ਹੁਣ ਦੱਸੋ ਪੱਪੂ ਕੌਣ ? – ਮਹੂਆ ਨੇ ਕੇਂਦਰ ਸਰਕਾਰ ਨੂੰ ਆਰਥਿਕ ਮੋਰਚੇ ’ਤੇ ਘੇਰਿਆ

ਹੁਣ ਦੱਸੋ ਪੱਪੂ ਕੌਣ ? – ਮਹੂਆ ਨੇ ਕੇਂਦਰ ਸਰਕਾਰ ਨੂੰ ਆਰਥਿਕ ਮੋਰਚੇ ’ਤੇ ਘੇਰਿਆ

ਨਵੀਂ ਦਿੱਲੀ- ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸਨਅਤੀ ਉਤਪਾਦਨ ਵਿੱਚ ਆਏ ਨਿਘਾਰ ਨੂੰ ਦਰਸਾਉਂਦੇ ਸਰਕਾਰੀ ਅੰਕੜਿਆਂ ਦੇ ਹਵਾਲੇ ਨਾਲ ਅੱਜ ਸਰਕਾਰ ਨੂੰ ਆਰਥਿਕ ਫਰੰਟ ’ਤੇ ਘੇਰਿਆ। ਮੋਇਤਰਾ ਨੇ ਅਰਥਚਾਰੇ ਨੂੰ ਚਲਾਉਣ ਦੇ ਮੋਦੀ ਸਰਕਾਰ ਦੇ ਢੰਗ ਤਰੀਕੇ ’ਤੇ ਉਜ਼ਰ ਜਤਾਉਂਦਿਆਂ ਸਵਾਲ ਕੀਤਾ ਕਿ ‘ਹੁਣ ਪੱਪੂ ਕੌਣ ਹੈ?’ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅਖ਼ਬਾਰਾਂ ਵਿਚ ਇਸ਼ਤਿਹਾਰਬਾਜ਼ੀ ’ਤੇ ਖਰਚੇ ਕਰੋੜਾਂ ਰੁਪਏ ਲਈ ਪੰਜਾਬ ਸਰਕਾਰ ਨੂੰ ਭੰਡਿਆ। ਬੀਬਾ ਬਾਦਲ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣਾ ਮਾਲੀਆ ਵਧਾਉਣ ਲਈ ਸਰਕਾਰੀ ਇਸ਼ਤਿਹਾਰਾਂ ’ਤੇ ਜੀਐੱਸਟੀ ਵਧਾਏ। ਵਿੱਤੀ ਸਾਲ 2022-23 ਲਈ ਵਧੀਕ ਗਰਾਂਟਾਂ ਦੀ ਮੰਗ ਨੂੰ ਲੈ ਕੇ ਲੋਕ ਸਭਾ ਵਿੱਚ ਚੱਲ ਰਹੀ ਵਿਚਾਰ ਚਰਚਾ ’ਚ ਸ਼ਾਮਲ ਹੁੰਦਿਆਂ ਟੀਐੱਮਸੀ ਦੀ ਤੇਜ਼-ਤਰਾਰ ਆਗੂ ਨੇ ਕਿਹਾ, ‘‘ਇਸ ਸਰਕਾਰ ਤੇ ਸੱਤਾਧਾਰੀ ਪਾਰਟੀ ਨੇ ‘ਪੱਪੂ’ ਨਾਮ ਘੜਿਆ ਸੀ। ਤੁਸੀਂ ਇਸ ਦੀ ਵਰਤੋਂ ਬਹੁਤ ਜ਼ਿਆਦਾ ਅਯੋਗਤਾ ਨੂੰ ਦਰਸਾਉਣ ਲਈ ਤੇ ਬਦਨਾਮ ਕਰਨ ਲਈ ਕਰਦੇ ਹੋ। ਪਰ ਅੰਕੜੇ ਸਾਨੂੰ ਦੱਸਦੇ ਹਨ ਕਿ ਅਸਲ ਵਿੱਚ ਪੱਪੂ ਕੌਣ ਹੈ।’’ ਮੋਇਤਰਾ ਨੇ ਨਰਿੰਦਰ ਮੋਦੀ ਸਰਕਾਰ ’ਤੇ ਭਾਰਤ ਦੇ ਵਿਕਾਸ ਬਾਰੇ ‘ਝੂਠ-ਫ਼ਰੇਬ’ ਫੈਲਾਉਣ ਦਾ ਦੋਸ਼ ਲਾਉਂਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਅਪੀਲ ਕੀਤੀ ਕਿ ਉਹ ਡਿੱਗਦੇ ਅਰਥਚਾਰੇ ਨੂੰ ਨੱਥ ਪਾਉਣ।

