ਜਾਗੋ ਪਾਰਟੀ ਵੱਲੋਂ ਪਾਕਿਸਤਾਨੀ ਦੂਤਾਵਾਸ ਨੇੜੇ ਪ੍ਰਦਰਸ਼ਨ

ਨਵੀਂ ਦਿੱਲੀ- ਪਾਕਿਸਤਾਨ ਸਰਕਾਰ ਨੇ ਜ਼ਮੀਨੀ ਵਿਵਾਦ ਦੀ ਆੜ ਹੇਠ ਲਾਹੌਰ ਸ਼ਹਿਰ ਦੇ ਨੌਲੱਖਾ ਸਥਿਤ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨੂੰ ਤਾਲਾ ਲਾ ਦਿੱਤਾ ਹੈ ਜਿਸ ਦੇ ਵਿਰੋਧ ਵਿੱਚ ਅੱਜ ਜਾਗੋ ਪਾਰਟੀ ਅਤੇ ਦਿੱਲੀ ਦੇ ਸਿੱਖਾਂ ਵੱਲੋਂ ਪਾਕਿਸਤਾਨੀ ਦੂਤਾਵਾਸ ਬਾਹਰ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਉਪਰੰਤ ਜਾਗੋ ਪਾਰਟੀ ਦੇ ਆਗੂਆਂ ਨੇ ਦਿੱਲੀ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਜਾ ਕੇ ਪਾਕਿਸਤਾਨ ਦੂਤਾਵਾਸ ਦੇ ਅਧਿਕਾਰੀ ਜ਼ੁਲਫਿਕਾਰ ਅਲੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਨਾਂ ਮੰਗ ਪੱਤਰ ਸੌਂਪਿਆ। ਤੀਨ ਮੂਰਤੀ ਚੌਕ ਤੋਂ ਪਾਕਿਸਤਾਨ ਦੂਤਾਵਾਸ ਵੱਲ ਕੂਚ ਕਰਨ ਲਈ ਵੱਧ ਰਹੇ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲੀਸ ਨੇ ਥਾਣਾ ਚਾਣਕਿਆਪੁਰੀ ਦੇ ਬਾਹਰ ਬੈਰੀਕੇਡ ਲਾ ਕੇ ਧਾਰਾ 144 ਲੱਗੀ ਹੋਣ ਦਾ ਹਵਾਲਾ ਦੇ ਕੇ ਰੋਕ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੀਕੇ ਨੇ ਕਿਹਾ ਕਿ ਪਾਕਿਸਤਾਨ ’ਚ ਪਹਿਲਾਂ ਸਿੱਖਾਂ ਦੀਆਂ ਨਾਬਾਲਗ ਧੀਆਂ ਅਤੇ ਵਪਾਰੀ ਸਿੱਖ ਕੱਟੜਪੰਥੀਆਂ ਦੇ ਨਿਸ਼ਾਨੇ ਉੱਤੇ ਸਨ ਪਰ ਹੁਣ ਜ਼ਮੀਨ ਮਾਫੀਆ ਦੇ ਨਿਸ਼ਾਨੇ ਉਤੇ ਸਿੱਖਾਂ ਦੇ ਗੁਰਧਾਮ ਵੀ ਆ ਗਏ ਹਨ। ਇਸ ਲਈ ਪਾਕਿਸਤਾਨ ਸਰਕਾਰ ਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨੂੰ ਤੁਰੰਤ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਨੂੰ ਸੀਲ ਕਰਨ ਦੀ ਕਾਰਵਾਈ ਤੋਂ ਸਿੱਖ ਕੌਮ ਦੁਖੀ ਹੈ ਕਿਉਂਕਿ ਲਾਹੌਰ ਵਿੱਚ ਸਥਾਨਕ ਪ੍ਰਸ਼ਾਸਨ ਨੇ ਗੁਰਦੁਆਰਾ ਸਾਹਿਬ ਨੂੰ ਤਾਲਾ ਲਾ ਦਿੱਤਾ ਹੈ ਅਤੇ ਸਿੱਖ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿੱਖਾਂ ਨੂੰ ਸਥਾਨਕ ਕੱਟੜਪੰਥੀ ਮੁਸਲਿਮ ਸਮੂਹ ਦੇ ਦਬਾਅ ਹੇਠ ਸ਼ਹੀਦ ਭਾਈ ਤਾਰੂ ਸਿੰਘ ਦੀ ਸਮਾਧ ’ਤੇ ਉਨ੍ਹਾਂ ਦੀ ਬਰਸੀ ਨਾ ਮਨਾਉਣ ਲਈ ਵੀ ਮਜਬੂਰ ਕੀਤਾ ਗਿਆ ਜਿਸ ਤੋਂ ਬਾਅਦ ਮਜਬੂਰੀ ਕਾਰਨ ਪਾਕਿਸਤਾਨ ਕਮੇਟੀ ਨੇ ਨੇੜਲੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਅਖੰਡ ਪਾਠ ਦੇ ਭੋਗ ਪਾਏ ਸਨ। ਇਹ ਸਭ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਸਥਾਨਕ ਜ਼ਮੀਨ ਮਾਫੀਆ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਕਾਰਨ ਸਥਾਨਕ ਸਿੱਖ ਅਤੇ ਮੁਸਲਿਮ ਭਾਈਚਾਰਿਆਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਗੁਰਦੁਆਰੇ ਖੋਲ੍ਹਣ ਦਾ ਪਾਕਿਸਤਾਨ ਸਰਕਾਰ ਦਾਅਵਾ ਕਰਦੀ ਹੈ ਪਰ ਇਸ ਘਟਨਾ ਨੇ ਸਿੱਖ ਕੌਮ ’ਚ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ।]