ਪੰਜਾਬੀ ਬੋਲਣ ’ਤੇ ਪਾਬੰਦੀ ਲਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਖ਼ਿਲਾਫ਼ ਹੋਵੇਗੀ ਕਾਰਵਾਈ: ਭਗਵੰਤ ਮਾਨ

ਪੰਜਾਬੀ ਬੋਲਣ ’ਤੇ ਪਾਬੰਦੀ ਲਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਖ਼ਿਲਾਫ਼ ਹੋਵੇਗੀ ਕਾਰਵਾਈ: ਭਗਵੰਤ ਮਾਨ

ਪੰਜਾਬ ਨੂੰ ਮੋਹਰੀ ਬਣਾਉਣ ਲਈ ਨੌਜਵਾਨਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਹੋਕਾ
ਪਟਿਆਲਾ- ਇੱਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਬੋਲਣ ’ਤੇ ਪਾਬੰਦੀ ਲਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਨੂੰ ਸਖ਼ਤ ਤਾੜਨਾ ਕਰਦਿਆਂ ਅਜਿਹੀਆਂ ਸਿੱਖਿਆ ਸੰਸਥਾਵਾਂ ਦੀ ਮਾਨਤਾ ਭੰਗ ਕਰਨ ਵਰਗੀ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ।

ਪੰਜਾਬੀ ਯੂਨੀਵਰਸਿਟੀ ਵਿੱਚ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਸਿੱਖਿਆ ਸੰਸਥਾਵਾਂ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜੁਰਮਾਨੇ ਲਾ ਰਹੀਆਂ ਹਨ। ਪੰਜਾਬੀ ਭਾਸ਼ਾ ਪੰਜਾਬੀਆਂ ਦੀ ਮਾਂ-ਬੋਲੀ ਹੈ, ਇਸ ਲਈ ਅਜਿਹਾ ਵਰਤਾਰਾ ਬਰਦਾਸ਼ਤ ਕਰਨ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ’ਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਇਸ ਲਈ ਪੰਜਾਬ ਨੂੰ ਨਾ ਸਿਰਫ਼ ਦੇਸ਼, ਬਲਕਿ ਦੁਨੀਆ ਭਰ ਵਿੱਚ ਅੱਵਲ ਬਣਾਉਣ ਲਈ ਨੌਜਵਾਨਾਂ ਨੂੰ ਸਰਗਰਮ ਭੂਮਿਕਾ ਨਿਭਾਉਂਦਿਆਂ, ਸਰਕਾਰ ਨਾਲ ਮੋਢਾ ਜੋੜ ਕੇ ਕੰਮ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਕੋਲ ਨੌਜਵਾਨਾਂ ਦੀ ਅਥਾਹ ਤਾਕਤ ਤੇ ਹੁਨਰ ਦਾ ਭੰਡਾਰ ਹੈ, ਜਿਹੜਾ ਸਮਾਜ ਵਿੱਚ ਉਸਾਰੂ ਤਬਦੀਲੀ ਲਿਆਉਣ ਲਈ ਹਮੇਸ਼ਾ ਪ੍ਰੇਰਕ ਵਜੋਂ ਕੰਮ ਕਰਦਾ ਹੈ। ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰ ਵਿਕਾਸ ਦੀ ਸਿੱਖਿਆ ਦੇਣ ’ਤੇ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਉਦਯੋਗਾਂ ਲਈ ਹੁਨਰਮੰਦ ਮਨੁੱਖੀ ਸ਼ਕਤੀ ਤਿਆਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੇ ਵਧੇਰੇ ਸਾਧਨ ਮੁਹੱੱਈਆ ਕਰਵਾਉਣ ਲਈ ਪੰਜਾਬ ਜਲਦੀ ਹੀ ਇੰਡਸਟਰੀ ਹੱਬ ਬਣਨ ਜਾ ਰਿਹਾ ਹੈ। ਇੱਥੇ ਵੱਡੀ ਪੱਧਰ ਦੀਆਂ ਕਈ ਕੌਮਾਂਤਰੀ ਫਰਮਾਂ ਨਿਵੇਸ਼ ਕਰਨ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਿੱਖਿਆ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ।

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਭਰੋਸਾ ਦਿਵਾਇਆ ਕਿ ਪੰਜਾਬ ਦਾ ਨਾਮ ਦੁਨੀਆਂ ਦੇ ਨਕਸ਼ੇ ਉੱਤੇ ਸੁਨਹਿਰੀ ਅੱਖਰਾਂ ਵਿੱਚ ਉਕੇਰਨ ਦੀ ਪ੍ਰਕਿਰਿਆ ’ਚ ਯੂਨੀਵਰਸਿਟੀ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ, ਨੀਨਾ ਮਿੱਤਲ, ਗੁਰਲਾਲ ਘਨੌਰ, ਕੁਲਵੰਤ ਬਾਜ਼ੀਗਰ ਤੇ ਦੇਵ ਮਾਨ ਵੀ ਮੌਜੂਦ ਸਨ।

