ਭਾਰਤ-ਪਾਕਿ ਵਿਚਾਲੇ ਸ਼ਬਦੀ ਜੰਗ ਨਹੀਂ ਸਾਰਥਕ ਗੱਲਬਾਤ ਜ਼ਰੂਰੀ: ਅਮਰੀਕਾ

ਭਾਰਤ-ਪਾਕਿ ਵਿਚਾਲੇ ਸ਼ਬਦੀ ਜੰਗ ਨਹੀਂ ਸਾਰਥਕ ਗੱਲਬਾਤ ਜ਼ਰੂਰੀ: ਅਮਰੀਕਾ

ਵਾਸ਼ਿੰਗਟਨ- ਅਮਰੀਕਾ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦਾ ਭਾਰਤ ਅਤੇ ਪਾਕਿਸਤਾਨ ਨਾਲ ਬਹੁਪੱਖੀ ਸਬੰਧ ਹੈ ਅਤੇ ਉਹ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਬਿਹਤਰੀ ਲਈ ‘ਸ਼ਬਦੀ ਜੰਗ’ ਨਹੀਂ ਸਾਰਥਕ ਗੱਲਬਾਤ ਚਾਹੁੰਦੇ ਹਨ। ਕਸ਼ਮੀਰ ਮੁੱਦੇ ਅਤੇ ਪਾਕਿਸਤਾਨ ਤੋਂ ਅਤਿਵਾਦੀ ਖਤਰੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਨਿਊਯਾਰਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਤਾਜ਼ਾ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਾਡੀ ਭਾਰਤ ਨਾਲ ਆਲਮੀ ਰਣਨੀਤਕ ਭਾਈਵਾਲੀ ਹੈ। ਮੈਂ ਪਾਕਿਸਤਾਨ ਨਾਲ ਡੂੰਘੇ ਸਬੰਧਾਂ ਬਾਰੇ ਵੀ ਗੱਲ ਕਰ ਚੁੱਕਾ ਹਾਂ। ਇਨ੍ਹਾਂ ਸਬੰਧਾਂ ਦਾ ਮਤਲਬ ਇੱਕ ਦਾ ਫਾਇਦਾ ਜਾਂ ਦੂਜੇ ਦਾ ਨੁਕਸਾਨ ਨਹੀਂ ਹੁੰਦਾ। ਅਸੀਂ ਇਨ੍ਹਾਂ ਨੂੰ ਇੱਕ-ਦੂਜੇ ਨਾਲ ਜੋੜ ਕੇ ਨਹੀਂ ਦੇਖਦੇ।’’

ਉਨ੍ਹਾਂ ਕਿਹਾ, ‘‘ਹਕੀਕਤ ਇਹ ਹੈ ਕਿ ਸਾਡੀ ਦੋਵਾਂ ਦੇਸ਼ਾਂ ਨਾਲ ਸਾਂਝੇਦਾਰੀ ਹੈ ਅਤੇ ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਬਦੀ ਜੰਗ ਨਹੀਂ ਦੇਖਣਾ ਚਾਹੁੰਦੇ। ਅਸੀਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਰਥਕ ਗੱਲਬਾਤ ਦੇਖਣਾ ਚਾਹੁੰਦੇ ਹਾਂ। ਸਾਨੂੰ ਲੱਗਦਾ ਹੈ ਕਿ ਇਹ ਪਾਕਿਸਤਾਨੀ ਅਤੇ ਭਾਰਤੀ ਲੋਕਾਂ ਦੀ ਬਿਹਤਰੀ ਲਈ ਜ਼ਰੂਰੀ ਹੈ। ਅਸੀਂ ਮਿਲ ਕੇ ਬਹੁਤ ਕੁਝ ਕਰ ਸਕਦੇ ਹਾਂ।’’ ਉਨ੍ਹਾਂ ਕਿਹਾ, ‘‘ਭਾਰਤ ਅਤੇ ਪਾਕਿਸਤਾਨ ਵਿਚਾਲੇ ਕੁਝ ਮਤਭੇਦ ਹਨ ਜਿਨ੍ਹਾਂ ਨੂੰ ਯਕੀਨੀ ਤੌਰ ’ਤੇ ਹੱਲ ਕਰਨ ਦੀ ਲੋੜ ਹੈ। ਅਮਰੀਕਾ ਭਾਈਵਾਲ ਵਜੋਂ ਦੋਵਾਂ ਦੀ ਮਦਦ ਕਰਨ ਲਈ ਤਿਆਰ ਹੈ।”

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਨਿੱਜੀ ਟਿੱਪਣੀ ਅਤੇ ਆਰਐੱਸਐੱਸ ਬਾਰੇ ਟਿੱਪਣੀ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਕੇ. ਜੈਸ਼ੰਕਰ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਮੀਟਿੰਗ ਵਿੱਚ ਅਤਿਵਾਦ ਦਾ ਸਮਰਥਨ ਕਰਨ ਨੂੰ ਲੈ ਕੇ ਪਾਕਿਸਤਾਨ ’ਤੇ ਤਿੱਖਾ ਹਮਲਾ ਕੀਤੇ ਜਾਣ ਤੋਂ ਬਾਅਦ ਕੀਤੀ ਸੀ।