ਮੈਨੂੰ ਸਿਆਸੀ ਤੌਰ ’ਤੇ ਕੋਈ ਵੀ ਖ਼ਤਮ ਨਹੀਂ ਕਰ ਸਕਦੈ: ਯੇਦੀਯੁਰੱਪਾ

ਮੈਨੂੰ ਸਿਆਸੀ ਤੌਰ ’ਤੇ ਕੋਈ ਵੀ ਖ਼ਤਮ ਨਹੀਂ ਕਰ ਸਕਦੈ: ਯੇਦੀਯੁਰੱਪਾ

ਮੁੱਖ ਮੰਤਰੀ ਬੋਮਈ ਨੇ ਯੇਦੀਯੁਰੱਪਾ ਨਾਲ ਮੱਤਭੇਦ ਹੋਣ ਤੋਂ ਕੀਤਾ ਇਨਕਾਰ
ਬੰਗਲੂਰੂ/ਕੋਪਾਲ-ਭਾਜਪਾ ਦੇ ਕਰਨਾਟਕ ’ਚ ਸੀਨੀਅਰ ਆਗੂ ਬੀ ਐੱਸ ਯੇਦੀਯੁਰੱਪਾ ਨੇ ਪਾਰਟੀ ਵੱਲੋਂ ਉਨ੍ਹਾਂ ਨੂੰ ਖੁੱਡੇ ਲਗਾਉਣ ਦੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ। ਯੇਦੀਯੁਰੱਪਾ ਨੇ ਕਿਹਾ ਕਿ ਕੋਈ ਵੀ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਖ਼ਤਮ ਨਹੀਂ ਕਰ ਸਕਦਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਸੱਤਾ ’ਚ ਲਿਆਉਣ ਲਈ ਉਨ੍ਹਾਂ ਸਖ਼ਤ ਮਿਹਨਤ ਕੀਤੀ ਹੈ। ਉਧਰ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਯੇਦੀਯੁਰੱਪਾ ਨਾਲ ਮੱਤਭੇਦ ਹੋਣ ਦੀਆਂ ਰਿਪੋਰਟਾਂ ਨੂੰ ਬਕਵਾਸ ਕਰਾਰ ਦਿੱਤਾ ਹੈ। ਕੋਪਾਲ ਲਈ ਰਵਾਨਾ ਹੋਣ ਤੋਂ ਪਹਿਲਾਂ ਯੇਦੀਯੁਰੱਪਾ ਨੇ ਬੰਗਲੂਰੂ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਇਸ ਬਿਆਨ ’ਚ ਕੋਈ ਸਚਾਈ ਨਹੀਂ ਹੈ ਕਿ ਮੈਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਮੈਂ ਸਾਰੇ ਪ੍ਰੋਗਰਾਮਾਂ ’ਚ ਹਾਜ਼ਰੀ ਭਰ ਰਿਹਾ ਹਾਂ।’’ ਕੋਪਾਲ ’ਚ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਦੀ ਹਾਜ਼ਰੀ ’ਚ ਪ੍ਰੋਗਰਾਮ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਯੇਦੀਯੁਰੱਪਾ ਨੇ ਪਹਿਲਾਂ ਇਸ ਸਮਾਗਮ ਤੋਂ ਦੂਰੀ ਬਣਾ ਕੇ ਰੱਖਣ ਦਾ ਫ਼ੈਸਲਾ ਲਿਆ ਸੀ ਪਰ ਵੀਰਵਾਰ ਸਵੇਰੇ ਉਹ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਰਾਜ਼ੀ ਹੋ ਗਏ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਪ੍ਰੋਗਰਾਮ ਲਈ ਆਖਰੀ ਮਿੰਟਾਂ ’ਚ ਸੱਦਾ ਮਿਲਣ ਕਾਰਨ ਉਹ ਉਸ ’ਚ ਸ਼ਮੂਲੀਅਤ ਕਰਨ ਦੇ ਇੱਛੁਕ ਨਹੀਂ ਸਨ ਤਾਂ ਯੇਦੀਯੁਰੱਪਾ ਨੇ ਕਿਹਾ ਕਿ ਇਸ ’ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਭਾਜਪਾ ਕਰਨਾਟਕ ’ਚ 140 ਸੀਟਾਂ ਜਿੱਤ ਕੇ ਮੁੜ ਸੱਤਾ ’ਚ ਆਵੇਗੀ। ਉਨ੍ਹਾਂ ਦੁਬਾਰਾ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਨੂੰ ਵੀ ਖਾਰਜ ਕਰ ਦਿੱਤਾ। ਆਪਣੇ ਪੁੱਤਰ ਬੀ ਵਾਈ ਵਿਜਯੇਂਦਰ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਮੈਦਾਨ ’ਚ ਉਤਾਰਨ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਜਿਥੋਂ ਚਾਹੇਗੀ, ਉਹ ਚੋਣ ਲੜਨ ਲਈ ਤਿਆਰ ਰਹੇਗਾ।