ਆਸ਼ੂ ਦੇ ਪੀਏ ਵੱਲੋਂ ਵਿਜੀਲੈਂਸ ਅੱਗੇ ਆਤਮ-ਸਮਰਪਣ

ਆਸ਼ੂ ਦੇ ਪੀਏ ਵੱਲੋਂ ਵਿਜੀਲੈਂਸ ਅੱਗੇ ਆਤਮ-ਸਮਰਪਣ

ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲਾ
ਲੁਧਿਆਣਾ- ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ’ਚ ਕਰੀਬ ਚਾਰ ਮਹੀਨਿਆਂ ਤੋਂ ਫ਼ਰਾਰ ਚੱਲ ਰਹੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਨੇ ਅੱਜ ਵਿਜੀਲੈਂਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਉਹ ਸ਼ੁੱਕਰਵਾਰ ਸਵੇਰੇ ਆਪਣੇ ਸਾਥੀਆਂ ਨਾਲ ਵਿਜੀਲੈਂਸ ਦਫ਼ਤਰ ਪੁੱਜਿਆ ਜਿਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਚਾਰ ਮਹੀਨਿਆਂ ਤੋਂ ਮੀਨੂੰ ਪੰਕਜ ਮਲਹੋਤਰਾ ਦਾ ਪਤਾ ਲਾਉਣ ਲਈ ਵਿਜੀਲੈਂਸ ਟੀਮ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਸਨ। ਦੱਸਿਆ ਜਾਂਦਾ ਹੈ ਕਿ ਆਤਮ-ਸਮਰਪਣ ਕਰਨ ਤੋਂ ਇੱਕ ਦਿਨ ਪਹਿਲਾਂ ਹੀ ਮੀਨੂੰ ਪੰਕਜ ਮਲਹੋਤਰਾ ਸ਼ਹਿਰ ’ਚ ਆ ਗਿਆ ਸੀ। ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਨੂੰ ਨੂੰ 23 ਦਸੰਬਰ ਨੂੰ ਅਦਾਲਤ ਵੱਲੋਂ ਭਗੌੜਾ ਐਲਾਨਿਆ ਜਾਣਾ ਸੀ। ਇਸੇ ਦਬਾਅ ਕਾਰਨ ਉਸ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਮੀਨੂੰ ਪੰਕਜ ਮਲਹੋਤਰਾ ਦੇ ਆਤਮ-ਸਮਰਪਣ ਕਰਨ ਤੋਂ ਬਾਅਦ ਇਸ ਮਾਮਲੇ ’ਚ ਕਈ ਵੱਡੇ ਖੁਲਾਸੇ ਹੋ ਸਕਦੇ ਹਨ। ਉਹ ਇਸ ਕੇਸ ਦਾ ਮੁੱਖ ਸੂਤਰਧਾਰ ਦੱਸਿਆ ਜਾਂਦਾ ਹੈ। ਵਿਜੀਲੈਂਸ ਜਾਂਚ ਅਨੁਸਾਰ ਆਸ਼ੂ ਦੇ ਪੀਏ ਦੀ ਇਸ ਘੁਟਾਲੇ ’ਚ ਸਭ ਤੋਂ ਅਹਿਮ ਭੂਮਿਕਾ ਰਹੀ ਹੈ।

ਦਾਣਾ ਮੰਡੀ ਟਰਾਂਸਪੋਰਟੇਸ਼ਨ ਘੁਟਾਲੇ ’ਚ ਵਿਜੀਲੈਂਸ ਵੱਲੋਂ 16 ਅਗਸਤ ਨੂੰ ਕੇਸ ਦਰਜ ਕਰਨ ਤੋਂ ਬਾਅਦ ਠੇਕੇਦਾਰ ਤੇਲੂ ਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਗਰੋਂ ਵਿਜੀਲੈਂਸ ਨੇ ਮੀਨੂੰ ਪੰਕਜ ਮਲਹੋਤਰਾ ਨੂੰ ਨਾਮਜ਼ਦ ਕੀਤਾ ਸੀ। ਮਾਮਲਾ ਦਰਜ ਹੋਣ ’ਤੇ ਉਹ ਘਰੋਂ ਫ਼ਰਾਰ ਹੋ ਗਿਆ ਸੀ। ਸਾਬਕਾ ਮੰਤਰੀ ਆਸ਼ੂ ਨੂੰ ਵੀ ਇਸੇ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਜਾ ਚੁੱਕਿਆ ਹੈ।