ਕੌਮੀ ਅੰਕੜਾ ਦਫ਼ਤਰ ਵੱਲੋਂ ਜਾਰੀ ਸੱਜਰੇ ਡੇਟਾ ਦੇ ਹਵਾਲੇ ਨਾਲ ਮੋਇਤਰਾ ਨੇ ਦਾਅਵਾ ਕੀਤਾ ਕਿ ਅਕਤੂਬਰ ਮਹੀਨੇ ਦੇਸ਼ ਦਾ ਸਨਅਤੀ ਉਤਪਾਦਨ 4 ਫੀਸਦ ਦੇ ਕਰੀਬ ਸੁੰਗੜਿਆ ਹੈ, ਜੋ ਪਿਛਲੇ 26 ਮਹੀਨਿਆਂ ’ਚ ਸਭ ਤੋਂ ਹੇਠਲਾ ਪੱਧਰ ਹੈ। ਉਤਪਾਦਨ ਸੈਕਟਰ, ਜਿੱਥੋਂ ਅਜੇ ਤੱਕ ਸਭ ਤੋਂ ਵੱਧ ਰੁਜ਼ਗਾਰ ਪੈਦਾ ਹੁੰਦਾ ਹੈ, 5.6 ਫੀਸਦ ਤੱਕ ਸੁੰਗੜਿਆ ਹੈ। ਟੀਐੱਮਸੀ ਆਗੂ ਨੇ ਕਿਹਾ, ‘‘ਸਨਅਤੀ ਉਤਪਾਦਨ ਸੂਚਕ ਅੰਕ (ਆਈਆਈਪੀ) ਨਿਰਧਾਰਿਤ ਕਰਨ ਵਾਲੇ 17 ਸਨਅਤੀ ਸੈਕਟਰਾਂ ਨੇ ਨਕਾਰਾਤਮਕ ਵਾਧਾ ਦਰਜ ਕੀਤਾ ਹੈ। ਵਿਦੇਸ਼ੀ ਕਰੰਸੀ ਭੰਡਾਰ ਇਕ ਸਾਲ ਵਿਚ 72 ਅਰਬ ਡਾਲਰ ਡਿੱਗਿਆ ਹੈ।’’ ਮੋਇਤਰਾ ਨੇ ਭਾਜਪਾ ਨੂੰ ਹਾਲੀਆ ਹਿਮਾਚਲ ਪ੍ਰਦੇਸ਼ ਅਸੈਂਬਲੀ ਚੋਣਾਂ ਵਿੱਚ ਮਿਲੀ ਹਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਦਾ ਪ੍ਰਧਾਨ (ਜੇ.ਪੀ.ਨੱਢਾ) ਤਾਂ ਆਪਣੇ ਪਿੱਤਰੀ ਰਾਜ ’ਤੇ ਹੀ ਪਕੜ ਕਾਇਮ ਨਹੀਂ ਰੱਖ ਸਕਿਆ। ਉਨ੍ਹਾਂ ਕਿਹਾ, ‘‘ਹੁਣ ਦੱਸੋ ਪੱਪੂ ਕੌਣ ਹੈ?’’

ਮੋਇਤਰਾ ਨੇ ਕਿਹਾ, ‘‘ਸੱਤਾਧਾਰੀ ਪਾਰਟੀ ਕਾਨੂੰਨਸਾਜ਼ਾਂ ਨੂੰ ਖਰੀਦਣ ਲਈ ਕਰੋੜਾਂ ਰੁਪੲੇ ਖਰਚਦੀ ਹੈ, ਪਰ ਇਸ ਦੇ ਬਾਵਜੂਦ ਵਿਰੋਧੀ ਧਿਰ ਦੇ 95 ਫੀਸਦ ਕਾਨੂੰਨਸਾਜ਼ ਐੱਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਦੇ ਘੇਰੇ ਵਿੱਚ ਹਨ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ 2016 ਵਿੱਚ ਥੋਪੀ ਗਈ ਨੋਟਬੰਦੀ ਆਪਣੇ ਅਸਲ ਮੰਤਵਾਂ ਤੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਨਕਾਮ ਰਹੀ ਹੈ। ਟੀਐੱਮਸੀ ਆਗੂ ਨੇ ਕਿਹਾ, ‘‘ਇਹ ਸਰਕਾਰ ਹਰੇਕ ਫਰਵਰੀ ਮਹੀਨੇ ਸਾਨੂੰ ਇਹ ਯਕੀਨ ਦਿਵਾਉਂਦੀ ਹੈ ਕਿ ਦੇਸ਼ ਦਾ ਅਰਥਚਾਰਾ ਤੇਜ਼ੀ ਨਾਲ ਵਧ ਰਿਹਾ ਹੈ, ਅਸੀਂ ਆਲਮੀ ਪੱਧਰ ’ਤੇ ਸਭ ਤੋਂ ਤੇਜ਼ੀ ਨਾਲ ਉਭਰਦਾ ਅਰਥਚਾਰਾ ਹਾਂ। ਸਾਰਿਆਂ ਨੂੰ ਰੁਜ਼ਗਾਰ, ਸਿਲੰਡਰ, ਬਿਜਲੀ ਤੇ ਪੱਕੇ ਮਕਾਨ ਮਿਲ ਰਹੇ ਹਨ। ਇਹ ਝੂਠ ਅੱਗੇ ਅੱਠ ਤੋਂ 10 ਮਹੀਨਿਆਂ ਤੱਕ ਫੈਲਾਇਆ ਜਾਂਦਾ ਹੈ ਤੇ ਉਸ ਮਗਰੋਂ ਸੱਚ ਜੱਗ ਜ਼ਾਹਿਰ ਹੋ ਜਾਂਦਾ ਹੈ।’’ ਮੋਇਤਰਾ ਨੇ ਕਿਹਾ, ‘‘ਅਸੀਂ ਅਜੇ ਦਸੰਬਰ ਮਹੀਨੇ ਵਿੱਚ ਹਾਂ ਤੇ ਸਰਕਾਰ ਕਹਿੰਦੀ ਹੈ ਕਿ ਉਸ ਨੂੰ ਆਪਣੇ ਬਜਟ ਅਨੁਮਾਨਾਂ ਨਾਲੋਂ ਅਜੇ 3.26 ਲੱਖ ਕਰੋੜ ਰੁਪਏ ਦੇ ਹੋਰ ਵਧੀਕ ਫੰਡਾਂ ਦੀ ਲੋੜ ਹੈ।’’

