ਹਰਿਆਣਾ ਵਿੱਚ ਪੁਜਾਰੀ, ਪੁਰੋਹਿਤ ਕਲਿਆਣ ਬੋਰਡ ਦਾ ਗਠਨ ਕੀਤਾ ਜਾਵੇਗਾ: ਖੱਟਰ

ਹਰਿਆਣਾ ਵਿੱਚ ਪੁਜਾਰੀ, ਪੁਰੋਹਿਤ ਕਲਿਆਣ ਬੋਰਡ ਦਾ ਗਠਨ ਕੀਤਾ ਜਾਵੇਗਾ: ਖੱਟਰ

ਚੰਡੀਗੜ੍ਹ-ਹਰਿਆਣਾ ਸਰਕਾਰ ਵੱਲੋਂ ਕਰਨਾਲ ਵਿੱਚ ਪਹਿਲੀ ਵਾਰ ਭਗਵਾਨ ਪਰਸ਼ੂਰਾਮ ਮਹਾਕੁੰਭ ਕਰਵਾਇਆ ਗਿਆ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸੂਬੇ ਵਿੱਚ ਪੁਜਾਰੀ, ਪੁਰੋਹਿਤ ਕਲਿਆਣ ਬੋਰਡ ਦਾ ਗਠਨ ਕੀਤਾ ਜਾਵੇਗਾ ਤਾਂ ਜੋ ਪੁਜਾਰੀ ਅਤੇ ਪੁਰੋਹਿਤਾਂ ਨੂੰ ਘੱਟ ਤੋਂ ਘੱਟ ਆਮਦਨ ਪ੍ਰਾਪਤ ਹੋ ਸਕੇ। ਉਨ੍ਹਾਂ ਕਿਹਾ ਕਿ ਪੁਜਾਰੀ, ਪੁਰੋਹਿਤ ਦੇ ਕੰਮਕਾਜ ਦੇ ਆਧਾਰ ’ਤੇ ਉਨ੍ਹਾਂ ਦਾ ਭੱਤਾ ਤੈਅ ਕੀਤਾ ਜਾਵੇਗਾ। ਸ੍ਰੀ ਖੱਟਰ ਨੇ ਪਰਸ਼ੂਰਾਮ ਜੈਅੰਤੀ ਮੌਕੇ ਗਜ਼ਟਿਡ ਛੁੱਟੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕੈਥਲ ਵਿੱਚ ਬਣਨ ਵਾਲੇ ਮੈਡੀਕਲ ਕਾਲਜ ਦਾ ਨਾਂ ਭਗਵਾਨ ਸ੍ਰੀ ਪਰਸ਼ੂਰਾਮ ਦੇ ਨਾਂ ’ਤੇ ਰੱਖਣ ਦਾ ਐਲਾਨ ਵੀ ਕੀਤਾ।

ਮੁੱਖ ਮੰਤਰੀ ਨੇ ਗੌੜ ਬ੍ਰਾਹਮਣ ਆਯੁਰਵੈਦ ਕਾਲਜ ਵਿੱਚ 100 ਬੀਏਐੱਮਐੱਸ ਸੀਟਾਂ ਮਨਜ਼ੂਰ ਕਰਨ, ਸੱਤ ਵਿਸ਼ਿਆਂ ਵਿੱਚ ਪੰਜ-ਪੰਜ ਐੱਮਡੀ-ਐੱਮਐੱਸ ਕੋਰਸ ਦੀਆਂ ਕੁੱਲ 35 ਸੀਟਾਂ ਨੂੰ ਮਨਜ਼ੂਰੀ ਦੇਣ ਦਾ ਐਲਾਨ ਵੀ ਕੀਤਾ। ਸ੍ਰੀ ਖੱਟਰ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਦੇ ਨਾਂ ’ਤੇ ਡਾਕ ਟਿਕਟ ਵੀ ਜਾਰੀ ਕੀਤਾ ਜਾਵੇਗਾ ਤੇ ਇਸ ਲਈ ਕੇਂਦਰੀ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖਿਆ ਜਾਵੇਗਾ। ਮੁੱਖ ਮੰਤਰੀ ਨੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਰੋਹਤਕ ਵਿੱਚ ਅਚਾਰਿਆ ਚਾਣਕਿਆ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਤਾਂ ਜੋ ਉਨ੍ਹਾਂ ਦੇ ਜੀਵਨ ਤੇ ਕੰਮਾਂ ’ਤੇ ਸੇਧ ਲਈ ਜਾ ਸਕੇ।