ਲਤੀਫਪੁਰਾ ਉਜਾੜਾ-ਲਤੀਫਪੁਰਾ ਵਿੱਚ ਘਰ ਢਾਹ ਕੇ ਪੰਜਾਬ ਸਰਕਾਰ ਨੇ ਧੱਕਾ ਕੀਤਾ: ਸੋਮ ਪ੍ਰਕਾਸ਼

ਲਤੀਫਪੁਰਾ ਉਜਾੜਾ-ਲਤੀਫਪੁਰਾ ਵਿੱਚ ਘਰ ਢਾਹ ਕੇ ਪੰਜਾਬ ਸਰਕਾਰ ਨੇ ਧੱਕਾ ਕੀਤਾ: ਸੋਮ ਪ੍ਰਕਾਸ਼

ਭਾਜਪਾ ਆਗੂਆਂ ਨੇ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ
ਜਲੰਧਰ-ਲਤੀਫਪੁਰਾ ਵਿੱਚ ਘਰ ਢਾਹ ਕੇ ਉਜਾੜੇ ਗਏ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕੀਤਾ ਬਹੁਤ ਗ਼ਲਤ ਕੀਤਾ ਹੈ। ਲੋਕਾਂ ਨਾਲ ਬਹੁਤ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਪੀੜਤ ਲੋਕਾਂ ਦਾ ਹਾਲ ਜਾਣਨ ਤੇ ਲੋਕਾਂ ਦੇ ਢਾਹੇ ਗਏ ਘਰ ਦੇਖਣ ਆਏ ਹਨ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਲੋਕਾਂ ਦੇ ਘਰ ਢਾਹ ਕੇ ਉਨ੍ਹਾਂ ਦਾ ਨੁਕਸਾਨ ਕੀਤਾ ਹੈ। ਸਰਕਾਰ ਨੂੰ ਕਾਰਵਾਈ ਕਰਨ ਤੋਂ ਪਹਿਲਾਂ ਇਸ ਇਲਾਕੇ ਦੀ ਨਿਸ਼ਾਨਦੇਹੀ ਕਰਵਾ ਲੈਣੀ ਚਾਹੀਦੀ ਸੀ। ਜੇ ਕੋਈ ਇੱਥੋਂ ਜਾਣਾ ਚਾਹੁੰਦਾ ਸੀ ਤਾਂ ਸਰਕਾਰ ਉਸ ਦਾ ਪ੍ਰਬੰਧ ਕਰ ਕੇ ਦਿੰਦੀ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਜਾੜੇ ਹੋਏ ਲੋਕਾਂ ਨੂੰ ਮੁੜ ਇੱਥੇ ਵਸਾਏ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ਨੂੰ ਸੰਜੀਦਗੀ ਨਾਲ ਪੰਜਾਬ ਸਰਕਾਰ ਕੋਲ ਉਠਾਏਗੀ ਤੇ ਸਵਾਲ ਕਰੇਗੀ ਕਿ ਲੋਕਾਂ ਨਾਲ ਇਸ ਤਰ੍ਹਾਂ ਦਾ ਧੱਕਾ ਕਿਉਂ ਹੋਇਆ? ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਮਨੋਰੰਜਨ ਕਾਲੀਆ, ਕੇ.ਡੀ. ਭੰਡਾਰੀ, ਸਾਬਕਾ ਮੇਅਰ ਰਾਕੇਸ਼ ਰਾਠੌਰ ਸਣੇ ਹੋਰ ਆਗੂ ਹਾਜ਼ਰ ਸਨ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ।