ਫਰਾਂਸ ਤੇ ਅਰਜਨਟੀਨਾ ਵਿਚਾਲੇ ਹੋਵੇਗਾ ਖ਼ਿਤਾਬੀ ਭੇੜ

ਫਰਾਂਸ ਤੇ ਅਰਜਨਟੀਨਾ ਵਿਚਾਲੇ ਹੋਵੇਗਾ ਖ਼ਿਤਾਬੀ ਭੇੜ

ਮੋਰੱਕੋ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਫਰਾਂਸ; ਦੋਵੇਂ ਟੀਮਾਂ ਤੀਜੀ ਵਾਰ ਚੈਂਪੀਅਨ ਬਣਨ ਲਈ ਕਰਨਗੀਆਂ ਜ਼ੋਰ-ਅਜ਼ਮਾਈ
ਅਲ ਖੋਰ (ਕਤਰ) – ਫੀਫਾ ਵਿਸ਼ਵ ਕੱਪ ਖ਼ਿਤਾਬੀ ਮੁਕਾਬਲਾ ਫਰਾਂਸ ਅਤੇ ਅਰਜਨਟੀਨਾ ਵਿਚਾਲੇ ਖੇਡਿਆ ਜਵੇਗਾ। ਫਰਾਂਸ ਵੀਰਵਾਰ ਵੱਡੇ ਤੜਕੇ (12.30 ਵਜੇ) ਖੇਡੇ ਗਏ ਸੈਮੀਫਾਈਨਲ ਵਿੱਚ ਮੋਰੱਕੋ ਨੂੰ ਹਰਾ ਕੇ ਫਾਈਨਲ ’ਚ ਪਹੁੰਚਿਆ ਹੈ।

ਕਤਰ ਦੇ ਅਲ ਬਾਯਤ ਸਟੇਡੀਅਮ ਵਿੱਚ ਫਰਾਂਸ ਦੀ ਟੀਮ ਨੇ ਆਪਣੇ ਦੇਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੀ ਮੌਜੂਦਗੀ ਵਿੱਚ ਖੇਡੇ ਗਏ ਸੈਮੀਫਾਈਨਲ ਵਿੱਚ ਅਰਬ ਅਫ਼ਰੀਕੀ ਮੁਲਕ ਮੋਰੱਕੋ ਦੀ ਟੀਮ ਨੂੰ 2-0 ਨਾਲ ਹਰਾਇਆ। ਫਰਾਂਸ ਵੱਲੋਂ ਥਿਓ ਹਰਨਾਂਡੇਜ਼ ਨੇ 5ਵੇਂ ਮਿੰਟ ਵਿੱਚ ਅਤੇ ਬਦਲਵੇਂ ਖਿਡਾਰੀ ਵਜੋਂ ਮੈਦਾਨ ’ਚ ਉੱਤਰੇ ਰਾਂਡਲ ਕੋਲੋ ਮੁਆਨੀ ਨੇ 79ਵੇਂ ਮਿੰਟ ਵਿੱਚ ਗੋਲ ਦਾਗੇ। ਵਿਸ਼ਵ ਕੱਪ ਸੈਮਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਰਬ ਅਫਰੀਕੀ ਟੀਮ ਮੋਰੱਕੋ ਨੂੰ ਫਰਾਂਸ ਵਿਰੁੱਧ ਮੈਚ ਦੌਰਾਨ ਪੂਰਾ ਪਸੀਨਾ ਵਹਾਉਣਾ ਪਿਆ ਪਰ ਉਸ ਦੇ ਖਿਡਾਰੀ ਮੌਜੂਦਾ ਆਲਮੀ ਚੈਂਪੀਅਨ ਟੀਮ ਖ਼ਿਲਾਫ਼ ਗੋਲ ਕਰਨ ’ਚ ਅਸਫਲ ਰਹੇ। ਹਾਲਾਂਕਿ ਨਾਕਆਊਟ ਮੈਚਾਂ ਦੌਰਾਨ ਮੋਰੱਕੋ ਨੇ ਸਪੇਨ ਅਤੇ ਪੁਰਤਗਾਲ ਨੂੰ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਸੀ।

