ਪਹਿਲਾ ਟੈਸਟ: ਦੂਜੀ ਪਾਰੀ ਵਿੱਚ ਗਿੱਲ ਤੇ ਪੁਜਾਰਾ ਦੇ ਸੈਂਕੜੇ

ਪਹਿਲਾ ਟੈਸਟ: ਦੂਜੀ ਪਾਰੀ ਵਿੱਚ ਗਿੱਲ ਤੇ ਪੁਜਾਰਾ ਦੇ ਸੈਂਕੜੇ

ਭਾਰਤ ਨੇ ਬੰਗਲਾਦੇਸ਼ ਅੱਗੇ ਜਿੱਤ ਲਈ 513 ਦੌੜਾਂ ਦਾ ਟੀਚਾ ਰੱਖਿਆ
ਚੱਟੋਗ੍ਰਾਮ – ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ 110 ਦੌੜਾਂ ਨਾਲ ਪਹਿਲੇ ਟੈਸਟ ਸੈਂਕੜੇ ਅਤੇ ਚੇਤੇਸ਼ਵਰ ਪੁਜਾਰਾ ਦੀਆਂ ਨਾਬਾਦ 102 ਦੌੜਾਂ ਦੇ 19ਵੇਂ ਸੈਂਕੜੇ ਦੀ ਬਦੌਲਤ ਭਾਰਤ ਨੇ ਸ਼ੁੱਕਰਵਾਰ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਬੰਗਲਾਦੇਸ਼ ਅੱਗੇ ਜਿੱਤ ਲਈ 513 ਦੌੜਾਂ ਦਾ ਟੀਚਾ ਰੱਖਿਆ। ਬੰਗਲਾਦੇਸ਼ ਨੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਵਿਕਟ ਗਵਾਏ ਬਿਨਾਂ 42 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਕੁਲਦੀਪ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 40 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਬੰਗਲਾਦੇਸ਼ ਦੀ ਟੀਮ ਸਵੇਰੇ ਪਹਿਲੀ ਪਾਰੀ ਵਿੱਚ 55.5 ਓਵਰ ਖੇਡ ਕੇ 150 ਦੌੜਾਂ ’ਤੇ ਆਊਟ ਹੋ ਗਈ ਸੀ। ਭਾਰਤੀ ਕਪਤਾਨ ਕੇ.ਐੱਲ. ਰਾਹੁਲ ਨੇ ਹਾਲਾਂਕਿ 254 ਦੌੜਾਂ ਦੇ ਵਾਧੇ ਦੇ ਬਾਵਜੂਦ ਫਾਲੋਆਨ ਨਾ ਦੇਣ ਦਾ ਫ਼ੈਸਲਾ ਕੀਤਾ। ਦਿਨ ਦੀ ਖੇਡ ਖ਼ਤਮ ਹੋਣ ਤੱਕ ਨਜਮੁਲ ਹੁਸੈਨ ਸ਼ਾਂਟੋ 25 ਅਤੇ ਜ਼ਾਕਿਰ ਹੁਸੈਨ 17 ਦੌੜਾਂ ਬਣਾ ਕੇ ਕਰੀਜ ’ਤੇ ਮੌਜੂਦ ਸੀ। ਬੰਗਲਾਦੇਸ਼ ਦੀ ਟੀਮ ਅਜੇ ਵੀ 471 ਦੌੜਾਂ ਨਾਲ ਪਿੱਛੇ ਹੈ। ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ 10 ਚੌਕਿਆਂ ਤੇ ਤਿੰਨ ਛੱਕਿਆਂ ਨਾਲ ਬੰਗਲਾਦੇਸ਼ ਖ਼ਿਲਾਫ਼ ਦੌੜਾਂ ਬਣਾਈਆਂ। ਪੁਜਾਰਾ ਨੇ ਵੀ ਆਪਣਾ ਸਭ ਤੋਂ ਤੇਜ਼ ਟੈਸਟ ਸੈਂਕੜਾ ਜੜਿਆ। ਇਸ ਦੇ ਤੁਰੰਤ ਬਾਅਦ ਹੀ ਕਪਤਾਨ ਰਾਹੁਲ ਨੇ ਦੂਜੀ ਪਾਰੀ ਦੋ ਵਿਕਟਾਂ ’ਤੇ 258 ਦੌੜਾਂ ਨਾਲ ਐਲਾਨ ਦਿੱਤੀ। ਗਿੱਲ ਮੇਹਦੀ ਹਸਨ ਮਿਰਾਜ ਦੀ ਗੇਂਦ ਨੂੰ ਉੱਚਾ ਖੇਡਣ ਦੀ ਕੋਸ਼ਿਸ਼ ਦੌਰਾਨ ਆਊਟ ਹੋ ਗਿਆ। ਪੁਜਾਰਾ ਅਤੇ ਗਿੱਲ ਦੀ ਜੁਗਲਬੰਦੀ ਨੇ 113 ਦੌੜਾਂ ਬਣਾਈਆਂ। ਬਾਅਦ ਵਿੱਚ ਪੁਜਾਰਾ ਨੇ 13 ਚੌਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਵਿਰਾਟ ਕੋਹਲੀ ਨੇ ਨਾਬਾਦ 19 ਦੌੜਾਂ ਬਣਾਈਆਂ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ 13 ਓਵਰਾਂ ਵਿੱਚ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।