ਐੱਲਜੀ ਤੇ ‘ਆਪ’ ਮੁੜ ਆਹਮੋ-ਸਾਹਮਣੇ-‘ਆਪ’ ਤੋਂ ‘ਸਿਆਸੀ ਇਸ਼ਤਿਹਾਰਬਾਜ਼ੀ’ ਲਈ 97 ਕਰੋੜ ਰੁਪਏ ਵਸੂਲਣ ਦੇ ਹੁਕਮ

ਐੱਲਜੀ ਤੇ ‘ਆਪ’ ਮੁੜ ਆਹਮੋ-ਸਾਹਮਣੇ-‘ਆਪ’ ਤੋਂ ‘ਸਿਆਸੀ ਇਸ਼ਤਿਹਾਰਬਾਜ਼ੀ’ ਲਈ 97 ਕਰੋੜ ਰੁਪਏ ਵਸੂਲਣ ਦੇ ਹੁਕਮ

ਐੱਲਜੀ ਤੇ ‘ਆਪ’ ਮੁੜ ਆਹਮੋ-ਸਾਹਮਣੇ-‘ਆਪ’ ਤੋਂ ‘ਸਿਆਸੀ ਇਸ਼ਤਿਹਾਰਬਾਜ਼ੀ’ ਲਈ 97 ਕਰੋੜ ਰੁਪਏ ਵਸੂਲਣ ਦੇ ਹੁਕਮ
ਨਵੀਂ ਦਿੱਲੀ- ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਮੁੱਖ ਸਕੱਤਰ ਨੂੰ ਸਰਕਾਰੀ ਇਸ਼ਤਿਹਾਰਾਂ ਦੀ ਆੜ ਹੇਠ 2016 ਵਿੱਚ ਪ੍ਰਕਾਸ਼ਿਤ ਕੀਤੇ ਗਏ ਸਿਆਸੀ ਇਸ਼ਤਿਹਾਰਾਂ ਲਈ ਆਮ ਆਦਮੀ ਪਾਰਟੀ (‘ਆਪ’) ਤੋਂ 97 ਕਰੋੜ ਰੁਪਏ ਦੀ ਵਸੂਲੀ ਦਾ ਹੁਕਮ ਦਿੱਤਾ ਹੈ। ਇਹ ਜਾਣਕਾਰੀ ਅੱਜ ਸੂਤਰਾਂ ਨੇ ਦਿੱਤੀ। ਇਹ ਘਟਨਾਕ੍ਰਮ ‘ਆਪ’ ਵੱਲੋਂ ਭਾਜਪਾ ਤੋਂ ਦਿੱਲੀ ਨਗਰ ਨਿਗਮ ਦੀ ਸੱਤਾ ਹਥਿਆਉਣ ਤੋਂ ਕੁਝ ਦਿਨ ਬਾਅਦ ਸਾਹਮਣੇ ਆਇਆ ਹੈ। ਦੂਜੇ ਪਾਸੇ ‘ਆਪ’ ਨੇ ਦੋਸ਼ ਲਾਇਆ ਹੈ ਕਿ ਉਪ ਰਾਜਪਾਲ ਭਗਵਾ ਪਾਰਟੀ ਦੇ ਕਥਿਤ ਨਿਰਦੇਸ਼ਾਂ ’ਤੇ ਇਹ ਹੁਕਮ ਦੇ ਰਹੇ ਹਨ ਅਤੇ ਦਾਅਵਾ ਕੀਤਾ ਕਿ ਸਕਸੈਨਾ ਕੋਲ ਅਜਿਹੇ ਹੁਕਮ ਜਾਰੀ ਕਰਨ ਦੀ ਸ਼ਕਤੀ ਨਹੀਂ ਹੈ। ਹਾਲਾਂਕਿ ਦਿੱਲੀ ਵਿੱਚ ਵਿਰੋਧੀ ਧਿਰ ਭਾਜਪਾ ਨੇ ਉਪ ਰਾਜਪਾਲ ਦੇ ਹੁਕਮਾਂ ਦਾ ਸਵਾਗਤ ਕਰਦਿਆਂ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ ਤੋਂ ਵਸੂਲੀ ਜਾਣ ਵਾਲੀ ਰਕਮ ਵਧ ਕੇ 400 ਕਰੋੜ ਰੁਪਏ ਹੋ ਸਕਦੀ ਹੈ। ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਕਥਿਤ ‘ਇਸ਼ਤਿਹਾਰਬਾਜ਼ੀ ਘੁਟਾਲੇ’ ਦਾ ਦੋਸ਼ ਲਾਇਆ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ।