ਰਾਜਾ ਵੜਿੰਗ ਦੇ ਸਮਾਗਮ ’ਚੋਂ ਗੈਰ-ਹਾਜ਼ਰ ਰਹੇ ਸਥਾਨਕ ਆਗੂ

ਰਾਜਾ ਵੜਿੰਗ ਦੇ ਸਮਾਗਮ ’ਚੋਂ ਗੈਰ-ਹਾਜ਼ਰ ਰਹੇ ਸਥਾਨਕ ਆਗੂ

ਮਾਨਸਾ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੇ ਤਾਜਪੋਸ਼ੀ ਸਮਾਗਮ ਦੌਰਾਨ ਸੰਬੋਧਨ ਕਾਂਗਰਸੀ ਵਰਕਰਾਂ ਨੂੰ ਆਪਸੀ ਏਕਤਾ ਹੋਕਾ ਦਿੱਤਾ ਗਿਆ, ਪਰ ਇਸ ਸਮਾਗਮ ਵਿੱਚ ਸੀਨੀਅਰ ਕਾਂਗਰਸੀ ਨੇਤਾਵਾਂ ਦੀ ਗੈਰ-ਹਾਜ਼ਰੀ ਰੜਕਦੀ ਰਹੀ। ਇਸ ਸਮਾਗਮ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਸ਼ਾਮਲ ਨਾ ਹੋਣ ਕਾਰਨ ਵੱਡੀ ਪੱਧਰ ’ਤੇ ਲੋਕ ਹੈਰਾਨ ਸਨ।

ਕਾਨਫਰੰਸ ਦੀ ਸਮਾਪਤੀ ਤੋਂ ਬਾਅਦ ਦੇਰ ਸ਼ਾਮ ਨੂੰ ਵਾਪਸ ਜਾਂਦਿਆਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਦੇ ਘਰ ਪੁੱਜੇ। ਵੇਰਵਿਆਂ ਮੁਤਾਬਕ ਕਾਂਗਰਸੀ ਨੇਤਾ ਨੇ ਇਨਸਾਫ਼ ਦੀ ਲੜਾਈ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਪਾਰਟੀ ਲਈ ਸਰਗਰਮੀਆਂ ਵਧਾਉਣ ਵਾਸਤੇ ਬੇਨਤੀ ਕੀਤੀ। ਮੂਸੇਵਾਲਾ ਦੇ ਘਰ ਜਾਣ ਦੀ ਪੁਸ਼ਟੀ ਪਰਿਵਾਰ ਵੱਲੋਂ ਤਾਇਆ ਚਮਕੌਰ ਸਿੰਘ ਸਿੱਧੂ ਨੇ ਕੀਤੀ। ਇਸ ਦੌਰਾਨ ਮੰਗਤ ਰਾਏ ਬਾਂਸਲ, ਸਾਬਕਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਡਾ. ਮਨੋਜ ਬਾਲਾ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਸਾਬਕਾ ਇੰਚਾਰਜ ਰਣਜੀਤ ਕੌਰ ਭੱਟੀ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚੁਸਪਿੰਦਰ ਸਿੰਘ ਭੁਪਾਲ, ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ, ਮਨਜੀਤ ਸਿੰਘ ਝੱਲਬੂਟੀ, ਬੱਬਲਜੀਤ ਸਿੰਘ ਖਿਆਲਾ ਸਮੇਤ ਹੋਰ ਆਗੂਆਂ ਦੇ ਨਾ ਪੁੱਜਣ ਨੂੰ ਲੈ ਕੇ ਘੁਸਰ-ਮੁਸਰ ਹੁੰਦੀ ਰਹੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦਿਵਾਉਣ ਲਈ ਸਭ ਤੋਂ ਜ਼ਿਆਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਰਗਰਮੀ ਵਿਖਾਈ ਗਈ ਸੀ। ਇਸੇ ਤਰ੍ਹਾਂ ਮੌੜ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਟਿਕਟ ’ਤੇ ਚੋਣ ਲੜਨ ਵਾਲੀ ਡਾ. ਮਨੋਜ ਬਾਲਾ ਵੀ ਮੌਜੂਦ ਨਹੀਂ ਸਨ। ਤਾਜਪੋਸ਼ੀ ਸਮਾਗਮ ਦੌਰਾਨ ਜੁੜੇ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜਿਹੜੇ ਲੋਕਾਂ ਵੱਲੋਂ ਕਾਂਗਰਸ ਪਾਰਟੀ ਦਾ ਪਿਛਲੀ ਸਰਕਾਰ ਸਮੇਂ ਨੁਕਸਾਨ ਕੀਤਾ ਸੀ, ਉਨ੍ਹਾਂ ਲੋਕਾਂ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਅਤੇ ਹੁਣ ਕਾਂਗਰਸ ਵਿੱਚ ਵਫ਼ਾਦਾਰ ਵਰਕਰਾਂ ਵੱਲੋਂ ਨਵੀਂ ਰੂਹ ਫੂਕ ਕੇ ਮਜ਼ਬੂਤੀ ਦੇ ਰਾਹ ਤੋਰਿਆ ਜਾਣ ਲੱਗਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਪੰਜਾਬ ਦੇ ਕਾਂਗਰਸੀ ਵਰਕਰਾਂ ਵੱਲੋਂ ਆਪਸੀ ਏਕਤਾ ਅਤੇ ਭਾਈਚਾਰੇ ਦਾ ਪ੍ਰਗਟਾਵਾ ਕਰਕੇ ਦੇਸ਼ ਵਿਚੋਂ ਨਰਿੰਦਰ ਮੋਦੀ ਦੀ ਹਕੂਮਤ ਨੂੰ ਖ਼ਤਮ ਕਰਨ ਲਈ ਜ਼ੋਰਦਾਰ ਢੰਗ ਨਾਲ ਇਕ ਲਹਿਰ ਖੜ੍ਹੀ ਕੀਤੀ ਜਾਵੇਗੀ।

ਮੈਂ ਕਿਸੇ ਸਿਆਸੀ ਸਰਗਰਮੀ ’ਚ ਹਿੱਸਾ ਨਹੀਂ ਲੈ ਰਿਹਾ: ਬਲਕੌਰ ਸਿੰਘ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੁੱਤਰ ਦੀ ਮੌਤ ਦੇ ਦੁੱਖ ਕਾਰਨ ਉਨ੍ਹਾਂ ਵੱਲੋਂ ਕਿਸੇ ਸਿਆਸੀ ਸਰਗਰਮੀ ਵਿੱਚ ਭਾਗ ਨਹੀਂ ਲਿਆ ਜਾ ਰਿਹਾ ਹੈ ਅਤੇ ਜਿਹੜੇ ਕੁਝ ਮੰਚਾਂ ਤੋਂ ਉਨ੍ਹਾਂ ਨੇ ਸੰਬੋਧਨ ਕੀਤਾ ਹੈ, ਉਥੇ ਇਨਸਾਫ਼ ਦੀ ਲੜਾਈ ਦਾ ਹਿੱਸਾ ਬਣ ਕੇ ਗਏ ਹਨ।