ਕਿਸਾਨਾਂ ਨੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਪੱਤਰ ਸੌਂਪੇ

ਕਿਸਾਨਾਂ ਨੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਪੱਤਰ ਸੌਂਪੇ

ਸੰਸਦ ਦੇ ਇਜਲਾਸ ਦੌਰਾਨ ਕਿਸਾਨੀ ਮਸਲੇ ਚੁੱਕਣ ’ਤੇ ਜ਼ੋਰ
ਚੰਡੀਗੜ੍ਹ- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਪੰਜਾਬ ਦੀਆਂ 33 ਕਿਸਾਨ ਜਥੇਬੰਦੀਆਂ ਨੇ ਸੂਬੇ ਦੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਪੱਤਰ ਸੌਂਪੇ। ਇਸ ਮੌਕੇ ਸੰਸਦ ਮੈਂਬਰਾਂ ਨੂੰ 29 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਇਜਲਾਸ ਦੌਰਾਨ ਕਿਸਾਨੀ ਦੇ ਮਸਲੇ ਜ਼ੋਰ-ਸ਼ੋਰ ਨਾਲ ਚੁੱਕਣ ਲਈ ਕਿਹਾ ਗਿਆ। ਅੱਜ ਕਿਸਾਨ ਅੰਦੋਲਨ ਦੀ ਵਰ੍ਹੇਗੰਢ ਮੌਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸੂਬੇ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਇਕੱਠ ਕੀਤੇ। ਕਿਸਾਨਾਂ ਨੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਪ੍ਰਨੀਤ ਕੌਰ ਸਣੇ ਹੋਰਨਾਂ ਸੰਸਦ ਮੈਂਬਰਾਂ ਦੇ ਘਰਾਂ ਤੱਕ ਰੋਸ ਮਾਰਚ ਕੀਤਾ ਤੇ ਚਿਤਾਵਨੀ ਪੱਤਰ ਸੌਂਪੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ 9 ਦਸੰਬਰ 2021 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਨਾਮ ਪੱਤਰ ਲਿਖ ਕੇ ਕਿਸਾਨਾਂ ਦੇ ਸਾਰੇ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਉਂਦਿਆਂ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ ਸੀ, ਜਿਸ ਮਗਰੋਂ ਕੇਂਦਰ ਸਰਕਾਰ ’ਤੇ ਭਰੋਸਾ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ 11 ਦਸੰਬਰ 2021 ਨੂੰ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਮੋਰਚੇ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਸੀ।
ਅੱਜ ਅੰਦੋਲਨ ਮੁਅੱਤਲ ਕੀਤੇ ਨੂੰ ਪੂਰਾ ਸਾਲ ਬੀਤ ਗਿਆ ਹੈ, ਪਰ ਕੇਂਦਰ ਵੱਲੋਂ ਹਾਲੇ ਤੱਕ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ। ਕਿਸਾਨ ਜਥੇਬੰਦੀਆਂ ਨੇ ਸੰਸਦ ਮੈਂਬਰਾਂ ਨੂੰ ਪੱਤਰਾਂ ਰਾਹੀ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਮੁੱਖਤਾ ਨਾਲ ਚੁੱਕਣ। ਸੰਯੁਕਤ ਕਿਸਾਨ ਮੋਰਚੇ ਨੇ ਮੰਗ ਕੀਤੀ ਕਿ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਅਤੇ ਖਰੀਦ ਦੀ ਗਾਰੰਟੀ ਦੇਣ ਵਾਲਾ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਬਣਾਈ ਗਈ ਕਮੇਟੀ ਅਤੇ ਇਸ ਦੀਆਂ ਦੱਸੀਆਂ ਗਈਆਂ ਸ਼ਰਤਾਂ ਮੋਰਚੇ ਦੀਆਂ ਸ਼ਰਤਾਂ ਦੇ ਉਲਟ ਹਨ, ਇਸ ਲਈ ਇਸ ਕਮੇਟੀ ਨੂੰ ਬਰਖਾਸਤ ਕਰ ਕੇ ਨਵੀਂ ਕਮੇਟੀ ਬਣਾਈ ਜਾਵੇ। ਇਸ ਤੋਂ ਇਲਾਵਾ ਬਿਜਲੀ ਸੋਧ ਬਿੱਲ 2022 ਨੂੰ ਤੁਰੰਤ ਵਾਪਸ ਲਿਆ ਜਾਵੇ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਵਿੱਚ 3 ਅਕਤੂਬਰ 2021 ਨੂੰ ਕਤਲ ਕੀਤੇ ਗਏ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਦੇ ਮਾਮਲੇ ਵਿੱਚ ਮੁੱਖ ਸਾਜ਼ਿਸ਼ਘਾੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ। ਦਰਮਿਆਨੇ, ਛੋਟੇ ਅਤੇ ਸੀਮਾਂਤ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਾਈ ਜਾਵੇ ਅਤੇ ਕਿਸਾਨ ਅੰਦੋਲਨ ਦੌਰਾਨ ਜਿਨ੍ਹਾਂ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ, ਉਹ ਵਾਪਸ ਲਏ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ 24 ਦਸੰਬਰ ਨੂੰ ਕਰਨਾਲ ਵਿੱਚ ਕੌਮੀ ਪੱਧਰ ਦੀ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਮੋਰਚੇ ਵੱਲੋਂ ਸੰਘਰਸ਼ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ। ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ, ਡਾ. ਦਰਸ਼ਨਪਾਲ, ਬੂਟਾ ਸਿੰਘ ਬੁਰਜਗਿੱਲ, ਹਰਮੀਤ ਸਿੰਘ ਕਾਦੀਆਂ, ਨਿਰਭੈ ਸਿੰਘ ਢੁੱਡੀਕੇ, ਬਲਦੇਵ ਸਿੰਘ ਨਿਹਾਲਗੜ੍ਹ, ਰੁਲਦੂ ਸਿੰਘ ਮਾਨਸਾ, ਮਨਜੀਤ ਸਿੰਘ ਰਾਏ, ਬਲਜੀਤ ਸਿੰਘ ਗਰੇਵਾਲ, ਡਾ. ਸਤਨਾਮ ਅਜਨਾਲਾ, ਸਤਨਾਮ ਸਿੰਘ ਬਹਿਰੂ, ਜੰਗਵੀਰ ਸਿੰਘ ਚੌਹਾਨ, ਮੁਕੇਸ਼ ਚੰਦਰ, ਫੁਰਮਾਨ ਸਿੰਘ ਸੰਧੂ, ਬਲਵਿੰਦਰ ਸਿੰਘ ਰਾਜੂ ਔਲਖ, ਬੂਟਾ ਸਿੰਘ ਸ਼ਾਦੀਪੁਰ, ਵੀਰ ਸਿੰਘ ਬੜਵਾ, ਕਿਰਨਜੀਤ ਸਿੰਘ ਸੇਖੋਂ, ਕੁਲਦੀਪ ਸਿੰਘ ਵਜੀਦਪੁਰ, ਬਿੰਦਰ ਸਿੰਘ ਗੋਲੇਵਾਲਾ, ਮਲੂਕ ਸਿੰਘ ਹੀਰਕੇ, ਹਰਦੇਵ ਸਿੰਘ ਸੰਧੂ ਤੇ ਹੋਰ ਹਾਜ਼ਰ ਸਨ।