ਦੂਜੇ ਪਾਸੇ ਫਰਾਂਸ ਤੇ ਅਰਜਨਟੀਨਾ ਵਿਚਾਲੇ ਫਾਈਨਲ ਮੈਚ ਨੂੰ ‘ਮਬਾਪੇ ਬਨਾਮ ਮੈਸੀ’ ਮੁਕਾਬਲੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਕਿਲੀਅਨ ਮਬਾਪੇ 2018 ਵਿੱਚ ਰੂਸ ਵਿੱਚ ਹੋਏ ਵਿਸ਼ਵ ਕੱਪ ਵਿੱਚ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਉਣ ਮਗਰੋਂ ਵਿਸ਼ਵ ਪੱਧਰ ’ਤੇ ਸੁਰਖੀਆਂ ਵਿੱਚ ਆਇਆ ਸੀ। ਫਰਾਂਸ ਦਾ ਮਬਾਪੇ ਅਤੇ ਅਰਜਨਟੀਨਾ ਦਾ ਲਿਓਨਲ ਮੈਸੀ ਇਸ ਵਿਸ਼ਵ ਕੱਪ ’ਚ ਹੁਣ ਤੱਕ ਪੰਜ-ਪੰਜ ਗੋਲ ਕਰ ਚੁੱਕੇ ਹਨ। ਇਸੇ ਦੌਰਾਨ ਫਰਾਂਸ ਦੀ ਨਜ਼ਰ ਫਾਈਨਲ ਵਿੱਚ ਜਿੱਤ ਹਾਸਲ ਕਰਕੇ ਬਰਾਜ਼ੀਲ ਤੋਂ ਬਾਅਦ ਲਗਾਤਾਰ ਦੋ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣਨ ’ਤੇ ਹੋਵੇਗੀ ਜਿਸ ਨੇ 1962 ਵਿੱਚ ਇਹ ਪ੍ਰਾਪਤੀ ਕੀਤੀ ਸੀ। ਜਦਕਿ ਅਰਜਨਟੀਨਾ ਦੀ ਟੀਮ ਵੀ ਤੀਜੀ ਵਾਰ ਵਿਸ਼ਵ ਕੱਪ ਖ਼ਿਤਾਬ ਹਾਸਲ ਕਰਨ ਲਈ ਜ਼ੋਰ ਅਜ਼ਮਾਈ ਕਰੇਗੀ ਜੋ ਉਸ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਦਾ ਆਖਰੀ ਵਿਸ਼ਵ ਕੱਪ ਹੈ। ਦੋਵੇਂ ਟੀਮਾਂ ਹੁਣ ਤੱਕ ਦੋ-ਦੋ ਵਾਰ ਵਿਸ਼ਵ ਕੱਪ ਜਿੱਤ ਚੁੱਕੀਆਂ ਹਨ ਤੇ ਤੀਜੀ ਵਾਰ ਖ਼ਿਤਾਬ ਹਾਸਲ ਕਰਨ ਲਈ ਇੱਕ ਦੂਜੇ ਨੂੰ ਫਸਵੀਂ ਟੱਕਰ ਦੇਣ ਦੀ ਕੋਸ਼ਿਸ਼ ਕਰਨਗੀਆਂ। ਫਰਾਂਸ ਦੇ ਗੋਲਕੀਪਰ ਹਿਊਗੋ ਲਲੋਰਿਸ ਨੇ ਕਿਹਾ, ‘‘ਸਾਨੂੰ ਬਹੁਤ ਮੁਕਾਬਲੇਬਾਜ਼ ਟੀਮ ਜਿਸ ਵਿੱਚ ਦਿੱਗਜ਼ ਖਿਡਾਰੀ ਮੈਸੀ ਸ਼ਾਮਲ ਹੈ, ਦਾ ਸਾਹਮਣਾ ਕਰਨ ਲਈ ਆਪਣੀ ਪੂਰੀ ਤਾਕਤ ਅਤੇ ਜੋਸ਼ ਨੂੰ ਝੋਕਣਾ ਪਵੇਗਾ।’’

ਅਸੀਂ ਮੋਰੱਕੋ ਵਾਸੀਆਂ ਦੀਆਂ ਆਸਾਂ ’ਤੇ ਖਰੇ ਨਹੀਂ ਉੱਤਰੇ: ਰੈਗਰਾਗੂਈ

ਮੋਰੱਕੋ ਦੀ ਫੁਟਬਾਲ ਟੀਮ ਦੇ ਕੋਚ ਵਾਲਿਡ ਰੈਗਰਾਗੂਈ ਨੇ ਕਿਹਾ, ‘ਅਸੀਂ ਮਰੋੱਕੋ ਦੇ ਲੋਕਾਂ ਲਈ ਨਿਰਾਸ਼ ਹਾਂ ਕਿ ਅਸੀਂ ਉਨ੍ਹਾਂ ਦੇ ਆਸਾਂ ’ਤੇ ਖਰੇ ਨਹੀਂ ਉੱਤਰ ਸਕੇ। ਅਸੀਂ ਫਾਈਨਲ ’ਚ ਪਹੁੰਚ ਕੇ ਉਨ੍ਹਾਂ ਦਾ ਸੁਫ਼ਨਾ ਜਿੰਦਾ ਰੱਖਣਾ ਚਾਹੁੰਦੇ ਸੀ।’’ ਸੈਮੀਫਾਈਨਲ ਵਿੱਚ ਫਰਾਂਸ ਕੋਲੋਂ 2-0 ਨਾਲ ਹਾਰ ਮਗਰੋਂ ਕੋਚ ਨੇ ਕਿਹਾ, ‘‘ਸਾਨੂੰ ਲੱਗਦਾ ਸੀ ਕਿ ਅਸੀਂ ਫਾਈਨਲ ’ਚ ਪਹੁੰਚ ਸਕਦੇ ਹਾਂ ਪਰ ਫਿਰ ਵੀ ਅਸੀਂ ਮੋਰੱਕੋ ਅਤੇ ਅਫਰੀਕੀ ਫੁਟਬਾਲ ਦੀ ਚੰਗੀ ਸਾਖ ਬਣਾਈ ਹੈ। ਇਹੋ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ।’’