ਯੂਕਰੇਨ: ਡਰੋਨ ਹਮਲੇ ਕਾਰਨ ਓਡੇਸਾ ਵਿੱਚ ਬਿਜਲੀ ਸਪਲਾਈ ਠੱਪ

ਯੂਕਰੇਨ: ਡਰੋਨ ਹਮਲੇ ਕਾਰਨ ਓਡੇਸਾ ਵਿੱਚ ਬਿਜਲੀ ਸਪਲਾਈ ਠੱਪ

ਬੰਦਰਗਾਹ ਤੋਂ ਅਨਾਜ ਦੀ ਬਰਾਮਦਗੀ ’ਤੇ ਪੈ ਸਕਦਾ ਹੈ ਅਸਰ; ਮੁਕੰਮਲ ਨੈੱਟਵਰਕ ਬਹਾਲੀ ਨੂੰ ਲੱਗਣਗੇ ਮਹੀਨੇ
ਕੀਵ- ਰੂਸ ਵੱਲੋਂ ਯੂਕਰੇਨੀ ਬੰਦਰਗਾਹ ਓਡੇਸਾ ’ਤੇ ਹਮਲੇ ਮਗਰੋਂ ਉਥੋਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਉਂਜ ਖੇਤੀ ਮੰਤਰੀ ਮਾਇਕੋਲਾ ਸੋਸਕਾਈ ਨੇ ਕਿਹਾ ਕਿ ਇਸ ਨਾਲ ਅਨਾਜ ਵਪਾਰੀਆਂ ਨੂੰ ਬਰਾਮਦਗੀ ਰੋਕਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਦੋ ਹੋਰ ਬੰਦਰਗਾਹਾਂ ਚੋਰਨੋਮੋਰਸਕ ਅਤੇ ਪਿਵਡੇਨੀ ਅੰਸ਼ਕ ਤੌਰ ’ਤੇ ਕੰਮ ਕਰ ਰਹੀਆਂ ਹਨ। ਦੱਖਣੀ ਓਡੇਸਾ ਖ਼ਿੱਤੇ ’ਚ 15 ਲੱਖ ਤੋਂ ਜ਼ਿਆਦਾ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਵੀਡੀਓ ਸੁਨੇਹੇ ’ਚ ਕਿਹਾ ਕਿ ਰੂਸੀ ਡਰੋਨ ਦੇ ਹਮਲੇ ’ਚ ਬਿਜਲੀ ਦੇ ਦੋ ਟਿਕਾਣੇ ਪ੍ਰਭਾਵਿਤ ਹੋਏ ਹਨ।

ਸੋਲਸਕਾਈ ਨੇ ਕਿਹਾ ਕਿ ਓਡੇਸਾ ਬੰਦਰਗਾਹ ਅਜੇ ਕੰਮ ਨਹੀਂ ਕਰ ਰਹੀ ਹੈ ਕਿਉਂਕਿ ਬਿਜਲੀ ਜਨਰੇਟਰਾਂ ਨੂੰ ਅਜੇ ਚਾਲੂ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੱਸਿਆਵਾਂ ਬਹੁਤ ਹਨ ਪਰ ਕੋਈ ਵੀ ਵਪਾਰੀ ਅਨਾਜ ਦੀ ਖੇਪ ਰੱਦ ਕਰਨ ਬਾਰੇ ਗੱਲ ਨਹੀਂ ਕਰ ਰਿਹਾ ਹੈ। ਬੰਦਰਗਾਹਾਂ ਬਦਲਵੇਂ ਊਰਜਾ ਵਸੀਲਿਆਂ ਦੀ ਵਰਤੋਂ ਕਰ ਰਹੀਆਂ ਹਨ। ਮਾਸਕੋ ਵੱਲੋਂ ਅਕਤੂਬਰ ਤੋਂ ਹੀ ਯੂਕਰੇਨ ਦੇ ਊਰਜਾ ਢਾਂਚੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਓਡੇਸਾ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰੀ ਅਬਾਦੀ ਲਈ ਬਿਜਲੀ ਸਪਲਾਈ ਆਉਂਦੇ ਦਿਨਾਂ ’ਚ ਬਹਾਲ ਹੋਵੇਗੀ ਜਦਕਿ ਮੁਕੰਮਲ ਤੌਰ ’ਤੇ ਨੈੱਟਵਰਕਾਂ ਦੀ ਬਹਾਲੀ ਨੂੰ ਦੋ ਤੋਂ ਤਿੰਨ ਮਹੀਨੇ ਲੱਗ ਜਾਣਗੇ। ਜ਼ਿਕਰਯੋਗ ਹੈ ਕਿ ਯੂਕਰੇਨ ’ਚ ਮੱਕੀ ਅਤੇ ਕਣਕ ਦੀ ਪੈਦਾਵਾਰ ਦੁਨੀਆ ’ਚ ਸਭ ਤੋਂ ਜ਼ਿਆਦਾ ਹੁੰਦੀ ਹੈ ਪਰ ਰੂਸੀ ਹਮਲੇ ਕਾਰਨ ਇਸ ਦੀ ਬਰਾਮਦ ਘੱਟ ਗਈ ਹੈ।