‘ਆਪ’ ਆਗੂਆਂ ਰਾਹੀਂ ਕੀਤਾ ਆਤਮ-ਸਮਰਪਣ

ਮੀਨੂੰ ਪੰਕਜ ਮਲਹੋਤਰਾ ਦੇ ਆਤਮ-ਸਮਰਪਣ ਕਰਨ ਸਮੇਂ ਕੋਈ ਕਾਂਗਰਸੀ ਤਾਂ ਨਜ਼ਰ ਨਹੀਂ ਆਇਆ ਪਰ ਸੂਤਰਾਂ ਮੁਤਾਬਕ ਉਸ ਦੇ ਆਤਮ-ਸਮਰਪਣ ’ਚ ‘ਆਪ’ ਆਗੂਆਂ ਨੇ ਮੁੱਖ ਭੂਮਿਕਾ ਨਿਭਾਈ ਹੈ। ਮੀਨੂੰ ਪੰਕਜ ਮਲਹੋਤਰਾ ਦੇ ਵਿਜੀਲੈਂਸ ਦਫ਼ਤਰ ਪੁੱਜਣ ਸਮੇਂ ਕਪਿਲ ਕੁਮਾਰ ਸੋਨੂੰ ਅਤੇ ‘ਆਪ’ ਦੇ ਕੁਝ ਹੋਰ ਆਗੂ ਉਥੇ ਮੌਜੂਦ ਸਨ। ਸੂਤਰ ਇਹ ਵੀ ਦੱਸਦੇ ਹਨ ਕਿ ਮੀਨੂੰ ਪੰਕਜ ਮਲਹੋਤਰਾ ਨੂੰ ਆਤਮ-ਸਮਰਪਣ ਕਰਵਾਉਣ ’ਚ ‘ਆਪ’ ਦੇ ਇੱਕ ਵਿਧਾਇਕ ਨੇ ਵੀ ਕਾਫ਼ੀ ਮਦਦ ਕੀਤੀ ਹੈ।

ਵਿਜੀਲੈਂਸ ਵੱਲੋਂ ਸਵਾਲਾਂ ਦੀ ਸੂਚੀ ਤਿਆਰ

ਸੂਤਰਾਂ ਮੁਤਾਬਕ ਵਿਜੀਲੈਂਸ ਦੀ ਟੀਮ ਜਦੋਂ ਇਸ ਮਾਮਲੇ ’ਚ ਸਾਬਕਾ ਮੰਤਰੀ ਆਸ਼ੂ ਤੋਂ ਪੁੱਛਗਿੱਛ ਕਰ ਰਹੀ ਸੀ ਤਾਂ ਉਨ੍ਹਾਂ ਕਈ ਅਜਿਹੇ ਸਵਾਲਾਂ ਦੇ ਜਵਾਬ ਸਿਰਫ਼ ਮੀਨੂੰ ਪੰਕਜ ਮਲਹੋਤਰਾ ਨੂੰ ਪਤਾ ਹੋਣ ਦਾ ਦਾਅਵਾ ਕੀਤਾ ਸੀ। ਹੁਣ ਵਿਜੀਲੈਂਸ ਨੇ ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਮੀਨੂੰ ਪੰਕਜ ਮਲਹੋਤਰਾ ਤੋਂ ਪੁੱਛੇ ਜਾਣਗੇ। ਇਹ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਉਹ ਚਾਰ ਮਹੀਨਿਆਂ ਤੱਕ ਕਿੱਥੇ ਰਿਹਾ।