ਮੁੱਖ ਮੰਤਰੀ ਦੀ ਦੂਜੀ ਫੇਰੀ ਦੌਰਾਨ ਵੀ ਵਿੱਤੀ ਖੈਰ ਨਾ ਪਈ ਝੋਲੀ

ਮੁੱਖ ਮੰਤਰੀ ਭਗਵੰਤ ਮਾਨ ਦੀ ਦੂਜੀ ਫੇਰੀ ਦੌਰਾਨ ਅੱਜ ਵੀ ਵਿੱੱਤੀ ਸੰਕਟ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਦੀ ਝੋਲੀ ਕੋਈ ਖੈਰ ਨਹੀਂ ਪਈ। ਮੁੱਖ ਮੰਤਰੀ ਬਣਨ ਤੋਂ ਕੁਝ ਦਿਨਾਂ ਬਾਅਦ ਹੀ ਯੂਨੀਵਰਸਿਟੀ ਆਏ ਸ੍ਰੀ ਮਾਨ ਨੇ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਛੇ ਮਹੀਨੇ ਬੀਤਣ ਮਗਰੋਂ ਵੀ ਅਜਿਹਾ ਸੰਭਵ ਨਾ ਹੋ ਸਕਿਆ। ਮੁੱਖ ਮੰਤਰੀ ਦੀ ਅੱਜ ਦੀ ਦੂਜੀ ਫੇਰੀ ਵੀ ਵਾਅਦਿਆਂ ’ਤੇ ਹੀ ਆਧਾਰਿਤ ਰਹੀ। ਉਨ੍ਹਾਂ ਦਾ ਕਹਿਣਾ ਸੀ, ‘‘ਵਿੱਦਿਆ ਜੇਕਰ ਤੀਜਾ ਨੇਤਰ ਹੈ, ਤਾਂ ਸਰਕਾਰ ਨੂੰ ਵੀ ਆਪਣਾ ਖ਼ਜ਼ਾਨਾ ਰੂਪੀ ਚੌਥਾ ਨੇਤਰ ਇਸ ਵੱਲ ਖੋਲ੍ਹ ਦੇਣਾ ਚਾਹੀਦਾ ਹੈ।’’ ਉਨ੍ਹਾਂ ਅੱੱਜ ਮੁੜ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਤੋਂ ਮੁਕਤ ਕਰਨ ਦਾ ਭਰੋਸਾ ਤਾਂ ਦਿਵਾਇਆ ਪਰ ਕਿਸੇ ਤਰ੍ਹਾਂ ਦਾ ਐਲਾਨ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵੱਲੋਂ ਕੁਝ ਹੀ ਦਿਨ ਪਹਿਲਾਂ ਸਰਕਾਰ ਨੂੰ ਤਨਖਾਹਾਂ ਸਬੰਧੀ ਗਰਾਂਟ ’ਚ ਸੌ ਕਰੋੜ ਰੁਪਏ ਸਾਲਾਨਾ ਦੇ ਵਾਧੇ ਲਈ ਪੱਤਰ ਲਿਖਿਆ ਗਿਆ ਸੀ।

’ਵਰਸਿਟੀ ਨੂੰ ਵਿੱਤੀ ਸੰਕਟ ’ਚੋਂ ਕੱਢਣ ਲਈ ਸਰਕਾਰ ਆਰਥਿਕ ਪੈਕੇਜ ਦੇਵੇ: ਬਡੂੰਗਰ

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬੀ ਯੂਨੀਵਰਸਿਟੀ ਲਈ ਸਰਕਾਰ ਤੋਂ ਵਿੱਤੀ ਆਰਥਿਕ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਯੂਨੀਵਰਸਿਟੀ ’ਚ ਵਿੱਤੀ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ ਪਰ ਹੁਣ ਤੱਕ ਦੀਆਂ ਸਰਕਾਰਾਂ ਇਸ ਮਸਲੇ ਦੇ ਸੰਜੀਦਾ ਹੱਲ ਪ੍ਰਤੀ ਕਦੇ ਗੰਭੀਰ ਨਹੀਂ ਹੋਈਆਂ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਵੱਲੋਂ ਇਸ ਯੂਨੀਵਰਸਿਟੀ ਨੂੰ ਹੋਂਦ ਵਿੱਚ ਲਿਆਂਦਾ ਗਿਆ ਸੀ ਪਰ ਅਫਸੋਸ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਵੀ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਯਤਨ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਰੁਕਣਾ ਅਤੇ ਖੋਜ ਕਾਰਜ ਪ੍ਰਭਾਵਿਤ ਹੋਣਾ, ਦਰਸਾਉਂਦਾ ਹੈ ਕਿ ਵਿੱਤੀ ਸੰਕਟ ਦੇ ਨਾਲ-ਨਾਲ ਯੂਨੀਵਰਸਿਟੀ ਆਪਣਾ ਅਸਲ ਮੰਤਵ ਵੀ ਭੁੱਲ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਯੂਨੀਵਰਸਿਟੀ ਨੂੰ ਵਿੱਤੀ ਸੰਕਟ ’ਚੋਂ ਕੱਢਣ ਲਈ ਵੱਡੇ ਆਰਥਿਕ ਪੈਕੇਜ ਦਾ ਐਲਾਨ ਕਰਨ।