ਗ੍ਰਨੇਡ ਹਮਲਾ: ਐੱਨਆਈਏ ਟੀਮ ਮੌਕੇ ’ਤੇ ਪੁੱਜੀ

ਗ੍ਰਨੇਡ ਹਮਲਾ: ਐੱਨਆਈਏ ਟੀਮ ਮੌਕੇ ’ਤੇ ਪੁੱਜੀ

ਬੰਬ ਨਿਰੋਧਕ ਦਸਤੇ ਨੇ ਹਰੀਕੇ ਪੱਤਣ ’ਚ ਬਿਆਸ ਦਰਿਆ ਕੰਢੇ ਗ੍ਰਨੇਡ ਨਸ਼ਟ ਕੀਤਾ
ਤਰਨ ਤਾਰਨ/ਪੱਟੀ-ਸਰਹੱਦੀ ਜ਼ਿਲ੍ਹੇ ਤਰਨ ਤਾਰਨ ਅਧੀਨ ਆਉਂਦੇ ਥਾਣਾ ਸਰਹਾਲੀ ਦੀ ਇਮਾਰਤ ’ਤੇ ਕੀਤੇ ਰਾਕੇਟ ਪ੍ਰੋਪੈਲਡ ਗ੍ਰਨੇਡ (ਆਰਪੀਜੀ) ਹਮਲੇ ਤੋਂ ਇਕ ਦਿਨ ਮਗਰੋਂ ਕੌਮੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਹਮਲੇ ਵਾਲੀ ਥਾਂ ਦਾ ਮੁਆਇਨਾ ਕੀਤਾ। ਐੱਨਆਈਏ ਅਤੇ ਫੋਰੈਂਸਿਕ ਟੀਮਾਂ ਨੇ ਮੌਕੇ ਤੋਂ ਤੱਥ ਤੇ ਹੋਰ ਨਮੂਨੇ ਇਕੱਤਰ ਕੀਤੇ। ਸ਼ਨਿੱਚਰਵਾਰ ਸ਼ਾਮ ਨੂੰ ਇਥੇ ਪੁੱਜੀ ਐੱਨਆਈਏ ਟੀਮ ਨੇ ਅੱਜ ਪੁਲੀਸ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਹੈ। ਉਧਰ ਪੰਜਾਬ ਪੁਲੀਸ ਦੇ ਬੰਬ ਨਿਰੋਧਕ ਦਸਤੇ ਨੇ ਰਾਕੇਟ ਗ੍ਰਨੇਡ ਨੂੰ ਹਰੀਕੇ ਪੱਤਣ ਨੇੜੇ ਬਿਆਸ ਦਰਿਆ ਕੋਲ ਲਿਜਾ ਕੇ ਨਸ਼ਟ ਕਰ ਦਿੱਤਾ ਹੈ। ਗ੍ਰਨੇਡ ਹਮਲੇ ਖਿਲਾਫ਼ ਸਰਹਾਲੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ 307 ਫੌਜਦਾਰੀ ਅਤੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਪੁੱਛ-ਪੜਤਾਲ ਲਈ ਸੱਤ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਨੇ ਕੈਨੇਡਾ ਤੋਂ ਸਰਗਰਮੀਆਂ ਚਲਾ ਰਹੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਹਰੀਕੇ ਸਥਿਤ ਘਰ ਤੋਂ ਇਲਾਵਾ ਉਸ ਦੇ ਕੁਝ ਹੋਰਨਾਂ ਸ਼ੱਕੀ ਸਾਥੀਆਂ ਦੇ ਘਰਾਂ ’ਤੇ ਵੀ ਛਾਪੇਮਾਰੀ ਕੀਤੀ ਹੈ| ਛਾਪੇ ਮੌਕੇ ਲੰਡਾ ਦੇ ਘਰ ਵਿੱਚ ਉਸ ਦੇ ਬਿਰਧ ਮਾਤਾ-ਪਿਤਾ ਤੋਂ ਇਲਾਵਾ ਪਰਿਵਾਰ ਦੀ ਸੇਵਾਦਾਰ ਮੌਜੂਦ ਸੀ। ਪੁਲੀਸ ਨੇ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਬੰਦ ਖਤਰਨਾਕ ਗੈਗਸਟਰਾਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਸ਼ਾਮਲ ਕੀਤਾ ਹੈ।

ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਸ਼ਾਮ ਨੂੰ ਤਰਨ ਤਾਰਨ ਪੁੱਜੀ ਐੱਨਆਈਏ ਟੀਮ ਮੌਕੇ ਤੋਂ ਨਮੂਨੇ ਇਕੱਤਰ ਕਰਨ ਮਗਰੋਂ ਵਾਪਸ ਚਲੀ ਗਈ ਹੈ| ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਪੁਲੀਸ ਵਲੋਂ ਹੀ ਕੀਤੀ ਜਾ ਰਹੀ ਹੈ| ਪੁਲੀਸ ਨੇ ਕੌਮੀ ਸ਼ਾਹਰਾਹ ’ਤੇ ਪੈਂਦੇ ਢਾਬਿਆਂ ਆਦਿ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਨ੍ਹਾਂ ਦੀ ਘੋਖ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲੀਸ ਵਲੋਂ ਥਾਣਿਆਂ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਸ਼ਾਹਰਾਹਾਂ ’ਤੇ ਲਗਾਏ ਸੀਸੀਟੀਵੀ ਕੈਮਰੇ ਬੀਤੇ ਕਈ ਚਿਰਾਂ ਤੋਂ ਬੰਦ ਹਨ। ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਸਮੇਤ ਹੋਰਨਾਂ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਚੁੱਪ ਵਟੀ ਹੋਈ ਹੈ। ਸਰਹਾਲੀ ਥਾਣੇ ਦੀ ਇਮਾਰਤ ’ਤੇ ਹਮਲਾ ਕਰਨ ਲਈ ਵਰਤੇ ਰਾਕੇਟ ਗ੍ਰਨੇਡ ਨੂੰ ਨਸ਼ਟ ਕਰਨ ਮੌਕੇ ਵੱਡਾ ਧਮਾਕਾ ਹੋਇਆ| ਡੀਜੀਪੀ ਗੌਰਵ ਯਾਦਵ ਨੇ ਲੰਘੇ ਦਿਨ ਸਰਹਾਲੀ ਵਿੱਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪਹਿਲਾਂ ਦੀ ਦੱਸ ਦਿੱਤਾ ਸੀ ਕਿ ਇਹ ਗ੍ਰਨੇਡ ਫੌਜੀ ਬਲਾਂ ਵਲੋਂ ਵਰਤੇ ਜਾਂਦੇ ਵਧੇਰੇ ਤਾਕਤ ਵਾਲਾ ਬੰਬ ਹੈ| ਰਾਕੇਟ ਗ੍ਰਨੇਡ ਨੂੰ ਨਸ਼ਟ ਕਰਵਾਉਣ ਲਈ ਮੌਕੇ ’ਤੇ ਹਾਜ਼ਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੇਕਰ ਇਹ ਧਮਾਕਾ ਥਾਣੇ ਵਿੱਚ ਹੁੰਦਾ ਤਾਂ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋ ਸਕਦਾ ਸੀ। ਅੰਮ੍ਰਿਤਸਰ-ਬਠਿੰਡਾ ਹਾਈਵੇਅ ਸਥਿਤ ਸਰਹਾਲੀ ਪੁਲੀਸ ਸਟੇਸ਼ਨ ’ਤੇ ਸ਼ੁੱਕਰਵਾਰ ਰਾਤ ਨੂੰ ਹੋਇਆ ਇਹ ਹਮਲਾ ਪਿਛਲੇ ਸੱਤ ਮਹੀਨਿਆਂ ਵਿੱਚ ਦੂਜਾ ਗ੍ਰਨੇਡ ਹਮਲਾ ਹੈ। ਇਸ ਤੋਂ ਪਹਿਲਾਂ ਮਈ ਵਿੱਚ ਮੁਹਾਲੀ ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਨੂੰ ਰਾਕੇਟ ਪ੍ਰੋਪੈੱਲਰ ਗ੍ਰਨੇਡ(ਆਰਪੀਜੀ) ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਹਮਲੇ ਕਰਕੇ ਭਾਵੇਂ ਕਿਸੇ ਜਾਨੀਂ ਨੁਕਸਾਨ ਤੋਂ ਬਚਾਅ ਰਿਹਾ, ਪਰ ਥਾਣੇ ਦੀਆਂ ਖਿੜਕੀਆਂ ਤੇ ਇਮਾਰਤ ਦੀ ਇਕ ਕੰਧ ਦਾ ਕੁਝ ਹਿੱਸਾ ਨੁਕਸਾਨਿਆ ਗਿਆ। ਫਿਲਹਾਲ ਥਾਣਾ ਸਰਹਾਲੀ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਕਿ ਬੰਦ ਕੀਤਾ ਹੋਇਆ ