ਚੀਨ ਨਾਲ ਤਣਾਅ ਮਗਰੋਂ ਹਵਾਈ ਸੈਨਾ ਵੱਲੋਂ ਉੱਤਰ-ਪੂਰਬ ’ਚ ਜੰਗੀ ਅਭਿਆਸ ਸ਼ੁਰੂ

ਚੀਨ ਨਾਲ ਤਣਾਅ ਮਗਰੋਂ ਹਵਾਈ ਸੈਨਾ ਵੱਲੋਂ ਉੱਤਰ-ਪੂਰਬ ’ਚ ਜੰਗੀ ਅਭਿਆਸ ਸ਼ੁਰੂ

ਜੰਗੀ ਮਸ਼ਕ ਵਿੱਚ ਲੜਾਕੂ ਜਹਾਜ਼ ਰਾਫੇਲ ਵੀ ਸ਼ਾਮਲ
ਨਵੀਂ ਦਿੱਲੀ-ਭਾਰਤੀ ਹਵਾਈ ਸੈਨਾ ਨੇ ਆਪਣੇ ਜੰਗੀ ਜਹਾਜ਼ਾਂ ਦੀ ਜੰਗ ਸਬੰਧੀ ਤਿਆਰੀ ਦਾ ਜਾਇਜ਼ਾ ਲੈਣ ਲਈ ਅੱਜ ਤੋਂ ਉੱਤਰ-ਪੂਰਬ ਵਿੱਚ ਇਕ ਦੋ ਰੋਜ਼ਾ ਏਕੀਕ੍ਰਿਤ ਸਿਖਲਾਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਹ ਅਭਿਆਸ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਖੇਤਰ ਵਿੱਚ 9 ਦਸੰਬਰ ਨੂੰ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਸੀ। ਜੰਗੀ ਮਸ਼ਕ ’ਚ ਲੜਾਕੂ ਜਹਾਜ਼ ਰਾਫੇਲ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ’ਤੇ ਚੀਨ ਵੱਲੋਂ ਹਵਾਈ ਸੀਮਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਸੂਤਰਾਂ ਅਨੁਸਾਰ, ‘‘ਭਾਰਤੀ ਹਵਾਈ ਸੈਨਾ ਵੱਲੋਂ ਇਸ ਹਫਤੇ ਪੂਰਬੀ ਖੇਤਰ ਵਿੱਚ ਇਕ ਏਕੀਕ੍ਰਿਤ ਸਿਖਲਾਈ ਅਭਿਆਸ ਕੀਤਾ ਜਾ ਰਿਹਾ ਹੈ ਜਿੱਥੇ ਜਹਾਜ਼ਾਂ ਦੀ ਜੰਗੀ ਤਿਆਰੀ ਨੂੰ ਦੇਖਿਆ ਜਾਵੇਗਾ।’’ਸੂਤਰਾਂ ਦਾ ਕਹਿਣਾ ਹੈ, ‘‘ਪਿਛਲੇ ਕੁਝ ਹਫਤਿਆਂ ਵਿੱਚ ਅਸਲ ਕੰਟਰੋਲ ਰੇਖਾ ’ਤੇ ਦੋ ਤੋਂ ਤਿੰਨ ਮੌਕਿਆਂ ’ਤੇ ਸਾਡੇ ਟਿਕਾਣਿਆਂ ਵੱਲ ਵਧ ਰਹੇ ਚੀਨੀ ਡਰੋਨਾਂ ਨੂੰ ਤਹਿਸ-ਨਹਿਸ ਕਰਨ ਲਈ ਜਾਂ ਰੋਕਣ ਲਈ ਸਾਡੇ ਜੰਗੀ ਜਹਾਜ਼ਾਂ ਦਾ ਇਸਤੇਮਾਲ ਕੀਤਾ ਗਿਆ। ਹਵਾਈ ਸੀਮਾ ਦੀ ਉਲੰਘਣਾ ਰੋਕਣ ਲਈ ਸੂ-30ਐੱਮਕੇਆਈ ਜਹਾਜ਼ਾਂ ਦਾ ਇਸਤੇਮਾਲ ਕੀਤਾ ਗਿਆ।’’

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿੱਚ ਕਿਹਾ ਕਿ ਤਵਾਂਗ ਖੇਤਰ ਵਿੱਚ ਯੈਂਗਸੇ ਖੇਤਰ ’ਚ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਚੀਨੀ ਸੈਨਿਕਾਂ ਨੂੰ ਭਾਰਤੀ ਫੌਜੀਆਂ ਨੇ ਸਖਤ ਟੱਕਰ ਦਿੱਤੀ।’’ ਉਨ੍ਹਾਂ ਕਿਹਾ, ‘‘ਭਾਰਤੀ ਫੌਜ ਨੇ ਚੀਨੀ ਫੌਜ ਨੂੰ ਆਪਣੀ ਧਰਤੀ ’ਤੇ ਦਾਖਲ ਹੋਣ ਤੋਂ ਬਹਾਦਰੀ ਨਾਲ ਰੋਕਿਆ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੀਆਂ ਚੌਕੀਆਂ ’ਚ ਪਰਤਣ ਲਈ ਮਜਬੂਰ ਕਰ ਦਿੱਤਾ।’’ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਏਐੱਨਆਈ ਨੂੰ ਦੱਸਿਆ ਕਿ ਯੈਂਗਸੇ ਖੇਤਰ ’ਚ ਹੋਏ ਟਕਰਾਅ ਤੋਂ ਪਹਿਲਾਂ ਵੀ ਚੀਨੀ ਡਰੋਨ ਬੜੀ ਤੇਜ਼ੀ ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ ’ਤੇ ਸਥਿਤ ਭਾਰਤੀ ਟਿਕਾਣਿਆਂ ਵੱਲ ਵਧਦੇ ਰਹੇ ਹਨ ਜਿਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਦੇ ਸੂ-30ਐੱਮਕੇਆਈ ਜੰਗੀ ਜਹਾਜ਼ਾਂ ਨੇ ਰੋਕਿਆ। 13 ਦਸੰਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ਨੂੰ ਦੱਸਿਆ ਸੀ ਕਿ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਪੈਂਦੇ ਯੈਂਗਸੇ ਖੇਤਰ ’ਚ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਕਰ ਕੇ ਚੀਨੀ ਫੌਜ ਦੇ ਸੈਨਿਕਾਂ ਨੇ ਭਾਰਤੀ ਖੇਤਰ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਫ਼ੌਜ ਦੇ ਕਮਾਂਡਰਾਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਟਿਕਾਣਿਆਂ ’ਤੇ ਭੇਜ ਦਿੱਤਾ। ਰਾਜ ਸਭਾ ਵਿੱਚ ਇਕ ਬਿਆਨ ਦਿੰਦਿਆਂ ਰੱਖਿਆ ਮੰਤਰੀ ਨੇ ਉੱਪਰਲੇ ਸਦਨ ਨੂੰ ਭਰੋਸਾ ਦਿਵਾਇਆ, ‘‘ਸਾਡੇ ਹਥਿਆਰਬੰਦ ਬਲ ਸਾਡੀ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਲਈ ਵਚਨਬੱਧ ਹਨ ਅਤੇ ਉਹ ਇਸ ’ਤੇ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨੂੰ ਅਸਫਲ ਕਰਦੇ ਰਹਿਣਗੇ।’’ ਇਸੇ ਦੌਰਾਨ ਤਵਾਂਗ ਦੇ ਵਸਨੀਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਫੌਜ ’ਚ ਪੂਰਾ ਭਰੋਸਾ ਹੈ ਤੇ ਉਹ ਇਸ ਦੀ ਪੂਰੀ ਹਮਾਇਤ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਸਰਹੱਦੀ ਸ਼ਹਿਰ ’ਚ ਮਾਹੌਲ ਬਹੁਤ ਵਧੀਆ ਹੈ ਤੇ ਉਨ੍ਹਾਂ ਨੂੰ ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਹੋਈ ਝੜਪ ਦੇ ਬਾਵਜੂਦ ਕੋਈ ਸਮੱਸਿਆ ਨਹੀਂ ਝੱਲਣੀ ਪਈ।