ਪੰਜਾਬ ਯੂਨੀਵਰਸਿਟੀ ਵਿੱਚ ‘ਮੇਰੀ ਭਾਸ਼ਾ ਮੇਰੇ ਦਸਤਖਤ’ ਮੁਹਿੰਮ

ਪੰਜਾਬ ਯੂਨੀਵਰਸਿਟੀ ਵਿੱਚ ‘ਮੇਰੀ ਭਾਸ਼ਾ ਮੇਰੇ ਦਸਤਖਤ’ ਮੁਹਿੰਮ

ਚੰਡੀਗੜ੍ਹ- ਪੰਜਾਬ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵੱਲੋਂ ਤਾਮਿਲ ਭਾਸ਼ਾ ਦੇ ਮਹਾਨ ਕਵੀ ਤੇ ਆਜ਼ਾਦੀ ਘੁਲਾਟੀਏ ਸੁਬਰਾਮਨੀਆ ਭਾਰਤੀ ਦਾ ਜਨਮ ਦਿਨ ਅੱਜ ‘ਭਾਰਤੀ ਭਾਸ਼ਾ ਉਤਸਵ’ ਵਜੋਂ ਮਨਾਇਆ ਗਿਆ।

ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ ਵਿੱਚ ‘ਮੇਰੀ ਭਾਸ਼ਾ-ਮੇਰੇ ਦਸਤਖਤ’ ਮੁਹਿੰਮ ਚਲਾਈ ਗਈ ਅਤੇ ਸਾਰਿਆਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਦਸਤਖਤ ਕਰਨ ਲਈ ਪ੍ਰੇਰਿਆ ਗਿਆ। ਇਸ ਦੌਰਾਨ 250 ਤੋਂ ਵੱਧ ਲੋਕਾਂ ਨੇ ਪੰਜਾਬੀ, ਹਿੰਦੀ, ਮਨੀਪੁਰੀ, ਬੰਗਾਲੀ, ਲੱਦਾਖੀ, ਭੋਟੀ, ਉਰਦੂ, ਕੰਨੜ, ਤੇਲਗੂ, ਮਰਾਠੀ, ਅੰਗਰੇਜ਼ੀ ਆਦਿ ਭਾਸ਼ਾਵਾਂ ਵਿੱਚ ਵਿਦਿਆਰਥੀ ਕੇਂਦਰ ਵਿੱਚ ਲਗਾਏ ਗਏ ਇੱਕ ਵਿਸ਼ੇਸ਼ ਬੋਰਡ ’ਤੇ ਦਸਤਖਤ ਕਰ ਕੇ ਇਸ ਮੁਹਿੰਮ ਦਾ ਸਮਰਥਨ ਕੀਤਾ।

ਪ੍ਰੋਗਰਾਮ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਨੇ ਵੀ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਹਿੰਦੀ ਵਿੱਚ ਦਸਤਖਤ ਕੀਤੇ। ਉਨ੍ਹਾਂ ਹਿੰਦੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਨਾਲ ਪਿਆਰ ਅਤੇ ਸਤਿਕਾਰ ਕਰਨਾ ਚਾਹੀਦਾ ਹੈ।

ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਵੱਖ-ਵੱਖ ਭਾਸ਼ਾਵਾਂ ਦੇ ਲੇਖਕਾਂ ਦੀ ਫੋਟੋ ਪ੍ਰਦਰਸ਼ਨੀ ਵੀ ਲਾਈ ਗਈ ਜਿਸ ਵਿੱਚ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ 22 ਭਾਸ਼ਾਵਾਂ ਅਸਾਮੀ, ਬੰਗਾਲੀ, ਬੋਡੋ, ਡੋਗਰੀ, ਗੁਜਰਾਤੀ, ਹਿੰਦੀ, ਕਸ਼ਮੀਰੀ, ਕੰਨੜ, ਕੋਂਕਣੀ, ਮਲਿਆਲਮ, ਮਨੀਪੁਰੀ, ਮਰਾਠੀ, ਨੇਪਾਲੀ, ਉੜੀਆ, ਪੰਜਾਬੀ, ਸੰਸਕ੍ਰਿਤ, ਸਿੰਧੀ, ਸੰਥਾਲੀ, ਤਾਮਿਲ, ਤੇਲਗੂ, ਉਰਦੂ, ਮੈਥਿਲੀ ਦੇ ਲੇਖਕਾਂ ਦੇ ਚਿੱਤਰ ਵੀ ਲਗਾਏ।

ਪ੍ਰੋਗਰਾਮ ਵਿੱਚ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਯਜਵਿੰਦਰ ਪਾਲ ਵਰਮਾ, ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਬਾਂਸਲ, ਸਾਬਕਾ ਐਮ.ਐਲ.ਏ. ਕੁਲਦੀਪ ਸਿੰਘ ਵੈਦ, ਹਿੰਦੀ ਵਿਭਾਗ ਦੇ ਫੈਕਲਟੀ ਤੋਂ ਪ੍ਰੋਫੈਸਰ ਨੀਰਜਾ ਸੂਦ ਅਤੇ ਪ੍ਰੋਫੈਸਰ ਅਸ਼ੋਕ ਕੁਮਾਰ ਨੇ ਵੀ ਸ਼ਿਰਕਤ ਕੀਤੀ।

ਹਿੰਦੀ ਸਾਹਿਤ ਪਰਿਸ਼ਦ ਦੀ ਪ੍ਰਧਾਨ ਨਵਨੀਤ ਕੌਰ ਨੇ ਦੱਸਿਆ ਕਿ ਸੁਬਰਾਮਨੀਆ ਭਾਰਤੀ ਤਾਮਿਲ ਭਾਸ਼ਾ ਦੇ ਪ੍ਰਸਿੱਧ ਕਵੀ ਸਨ। ਉਨ੍ਹਾਂ ਨੂੰ ‘ਮਹਾਂਕਵੀ ਭਾਰਤੀ’ ਵਜੋਂ ਵੀ ਜਾਣਿਆ ਜਾਂਦਾ ਹੈ।