ਉਧਰ ਭਾਜਪਾ ਦੇ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਵਿਚਾਰ ਚਰਚਾ ਦੌਰਾਨ ਸਰਕਾਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਅੱਜ ਵਿਸ਼ਵ ਦੇ ਸਿਖਰਲੇ ਪੰਜ ਅਰਥਚਾਰਿਆਂ ਵਿੱਚ ਸ਼ੁਮਾਰ ਹੈ। ਪਾਲ ਨੇ ਕਿਹਾ, ‘‘ਜੇਕਰ ਮਹਿੰਗਾਈ ਨੂੰ ਕੋਈ ਕੰਟਰੋਲ ਕਰ ਸਕਦਾ ਹੈ ਤਾਂ ਉਹ ਨਰਿੰਦਰ ਮੋਦੀ ਸਰਕਾਰ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਬਰਾਮਦ ਦਿਨ-ਬ-ਦਿਨ ਵਧ ਰਹੀ ਹੈ ਤੇ ਦੇਸ਼ ਪੰਜ ਖਰਬ ਦਾ ਅਰਥਚਾਰਾ ਬਣਨ ਦੇ ਆਪਣੇ ਟੀਚੇ ਵੱਲ ਵਧ ਰਿਹਾ ਹੈ। ਪਾਲ ਨੇ ਕਿਹਾ, ‘‘ਅਸੀਂ 2024 ਵਿੱਚ ਮੁੜ ਸਰਕਾਰ ਬਣਾਵਾਂਗੇ ਤੇ ਵਿਸ਼ਵ ਵਿੱਚ ਸਿਖਰਲਾ ਅਰਥਚਾਰਾ ਬਣਨ ਦੀ ਗੱਲ ਕਰਾਂਗੇ।’’ ਐੱਨਸੀਪੀ ਦੀ ਸੁਪ੍ਰਿਆ ਸੂਲੇ ਨੇ ਕਿਹਾ ਕਿ ਸਰਕਾਰ ਅਰਥਚਾਰਾ ਮਜ਼ਬੂਤ ਹੋਣ ਦਾ ਦਾਅਵਾ ਅਜਿਹੇ ਮੌਕੇ ਕਰ ਰਹੀ ਹੈ ਜਦੋਂ ਭਾਰਤ ਦਾ ਸਨਅਤੀ ਵਿਕਾਸ ਗਤੀਹੀਣ ਹੋ ਚੁੱਕਾ ਹੈ ਤੇ ਬੇਰੁਜ਼ਗਾਰੀ ਆਪਣੀ ਸਿਖਰਲੇ ਪੱਧਰ ’ਤੇ ਹੈ।’’ ਸੂਲੇ ਨੇ ਕਿਹਾ, ‘‘ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਉਸ ਕੋਲ ਦੇਸ਼ ਦੇ ਅਰਥਚਾਰੇ ਨੂੰ ਸੁਧਾਰਨ ਲਈ ਕੋਈ ਰੋਡਮੈਪ ਹੈ।’’ ਨੈਸ਼ਨਲ ਕਾਨਫਰੰਸ ਦੇ ਮੈਂਬਰ ਹਸਨੈਨ ਮਸੂਦੀ ਨੇ ਕਿਸਾਨਾਂ ਦੇ ਆਰਥਿਕ ਹਲਾਤ ’ਤੇ ਫਿਕਰ ਜਤਾਇਆ।