ਇਨਕਮ ਟੈਕਸ ਨੇ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਰਿਹਾਇਸ਼ ’ਤੇ ਛਾਪਾ ਮਾਰਿਆ

ਇਨਕਮ ਟੈਕਸ ਨੇ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਰਿਹਾਇਸ਼ ’ਤੇ ਛਾਪਾ ਮਾਰਿਆ

ਚੰਡੀਗੜ੍ਹ – ਇਨਕਮ ਟੈਕਸ (ਆਈਟੀ) ਦੀ ਟੀਮ ਨੇ ਅੱਜ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਮੁਹਾਲੀ ਦੇ ਸੈਕਟਰ 104 ਵਿਚਲੇ ਤਾਜ ਟਾਵਰਜ਼ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ। ਛਾਪੇ ਦੌਰਾਨ ਸੀਆਰਪੀਐੱਫ ਦੇ ਜਵਾਨ ਵੀ ਮੌਜੂਦ ਸਨ। ਕੰਵਰ ਗਰੇਵਾਲ ਤੋਂ ਇਸ ਸਮੇਂ ਪੁੱਛ ਪੜਤਾਲ ਚੱਲ ਰਹੀ ਹੈ। ਸੂਤਰਾਂ ਮੁਤਾਬਕ ਗਾਇਕ ਕੋਲੋਂ ਗੈਂਗਸਟਰਾਂ ਦੇ ਪੰਜਾਬੀ ਸੰਗੀਤ ਇੰਸਡਟਰੀਜ਼ ’ਚ ਦਖ਼ਲ ਅਤੇ ਕੁੱਝ ਗਾਇਕਾਂ ਨਾਲ ਕਥਿਤ ਸਬੰਧਾਂ ਤੇ ਉਨ੍ਹਾਂ ਨੂੰ ਮਿਲਦੀਆਂ ਧਮਕੀਆਂ ਸਬੰਧੀ ਉਨ੍ਹਾਂ ਤੋਂ ਸਵਾਲ ਕੀਤੇ ਗਏ। ਜ਼ਿਕਰਯੋਗ ਹੈ ਕਿ ਕੰਵਰ ਗਰੇਵਾਲ ਉਨ੍ਹਾਂ ਪੰਜਾਬੀ ਗਾਇਕਾਂ ਵਿੱਚੋਂ ਸਨ, ਜਿਨ੍ਹਾਂ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ।
ਇਨਕਮ ਟੈਕਸ ਵਿਭਾਗ ਵੱਲੋਂ ਬਠਿੰਡਾ ਤੋਂ ਲਗਪਗ 20 ਕਿਲੋਮੀਟਰ ਦੂਰ ਮਹਿਮਾ-ਭਗਵਾਨ ਰੋਡ ਨਜ਼ਦੀਕ ਪੈਂਦੇ ਪਿੰਡ ਮਹਿਮਾ ਸਵਾਈ ਵਿੱਚ ਵੀ ਅੱਜ ਸਵੇਰੇ ਅੱਠ ਵਜੇ ਛਾਪਾ ਮਾਰਿਆ ਗਿਆ। ਵਿਭਾਗ ਦੀ ਟੀਮ ਨੇ ਸਵੇਰੇ ਕੰਵਰ ਗਰੇਵਾਲ ਦੇ ਗੁਆਂਢੀਆਂ ਨੂੰ ਉਠਾਇਆ। ਗੁਆਂਢੀਆਂ ਨੇ ਪੰਜਾਬੀ ਗਾਇਕ ਦੇ ਪਿਤਾ ਬੇਅੰਤ ਸਿੰਘ ਗਰੇਵਾਲ ਨਾਲ ਗੱਲ ਕਰਵਾਈ। ਇੰਸਪੈਕਟਰ ਵਿਕਾਸ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਕਮ ਟੈਕਸ ਵਿਭਾਗ ਵੱਲੋਂ ਇਹ ਛਾਪਾ ਮਾਰਿਆ ਗਿਆ ਹੈ। ਇਸ ਟੀਮ ਦੀ ਅਗਵਾਈ ਅਨੁਭਵ ਅਗਨੀਹੋਤਰੀ ਕਰ ਰਹੇ ਹਨ।