ਉੱਪ ਰਾਜਪਾਲ ਨੇ ਮੁੱਖ ਸਕੱਤਰ ਨੂੰ ਦਿੱਤੇ ਆਪਣੇ ਹੁਕਮਾਂ ਵਿੱਚ ਇਹ ਨਿਰਦੇਸ਼ ਵੀ ਦਿੱਤਾ ਕਿ ਸਤੰਬਰ 2016 ਤੋਂ ਹੁਣ ਤੱਕ ਦੇ ਸਾਰੇ ਇਸ਼ਤਿਹਾਰਾਂ ਨੂੰ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਸਰਕਾਰੀ ਇਸ਼ਤਿਹਾਰ ਸਮੱਗਰੀ ਰੈਗੂਲੇਸ਼ਨ ਕਮੇਟੀ (ਸੀਸੀਆਰਜੀਏ) ਕੋਲ ਜਾਂਚ ਲਈ ਭੇਜਿਆ ਜਾਵੇ ਕਿ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਹ ਢੁੱਕਵੇਂ/ਸਹੀ ਹਨ ਜਾਂ ਨਹੀਂ। ਸੂਤਰਾਂ ਮੁਤਾਬਕ ਦਿੱਲੀ ਸਰਕਾਰ ਦੇ ਸੂਚਨਾ ਅਤੇ ਪ੍ਰਚਾਰ ਡਾਇਰੈਕਟੋਰੇਟ (ਡੀਆਈਪੀ) ਨੇ ਸੀਸੀਆਰਜੀੲੇ ਦੇ 2016 ਦੇ ਇੱਕ ਨਿਰਦੇਸ਼ ’ਤੇ ਕਾਰਵਾਈ ਕਰਦਿਆਂ ਨੋਟੀਫਾਈ ਕੀਤਾ ਹੈ ਕਿ ‘‘ਅਪੁਸ਼ਟ ਇਸ਼ਤਿਹਾਰਾਂ’ ਉੱਤੇ 97.14 ਕਰੋੜ ਰੁਪਏ (97,14,69,137 ਰੁਪਏ) ਖਰਚ ਕੀਤੇ ਗਏ ਸਨ। ਇੱਕ ਸੂਤਰ ਨੇ ਦੱਸਿਆ ਜਦੋਂ ਕਿ ਇਸ ਵਿੱਚੋਂ ਡੀਆਈਪੀ ਦੁਆਰਾ 42.26 ਕਰੋੜ ਰੁਪਏ ਤੋਂ ਵੱਧ ਦੀ ਰਕਮ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ, ਪ੍ਰਕਾਸ਼ਿਤ ਇਸ਼ਤਿਹਾਰਾਂ ਲਈ 54.87 ਕਰੋੜ ਰੁਪਏ ਹਾਲੇ ਵੀ ਵੰਡੇ ਜਾਣੇ ਬਾਕੀ ਹਨ। ਅਧਿਕਾਰਤ ਸੂਤਰਾਂ ਅਨੁਸਾਰ ਡੀਆਈਪੀ ਨੇ ‘ਆਪ’ ਨੂੰ 2017 ਵਿੱਚ ਨਿਰਦੇਸ਼ ਪ੍ਰਾਪਤ ਹੋਣ ਤੋਂ ਬਾਅਦ 30 ਦਿਨਾਂ ਦੇ ਅੰਦਰ-ਅੰਦਰ ਸਰਕਾਰੀ ਖਜ਼ਾਨੇ ਨੂੰ ਤੁਰੰਤ 42.26 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਰਨ ਅਤੇ ਸਬੰਧਤ ਵਿਗਿਆਪਨ ਏਜੰਸੀਆਂ ਜਾਂ ਪ੍ਰਕਾਸ਼ਨਾਂ ਨੂੰ 54.87 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਸਿੱਧੇ ਤੌਰ ’ਤੇ ਅਦਾ ਕਰਨ ਦੇ ਆਦੇਸ਼ ਦਿੱਤੇ। ਹਾਲਾਂਕਿ 5 ਸਾਲ ਅਤੇ 8 ਮਹੀਨੇ ਬੀਤਣ ਤੋਂ ਬਾਅਦ ਵੀ ‘ਆਪ’ ਨੇ ਡੀਆਈਪੀ ਹੁਕਮ ਦੀ ਪਾਲਣਾ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ 2017 ਵਿੱਚ ਦਿੱਲੀ ਦੇ ਮੁੱਖ ਮੰਤਰੀ ਨੇ ਤਤਕਾਲੀ ਉਪ ਰਾਜਪਾਲ ਅਨਿਲ ਬੈਜਲ ਵੱਲੋਂ ‘ਆਪ’ ਤੋਂ 97 ਕਰੋੜ ਰੁਪਏ ਵਸੂਲਣ ਦੇ ਹੁਕਮਾਂ ਨੂੰ ‘ਗਲਤ’ ਕਰਾਰ ਦਿੱਤਾ ਸੀ ਅਤੇ ਆਖਿਆ ਸੀ ਕਿ ਉਹ ਇਨ੍ਹਾਂ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ।

ਐੱਲਜੀ ਦੇ ਨਿਰਦੇਸ਼ ‘ਨਵਾਂ ਲਵ ਲੈਟਰ’: ਭਾਰਦਵਾਜ

‘ਆਪ’ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਕੋਲ ਪਾਰਟੀ ਦੇ ਮੁੱਖ ਸਕੱਤਰ ਨੂੰ ਪਾਰਟੀ ਤੋਂ ‘ਸਿਆਸੀ ਇਸ਼ਤਿਹਾਰਾਂ’ ਲਈ 97 ਕਰੋੜ ਰੁਪਏ ਵਸੂਲਣ ਦੇ ਹੁਕਮ ਜਾਰੀ ਕਰਨ ਦੇ ਅਧਿਕਾਰ ਨਹੀਂ ਹਨ। ਇੱਥੇ ਪ੍ਰੈੱਸ ਕਾਨਫਰੰਸ ਵਿੱਚ ‘ਆਪ’ ਦੇ ਮੁੱਖ ਤਰਜਮਾਨ ਸੌਰਭ ਭਾਰਦਵਾਜ ਨੇ ਉਪ ਰਾਜਪਾਲ ਦੇ ਨਿਰਦੇਸ਼ਾਂ ਨੂੰ ‘ਨਵਾਂ ਲਵ ਲੈਟਰ’ ਕਰਾਰ ਦਿੰਦਿਆਂ ਕਿਹਾ ਕਿਉਂਕਿ ਵੈਲਨਟਾਈਨ ਡੇਅ ਨੇੜੇ ਆ ਰਿਹਾ ਹੈ ਅਤੇ ਅਜਿਹੇ ਪੱਤਰਾਂ ਦੀ ਗਿਣਤੀ ਵਧ ਸਕਦੀ ਹੈ। ਉਨ੍ਹਾਂ ਕਿਹਾ, ‘‘ਭਾਜਪਾ ਇਸ ਗੱਲੋਂ ਘਬਰਾ ਗਈ ਹੈ ਕਿ ‘ਆਪ’ ਕੌਮੀ ਪਾਰਟੀ ਬਣ ਗਈ ਤੇ ਐੱਮਸੀਡੀ ਵਿੱਚ ਉਸ ਤੋਂ ਸੱਤਾ ਖੋਹ ਲਈ ਹੈ। ਐੱਲਜੀ ਸਾਹਬ ਸਭ ਕੁਝ ਭਾਜਪਾ ਦੇ ਹੁਕਮ ਅਨੁਸਾਰ ਕਰ ਰਹੇ ਹਨ ਅਤੇ ਇਸ ਨਾਲ ਦਿੱਲੀ ਦੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।’’ ਉਨ੍ਹਾਂ ਕਿਹਾ, ‘‘ਦਿੱਲੀ ਦੇ ਉਪ ਰਾਜਪਾਲ ਕੋਲ ਅਜਿਹੀ ਕੋਈ ਸ਼ਕਤੀ ਨਹੀਂ ਹੈ। ਉਹ ਅਜਿਹੇ ਹੁਕਮ ਜਾਰੀ ਨਹੀਂ ਕਰ ਸਕਦੇ ਹਨ। ਇਹ ਕਾਨੂੰਨ ਦੇ ਸਾਹਮਣੇ ਨਹੀਂ ਟਿਕਣਗੇ। ਹੋਰ ਰਾਜ ਸਰਕਾਰਾਂ ਵੀ ਇਸ਼ਤਿਹਾਰ ਜਾਰੀ ਕਰਦੀਆਂ ਹਨ। ਭਾਜਪਾ ਦੀਆਂ ਵੱਖ-ਵੱਖ ਰਾਜ ਸਰਕਾਰਾਂ ਨੇ ਵੀ ਇਸ਼ਤਿਹਾਰ ਜਾਰੀ ਕੀਤੇ ਹਨ ਜੋ ਇੱਥੇ ਪ੍ਰਕਾਸ਼ਿਤ ਕੀਤੇ ਗਏ ਹਨ। ਇਸ਼ਤਿਹਾਰਾਂ ’ਤੇ ਖਰਚੇ ਗਏ 22,000 ਕਰੋੜ ਰੁਪਏ ਉਨ੍ਹਾਂ ਤੋਂ ਕਦੋਂ ਵਸੂਲੇ ਜਾਣਗੇ?’’