ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰਬੰਦੀ ਸਮਾਗਮ

ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰਬੰਦੀ ਸਮਾਗਮ

ਸ੍ਰੀ ਅਕਾਲ ਤਖ਼ਤ ਵਿਖੇ 1300 ਬੱਚਿਆਂ ਨੇ ਦਸਤਾਰਾਂ ਸਜਾਈਆਂ; ਦਸਤਾਰ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ’ਤੇ ਜ਼ੋਰ
ਅੰਮ੍ਰਿਤਸਰ- ਸਿੱਖ ਨੌਜਵਾਨ ਪੀੜ੍ਹੀ ਵਿਚ ਦਸਤਾਰ ਦੀ ਮਹਾਨਤਾ ਨੂੰ ਉਭਾਰਨ ਦੇ ਮੰਤਵ ਨਾਲ ਅੱਜ ਸ੍ਰੀ ਅਕਾਲ ਤਖ਼ਤ ਵਿਖੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੌਮੀ ਦਸਤਾਰਬੰਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਿੱਖਾਂ ਦੇ ਸਿਰ ਦਾ ਤਾਜ ਹੈ ਅਤੇ ਬਾਦਸ਼ਾਹਤ ਦਾ ਪ੍ਰਤੀਕ ਹੈ ਪਰ ਪੰਜਾਬ ਵਿਚ ਦਸਤਾਰ ਦਾ ਘੱਟ ਰਿਹਾ ਰੁਝਾਨ ਸਿੱਖ ਕੌਮ ਵਾਸਤੇ ਚਿੰਤਾ ਦਾ ਵਿਸ਼ਾ ਹੈ। ਸ਼੍ਰੋਮਣੀ ਕਮੇਟੀ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਮੌਕੇ 1300 ਬੱਚਿਆਂ ਨੇ ਦਸਤਾਰਾਂ ਸਜਾਈਆਂ। ਦੂਰ ਦੁਰਾਡੇ ਤੋਂ ਆਏ ਇਨ੍ਹਾਂ ਬੱਚਿਆਂ ਨੇ ਸ੍ਰੀ ਅਕਾਲ ਤਖਤ ’ਤੇ ਦਸਤਾਰ ਸਜਾਉਣ ਸਮਾਗਮ ਵਿਚ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਬੱਚਿਆਂ ਦੇ ਦਸਤਾਰਾਂ ਸਜਾਈਆਂ। ਇਸ ਤੋਂ ਪਹਿਲਾਂ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਅਰਦਾਸ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖਾਲਸੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਬਖ਼ਸ਼ੀ ਗਈ ਦਸਤਾਰ ਸਿੱਖੀ ਦੇ ਗੌਰਵਮਈ ਵਿਰਸੇ ਦਾ ਪ੍ਰਤੀਕ ਹੈ। ਆਪਣੀ ਨਵੀਂ ਪੀੜ੍ਹੀ ਨੂੰ ਇਸ ਮਹਾਨ ਵਿਰਸੇ ਨਾਲ ਜੋੜਨਾ ਕੌਮ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਪੰਜਾਬ ਵਿੱਚ ਦਸਤਾਰ ਦੇ ਘੱਟ ਰਹੇ ਰੁਝਾਨ ’ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਗੁਰੂ ਸਾਹਿਬਾਨ ਦੀ ਧਰਤੀ ਹੈ ਅਤੇ ਇਥੇ ਦੀਆਂ ਰਵਾਇਤਾਂ ਅਤੇ ਕਦਰਾਂ ਕੀਮਤਾਂ ਮਾਣਮੱਤੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਬੱਚਿਆਂ ਦਾ ਸਾਬਤ ਸੂਰਤ ਹੋਣਾ, ਨਸ਼ਿਆਂ ਤੋਂ ਰਹਿਤ ਰਹਿਣਾ ਅਤੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਗੁਰਸਿੱਖ ਬਣਨਾ ਅੱਜ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਰਸੇ ਨੂੰ ਸੰਭਾਲਣ ਤੇ ਇਸ ਬਾਰੇ ਅਗਲੀ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਉਚੇਚੇ ਯਤਨਾਂ ਦੀ ਲੋੜ ਹੈ। ਉਨ੍ਹਾਂ ਦਸਤਾਰ ਬੰਦੀ ਸਮਾਗਮ ਦੌਰਾਨ ਸਹਿਯੋਗ ਕਰਨ ਵਾਲੀਆਂ ਸ਼੍ਰੋਮਣੀ ਕਮੇਟੀ ਸਮੇਤ ਸਾਰੀਆਂ ਜਥੇਬੰਦੀਆਂ ਦਾ ਧੰਨਵਾਦ ਕੀਤਾ। ਕੌਮੀ ਦਸਤਾਰਬੰਦੀ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ, ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼, ਰੈਕੋਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ (ਰਾਸਾ), ਸਰਦਾਰੀਆਂ ਟਰੱਸਟ, ਵਿਰਸਾ ਸੰਭਾਲ ਸਰਦਾਰੀ ਲਹਿਰ, ਰੰਗ ਕਰਤਾਰ ਦਿੱਲੀ ਅਤੇ ਸਿੱਖਸ ਫਾਰ ਇਕੁਐਲਿਟੀ ਫਾਊਂਡੇਸ਼ਨ ਨੇ ਸਹਿਯੋਗ ਕੀਤਾ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਗੁਰਦੁਆਰਾ ਸ਼ਹੀਦ ਗੰਜ ਦੇ ਹੈਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਆਦਿ ਹਾਜ਼ਰ ਸਨ।