ਟੌਲ ਪਲਾਜ਼ਿਆਂ ’ਤੇ ਧਰਨਿਆਂ ਕਾਰਨ ਵਸੂਲੀ ਦਾ ਅਮਲ ਰਿਹਾ ਬੰਦ

ਟੌਲ ਪਲਾਜ਼ਿਆਂ ’ਤੇ ਧਰਨਿਆਂ ਕਾਰਨ ਵਸੂਲੀ ਦਾ ਅਮਲ ਰਿਹਾ ਬੰਦ

ਟੌਲ ਪਲਾਜ਼ਿਆਂ ਰਾਹੀਂ ਲੋਕਾਂ ਦੀ ਦੋਹਰੀ ਲੁੱਟ ਨਹੀਂ ਹੋਣ ਦਿਆਂਗੇ: ਕਿਸਾਨ ਆਗੂ

ਚੰਡੀਗੜ੍ਹ-ਪੰਜਾਬ ਵਿਚਲੇ ਰਾਜ ਮਾਰਗਾਂ ਅਤੇ ਕੌਮੀ ਮਾਰਗਾਂ ’ਤੇ ਲੱਗੇ 18 ਟੌਲ ਪਲਾਜ਼ਿਆਂ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਕਾਰਨ ਟੌਲ ਕੰਪਨੀਆਂ ਦੀ ਵਸੂਲੀ ਦਾ ਅਮਲ ਅੱਜ ਵੀ ਬੰਦ ਰਿਹਾ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ 15 ਦਸੰਬਰ ਤੋਂ ਟੌਲ ਪਲਾਜ਼ਿਆਂ ’ਤੇ ਨਾਕੇ ਲਾਏ ਹੋਏ ਹਨ। ਧਰਨਿਆਂ ਨੂੰ ਸੰਬੋਧਨ ਕਰਦਿਆਂ ਅੱਜ ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਲੱਗੇ ਟੌਲ ਪਲਾਜ਼ੇ ਗ਼ੈਰਕਾਨੂੰਨੀ ਹਨ ਕਿਉਂਕਿ ਜਦੋਂ ਕੋਈ ਵਿਅਕਤੀ ਵਾਹਨ ਖਰੀਦਦਾ ਹੈ ਤਾਂ ਉਹ ਪਹਿਲਾਂ ਹੀ ਰੋਡ ਟੈਕਸ ਭਰ ਦਿੰਦਾ ਹੈ, ਇਸ ਲਈ ਟੌਲ ਪਲਾਜ਼ਿਆਂ ਵੱਲੋਂ ਵਾਹਨ ਚਾਲਕਾਂ ਤੋਂ ਸੜਕਾਂ ਦੀ ਮੁਰੰਮਤ ਲਈ ਵਸੂਲਿਆ ਜਾਣ ਵਾਲਾ ਟੌਲ ਉਨ੍ਹਾਂ ਦੀ ਦੋਹਰੀ ਲੁੱਟ ਹੈ। ਉਨ੍ਹਾਂ ਕਿਹਾ ਕਿ ਇਹ ਦੋਹਰੀ ਲੁੱਟ ਹੁਣ ਹੋਰ ਨਹੀਂ ਹੋਣ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਰਾਜ ਅਤੇ ਕੌਮੀ ਮਾਰਗਾਂ ’ਤੇ ਲੱਗੇ ਸਾਰੇ ਟੌਲ ਪਲਾਜ਼ੇ ਪੁੱਟੇ ਜਾਣ। ਉਨ੍ਹਾਂ ਟੌਲ ਪਲਾਜ਼ਿਆਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਭਰੋਸਾ ਦਿਵਾਇਆ ਕਿ ਇਸ ਧਰਨੇ ਦੌਰਾਨ ਪੂਰੇ ਮਹੀਨੇ ਦੀ ਤਨਖ਼ਾਹ ਉਨ੍ਹਾਂ ਨੂੰ ਟੌਲ ਪਲਾਜ਼ਾ ਕੰਪਨੀਆਂ ਤੋਂ ਦਿਵਾਈ ਜਾਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ 18 ਟੌਲ ਪਲਾਜ਼ਿਆਂ ਅੱਗੇ ਚੱਲ ਰਹੇ ਧਰਨੇ ਅੱਜ ਪੰਜਵੇਂ ਦਿਨ ਤੇ ਨੌਂ ਡੀਸੀ ਦਫਤਰਾਂ ਅੱਗੇ ਲੱਗੇ ਧਰਨੇ 24ਵੇਂ ਦਿਨ ਵੀ ਜਾਰੀ ਰਹੇ। ਇਸ ਮੌਕੇ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਅਤੇ ਜ਼ੀਰਾ ਮੋਰਚੇ ਵਿੱਚ ਜਬਰ ਬੰਦ ਨਾ ਕੀਤਾ ਗਿਆ ਤਾਂ ਸੂਬੇ ਭਰ ਵਿੱਚ ਜਾਮ ਲਾ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੋਸ਼ ਲਾਇਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ 50 ਪਿੰਡਾਂ ਦਾ ਪਾਣੀ ਖਰਾਬ ਕਰਨ ਅਤੇ ਹਜ਼ਾਰਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਅੱਗੇ ਪਿਛਲੇ ਲਗਪਗ ਪੰਜ ਮਹੀਨਿਆਂ ਤੋਂ ਪੱਕਾ ਮੋਰਚਾ ਲਾ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਥਾਨਕ ਲੋਕਾਂ ਅਤੇ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਖਦੇੜਨ ਲਈ ਸਰਕਾਰ ਨੇ ਪੁਲੀਸ ਬਲ ਦੀ ਵਰਤੋਂ ਕੀਤੀ ਹੈ, ਜਿਸ ਦੀ ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਇਕ ਵੱਡਾ ਜਥਾ ਕਿਸਾਨ ਆਗੂ ਅਮਨਦੀਪ ਸਿੰਘ ਦੀ ਅਗਵਾਈ ਹੇਠ ਜ਼ੀਰਾ ਮੋਰਚੇ ਦੀ ਹਮਾਹਿਤ ’ਚ ਭੇਜਿਆ ਗਿਆ ਹੈ ਅਤੇ ਹੋਰ ਵੀ ਜਥੇ ਲਗਾਤਾਰ ਉਥੇ ਪੁੱਜ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਲੱਗੇ ਮੋਰਚੇ ਨੂੰ ਹਰ ਹਾਲਤ ਜਾਰੀ ਰੱਖਿਆ ਜਾਵੇਗਾ।