ਗ਼ੈਰਕਾਨੂੰਨੀ ਨਸ਼ਿਆਂ ਦਾ ਵੱਡਾ ਹਿੱਸਾ ਸਮੁੰਦਰ ਰਸਤੇ ਭਾਰਤ ’ਚ ਆ ਰਿਹੈ: ਵਿੱਤ ਮੰਤਰੀ

ਗ਼ੈਰਕਾਨੂੰਨੀ ਨਸ਼ਿਆਂ ਦਾ ਵੱਡਾ ਹਿੱਸਾ ਸਮੁੰਦਰ ਰਸਤੇ ਭਾਰਤ ’ਚ ਆ ਰਿਹੈ: ਵਿੱਤ ਮੰਤਰੀ

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਹੈਰੋਇਨ, ਕੋਕੀਨ ਤੇ ਚਰਸ ਜਿਹੇ ਨਸ਼ਿਆਂ ਦਾ ਇਕ ਵੱਡਾ ਹਿੱਸਾ ਸਮੁੰਦਰ ਰਸਤੇ ਭਾਰਤ ਵਿੱਚ ਆਉਂਦਾ ਹੈ। ਰਾਜ ਸਭਾ ਵਿੱਚ ਇਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਵੱਲੋਂ ਮਿਲੀ ਜਾਣਕਾਰੀ ਅਨੁਸਾਰ ਹੈਰੋਇਨ, ਕੋਕੀਨ, ਚਰਸ ਤੇ ਏਟੀਐੱਸ ਜਿਹੀ ਮੁੱਖ ਨਸ਼ਿਆਂ ਦੀ ਤਸਕਰੀ ਸਮੁੰਦਰ ਰਸਤੇ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ, ‘‘ਸਮੁੰਦਰ ਰਸਤੇ ਸਮਗਲ ਕੀਤੇ ਜਾਂਦੇ ਨਸ਼ਿਆਂ ਦੀ ਫੀਸਦ ਵੱਖ ਵੱਖ ਏਜੰਸੀਆਂ ਵੱਲੋਂ ਫੜੇ ਜਾਂਦੇ ਕੁੱਲ ਨਸ਼ਿਆਂ ਨਾਲੋਂ ਵੱਧ ਹੈ। ਹਾਲਾਂਕਿ ਸਾਲ ਦਰ ਸਾਲ ਇਹ ਫੀਸਦ ਵੱਖੋ ਵੱਖਰੀ ਹੁੰਦੀ ਹੈ।’’ ਮੌਜੂਦਾ ਸਾਲ ਵਿੱਚ 30 ਨਵੰਬਰ ਤੱਕ ਕੁੱਲ 3017 ਕਿਲੋ ਹੈਰੋਇਨ ਫੜੀ ਗਈ ਹੈ, ਜਿਨ੍ਹਾਂ ਵਿਚੋਂ ਸਮੁੰਦਰ ਰਸਤਿਓਂ ਕਾਬੂ ਕੀਤੀ ਹੈਰੋਇਨ 1664 ਕਿਲੋ ਜਾਂ 55 ਫੀਸਦ ਹੈ। ਨਸ਼ਾ ਤਸਕਰਾਂ ਤੋਂ ਬਰਾਮਦ ਕੀਤੀ 122 ਕਿਲੋ ਕੋਕੀਨ ’ਚੋਂ 84 ਫੀਸਦ ਜਾਂ 103 ਕਿਲੋ ਸਮੁੰਦਰ ਰਸਤੇ ਭਾਰਤ ਲਿਆਂਦੀ ਜਾ ਰਹੀ ਸੀ। ਵਿੱਤ ਮੰਤਰੀ ਨੇ ਕਿਹਾ ਕਿ ਵੱਖ ਵੱਖ ਕੇਂਦਰੀ ਏਜੰਸੀਆਂ ਤੇ ਸੂਬਾਈ ਪੁਲੀਸ ਵਿਭਾਗ ਭਾਰਤ ਨਸ਼ਾ ਤਸਕਰੀ ਨੂੰ ਕੰਟਰੋਲ ਕਰਨ ਲਈ ਤਸਕਰਾਂ ਦੀ ਨਕਲੋ ਹਰਕਤ ’ਤੇ ਨਜ਼ਰ ਰੱਖ ਰਹੇ ਹਨ।