ਪੰਜਾਬ ਪ੍ਰਤੀ ਪਰਿਵਾਰ ਖੇਤੀਬਾੜੀ ਔਸਤ ਮਾਸਿਕ ਆਮਦਨ ਵਿੱਚ ਦੂਜੇ ਨੰਬਰ ’ਤੇ: ਤੋਮਰ

ਪੰਜਾਬ ਪ੍ਰਤੀ ਪਰਿਵਾਰ ਖੇਤੀਬਾੜੀ ਔਸਤ ਮਾਸਿਕ ਆਮਦਨ ਵਿੱਚ ਦੂਜੇ ਨੰਬਰ ’ਤੇ: ਤੋਮਰ

ਮੇਘਾਲਿਆ ਪਹਿਲੇ ਅਤੇ ਹਰਿਆਣਾ ਤੀਜੇ ਸਥਾਨ ’ਤੇ
ਚੰਡੀਗੜ੍ਹ- ਪੰਜਾਬ ਪ੍ਰਤੀ ਪਰਿਵਾਰ ਖੇਤੀਬਾੜੀ ਔਸਤ ਮਾਸਿਕ ਆਮਦਨ ਵਿੱਚ ਦੇਸ਼ ਵਿੱਚ ਦੂਜੇ ਨੰਬਰ ’ਤੇ ਹੈ। ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਰਾਜ ਸਭਾ ਵਿੱਚ ਪੇਸ਼ ਅੰਕੜਿਆਂ ਵਿੱਚ ਸਾਹਮਣੇ ਆਈ ਹੈ। ਤੋਮਰ, ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਸਵਾਲ ਦਾ ਜਵਾਬ ਦੇ ਰਹੇ ਸਨ।

ਜਾਣਕਾਰੀ ਅਨੁਸਾਰ, ਪ੍ਰਤੀ ਪਰਿਵਾਰ ਖੇਤੀਬਾੜੀ ਔਸਤ ਮਾਸਿਕ ਆਮਦਨ (29,348 ਰੁਪਏ) ਦੇ ਨਾਲ ਮੇਘਾਲਿਆ ਦੇਸ਼ ਭਰ ਵਿੱਚ ਪਹਿਲੇ ਸਥਾਨ ’ਤੇ ਹੈ। ਪੰਜਾਬ (26,701 ਰੁਪਏ) ਦੂਜੇ , ਹਰਿਆਣਾ (22,841 ਰੁਪਏ) ਤੀਜੇ, ਅਰੁਣਾਚਲ ਪ੍ਰਦੇਸ਼ (19,225 ਰੁਪਏ) ਚੌਥੇ, ਜੰਮੂ-ਕਸ਼ਮੀਰ (18,918 ਰੁਪਏ) ਪੰਜਵੇਂ, ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦਾ ਸਮੂਹ (18,511 ਰੁਪਏ) ਛੇਵੇਂ, ਮਿਜ਼ੋਰਮ (17,964 ਰੁਪਏ) ਸੱਤਵੇਂ, ਕੇਰਲ (19,195 ਰੁਪਏ) ਅੱਠਵੇਂ ਸਥਾਨ ’ਤੇ ਹੈ। ਇਸ ਤੋਂ ਬਾਅਦ ਉੱਤਰ-ਪੂਰਬੀ ਰਾਜਾਂ ਦਾ ਸਮੂਹ (16,863 ਰੁਪਏ), ਉੱਤਰਾਖੰਡ (13,552 ਰੁਪਏ), ਕਰਨਾਟਕ (13,441 ਰੁਪਏ), ਗੁਜਰਾਤ (12,631 ਰੁਪਏ), ਰਾਜਸਥਾਨ (12,520 ਰੁਪਏ), ਸਿੱਕਮ (12,447 ਰੁਪਏ) ਅਤੇ ਹਿਮਾਚਲ ਪ੍ਰਦੇਸ਼ (ਰੁਪਏ 12,447) ਆਉਂਦੇ ਹਨ।

ਖੇਤੀਬਾੜੀ ਮੰਤਰੀ ਦੇ ਜਵਾਬ ਵਿੱਚ ਅਰੋੜਾ ਨੇ ਪੱਤਰਕਾਰਾਂ ਨੂੰ ਦੱਸਿਆ, ‘‘ ਜੇਕਰ ਅਸੀਂ ਰਾਜਾਂ ਨੂੰ ਨਕਦੀ ਫਸਲਾਂ ’ਤੇ ਸਭ ਤੋਂ ਵੱਧ ਨਿਰਭਰ ਮੰਨਦੇ ਹਾਂ ਤਾਂ , ਬਾਗਬਾਨੀ ਅਤੇ ਫਲਾਂ ਵਿੱਚ ਵੱਡੇ ਹਿੱਸੇ ਨਾਲ ਮੇਘਾਲਿਆ ਨਾਲ ਪੰਜਾਬ ਪਹਿਲੇ ਸਥਾਨ ’ਤੇ ਹੈ। ’’ ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾ ਕੇ ਬਾਗਬਾਨੀ ਅਤੇ ਫਲਾਂ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ। ਪੰਜਾਬ ਵਿੱਚ ਪੈਦਾ ਹੋਣ ਵਾਲੀਆਂ ਪ੍ਰਮੁੱਖ ਫਸਲਾਂ ਵਿੱਚ ਚਾਵਲ, ਕਣਕ, ਮੱਕੀ, ਬਾਜਰਾ, ਗੰਨਾ, ਤੇਲ ਬੀਜ ਅਤੇ ਕਪਾਹ ਸ਼ਾਮਲ ਹਨ, ਪਰ ਕੁੱਲ ਖੇਤੀਯੋਗ ਜ਼ਮੀਨ ਦੇ 80 ਫੀਸਦੀ ਹਿੱਸੇ ਵਿੱਚ ਚੌਲ ਅਤੇ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ।ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੀ ਕਿਸਾਨੀ ਦੀ ਹਾਲਤ ਸੁਧਾਰਨ ਲਈ ਪੂਰੀ ਵਾਹ ਲਾ ਰਹੇ ਹਨ। ਇੱਕ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਅਕਤੂਬਰ ਵਿੱਚ ਮੁੱਖ ਮੰਤਰੀ ਨੇ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਖੇਤੀ ਮੰਤਰੀ ਤੋਮਰ ਨੇ ਬੀਤੇ ਦਿਨ ਰਾਜ ਸਭਾ ’ਚ ਕਿਹਾ ਸੀ ਕਿ ਗ੍ਰਹਿ ਮੰਤਰਾਲਾ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਇੱਕ ਸਾਲ ਚੱਲੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਖ਼ਿਲਾਫ਼ ਦਰਜ ਕੀਤੇ 86 ਕੇਸ ਰੱਦ ਕਰਨ ਲਈ ਤਿਆਰ ਹੈ।