ਰਾਕੇਟ ਗ੍ਰਨੇਡ ਹਮਲਾ: ਪੁਲੀਸ ਨੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ

ਰਾਕੇਟ ਗ੍ਰਨੇਡ ਹਮਲਾ: ਪੁਲੀਸ ਨੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ

ਚੰਡੀਗੜ੍-ਸਰਹੱਦੀ ਜ਼ਿਲ੍ਹੇ ਤਰਨ ਤਾਰਨ ਅਧੀਨ ਆਉਂਦੇ ਸਰਹਾਲੀ ਪੁਲੀਸ ਥਾਣੇ ਨਾਲ ਲੱਗਦੇ ਸਾਂਝ ਕੇਂਦਰ ਵਿੱਚ ਸ਼ੁੱਕਰਵਾਰ ਰਾਤ ਨੂੰ ਕੀਤੇ ਰਾਕੇਟ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਪੁਲੀਸ ਨੇ ਚਾਰ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਮਸ਼ਕੂਕਾਂ ਨੇ ਹਮਲਾਵਰਾਂ ਨੂੰ ਮੋਟਰਸਾਈਕਲ ਤੇ ਹੋਰ ਸਾਜ਼ੋ-ਸਮਾਨ ਮੁਹੱਈਆ ਕਰਵਾਇਆ ਸੀ। ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਪੁਲੀਸ ਇਸ ਕੇਸ ਦੀ ਤਹਿ ਤੱਕ ਜਾਵੇਗੀ ਤੇ ਹਮਲੇ ਦੇ ਤਾਰ ਸਰਹੱਦ ਪਾਰ ਜੁੜੇ ਹੋੲੇ ਹਨ। ਉਨ੍ਹਾਂ ਕਿਹਾ ਕਿ ਏਡੀਜੀਪੀ ਆਰ.ਐੱਨ. ਢੋਕੇ ਦੀ ਅਗਵਾਈ ਹੇਠ ਪੁਲੀਸ ਵੱਲੋਂ ਗ੍ਰਨੇਡ ਹਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜਿਸ ਦਾ ਖੁਲਾਸਾ ਜਲਦ ਕੀਤਾ ਜਾਵੇਗਾ। ਆਈਜੀਪੀ ਨੇ ਕਿਹਾ ਕਿ ਪੁਲੀਸ ਨੇ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਵਾਲੇ ਮਸ਼ਕੂਕ ਤੇ ਦੋ ਹੋਰਨਾਂ ਦੀ ਪਛਾਣ ਕਰ ਲਈ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ, ‘‘ਸੀਨੀਅਰ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਸੀਂ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਹਮਲਾਵਰਾਂ ਦੀ ਮਦਦ ਕੀਤੀ ਸੀ। ਹਮਲੇ ਨੂੰ ਅੰਜਾਮ ਦੇਣ ਵਾਲੇ ਦੋ ਹੋਰ ਮਸ਼ਕੂਕਾਂ ਨੂੰ ਜਲਦੀ ਹੀ ਹਿਰਾਸਤ ਵਿੱਚ ਲੈ ਲਿਆ ਜਾਵੇਗਾ। ਸਾਡੀ ਜਾਂਚ ਸਹੀ ਦਿਸ਼ਾ ਵੱਲ ਹੈ। ਅਗਲੇ 2-3 ਦਿਨਾਂ ਵਿੱਚ ਅਸੀਂ ਹਮਲੇ ਬਾਰੇ ਤਫ਼ਸੀਲ ਜਨਤਕ ਕਰ ਦੇਵਾਂਗੇ।’’ ਆਈਜੀਪੀ ਨੇ ਕਿਹਾ, ‘‘ਹਮਲਾਵਰਾਂ ਨੂੰ ਲੌਜਿਸਟਿਕ ਹਮਾਇਤ ਦੇਣ ਵਾਲਿਆਂ ਦੀ ਸ਼ਨਾਖਤ ਹੋ ਚੁੱਕੀ ਹੈ। ਸਾਨੂੰ ਆਰਪੀਜੀ ਦੇ ਦੋਵੇਂ ਹਿੱਸੇ ਮਿਲ ਗਏ ਹਨ। ਮਸ਼ਕੂਕਾਂ ਦੀ ਪਛਾਣ ਹੋ ਗਈ ਹੈ ਤੇ ਅਸੀਂ ਕੇਸ ਦੀ ਤਹਿ ਤੱਕ ਪੁੱਜ ਗਏ ਹਾਂ। ਅਸੀਂ ਹਾਲ ਦੀ ਘੜੀ ਬਹੁਤੇ ਵੇਰਵੇ ਨਹੀਂ ਦੇ ਸਕਦੇ, ਪਰ ਇੰਨਾ ਜ਼ਰੂਰ ਹੈ ਕਿ ਹਮਲੇ ਦੇ ਤਾਰ ਸਰਹੱਦ ਪਾਰ ਜੁੜੇ ਹਨ।’’ ਸ਼ੁੱਕਰਵਾਰ ਰਾਤ ਨੂੰ ਹੋਏ ਰਾਕੇਟ ਪ੍ਰੋਪੈੱਲਡ ਗ੍ਰਨੇਡ ਹਮਲੇ ਲਈ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੰਜਾਬ ਪੁਲੀਸ ਨੇ ਲੰਘੇ ਦਿਨ ਸਰਹਾਲੀ ਪੁਲੀਸ ਥਾਣੇ ਦੇ ਐੱਸਐੱਚਓ ਪ੍ਰਕਾਸ਼ ਸਿੰਘ ਨੂੰ ਵੀ ਤਬਦੀਲ ਕਰ ਦਿੱਤਾ ਸੀ। ਹਮਲੇ ਮਗਰੋਂ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਵੀ ਮੌਕੇ ਦਾ ਮੁਆਇਨਾ ਕਰਕੇ ਕੁਝ ਸਬੂਤ ਇਕੱਤਰ ਕੀਤੇ ਸਨ। ਖ਼ਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਸ਼ਨਿੱਚਰਵਾਰ ਨੂੰ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਉਸ ਮੌਕੇ ਕਿਹਾ ਸੀ ਕਿ ਉਹ ਐੱਸਐੱਫਜੇ ਦੇ ਦਾਅਵਿਆਂ ਦੀ ਜਾਂਚ ਕਰ ਰਹੇ ਹਨ।