਿੰਘ ਚੌਧਰੀ : ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਨਸ਼ਿਆਂ ਦੀ ਸਮੱਸਿਆ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਪਿਛਲੇ 10 ਸਾਲਾਂ ’ਚ ਨਸ਼ਿਆਂ ਦੇ ਕੇਸਾਂ ’ਚ ਦੁੱਗਣਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਨਸ਼ਿਆਂ ਦੀ ਘਰਾਂ ’ਚ ਸਪਲਾਈ ਹੋ ਰਹੀ ਹੈ। ਚੌਧਰੀ ਨੇ ਪੰਜਾਬ ’ਚ ਨਸ਼ਿਆਂ ਦੇ ਹਾਲਤ ਲਈ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਸਮੇਂ ’ਚ ਨਸ਼ਿਆਂ ਦੀ ਇੰਝ ਡਿਲਵਰੀ ਹੁੰਦੀ ਸੀ, ਜਿਵੇਂ ਪੀਜਾ ਡਿਲਵਰੀ ਹੁੰਦੀ ਹੈ। ਸੰਤੋਖ ਸਿੰਘ ਨੇ ਮੌਜੂਦਾ ‘ਆਪ’ ਸਰਕਾਰ ਨੂੰ ਨਸ਼ਾ ਰੋਕਣ ’ਚ ਨਾਕਾਮ ਦੱਸਦਿਆਂ ਕਿਹਾ ਕਿ ਹੁਣ ਪੰਜਾਬ ’ਚ ਨਸ਼ਿਆਂ ਨਾਲ ਜਬਰੀ ਵਸੂਲੀ ਦਾ ਵੀ ਦੌਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਸ ’ਚ ਦਖਲਅੰਦਾਜੀ ਨਹੀਂ ਕਰੇਗੀ ਪੰਜਾਬ ਵਾਪਸ ਅੱਤਵਾਦ ਦੇ ਦੌਰ ’ਚ ਚਲਾ ਜਾਏਗਾ। ਉਨ੍ਹਾਂ ਅੰਤਰਰਾਜੀ ਸੁਰੱਖਿਆ ਦਲ ਬਣਾਉਣ ਦੀ ਵੀ ਮੰਗ ਕੀਤੀ ਤਾਂ ਜੋ ਇਸ ਸਮੱਸਿਆ ਨੂੰ ਸਾਂਝੇ ਤੌਰ ’ਤੇ ਸੁਝਾਇਆ ਜਾ ਸਕੇ।
‘ਸੋਹਣਾ ਪੰਜਾਬ’ ਉਡਦਾ ਪੰਜਾਬ ਕਿਵੇਂ ਬਣ ਗਿਆ-ਨਵਨੀਤ ਕੌਰ ਰਾਣਾ : ਮਹਾਰਾਸਟਰ ਦੇ ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਕੌਰ ਰਾਣਾ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ਨਾ ਸਿਰਫ ਪੰਜਾਬ ਦੇ ਫਿਕਰ ਨਾਲ ਕੀਤੀ, ਸਗੋਂ ਪੰਜਾਬੀ ’ਚ ਸ਼ੁਰੂਆਤ ਕੀਤੀ। ਮੂਲ ਰੂਪ ਤੋਂ ਪੰਜਾਬ ਦੀ ਰਾਣਾ ਨੇ ਪੰਜਾਬ ਦੇ ਹਾਲਾਤ ’ਤੇ ਚਿੰਤਾ ਦਾ ਪ੍ਰਗਟਾਵਾਂ ਕਰਦਿਆਂ ਕਿਹਾ ਕਿ ਇਹ ਸੋਹਣਾ ਪੰਜਾਬ ਉਡਦਾ ਪੰਜਾਬ ਕਿਵੇਂ ਬਣ ਗਿਆ ਇਹ ਵਿਚਾਰ ਕਰਨ ਦੀ ਲੋੜ ਹੈ।
ਸਰਕਾਰ ਦੇ ਨਾਲ ਸਿਵਲ ਸੁਸਾਇਟੀ ਅਤੇ ਧਰਮ ਗੁਰੂ ਵੀ ਅੱਗੇ ਆਉਣ-ਡਿੰਪਾ : ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਨਸ਼ਿਆਂ ਨਾਲ ਨਜਿੱਠਣ ਲਈ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਿਰਫ ਕੇਂਦਰ ਜਾਂ ਸੂਬਾ ਸਰਕਾਰ ਹੀ ਇਸ ਸਮੱਸਿਆ ਨੂੰ ਖਤਮ ਨਹੀਂ ਕਰ ਸਕਦੀ। ਇਸ ਲਈ ਧਰਮ ਗੁਰੂਆਂ, ਸੁਸਾਇਟੀ ਆਗੂਆਂ, ਪੁਲਿਸ, ਮਾਂ-ਬਾਪ ਨੂੰ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ। ਡਿੰਪਾ ਨੇ ਦਵਾਈਆਂ ਦੀਆਂ ਦੁਕਾਨਾਂ ਦੀ ਗਿਣਤੀ ਦੀ ਸੀਮਤ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਦੁਕਾਨਾਂ ਹੋਣ ਕਰਕੇ ਮੁਨਾਫੇ ਲਈ ਦਵਾਈਆਂ ਦੀਆਂ ਦੁਕਾਨਾਂ ’ਤੇ ਹੀ ਨਸਾ ਉਪਲਬੱਧ ਹੋਣ ਲਗਦਾ ਹੈ।
ਪੰਜਾਬ ’ਚ ਅਫੀਮ ਦੀ ਖੇਤੀ ਦੀ ਇਜਾਜਤ ਮਿਲੇ : ਸਿਮਰਨਜੀਤ ਸਿੰਘ ਮਾਨ : ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਨਸ਼ਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਲਈ ਮੱਧ ਪ੍ਰਦੇਸ ਵਾਂਗ ਪੰਜਾਬ ਨੂੰ ਵੀ ਅਫੀਮ ਦੀ ਖੇਤੀ ਇਜਾਜਤ ਮਿਲਣੀ ਚਾਹੀਦੀ ਹੈ।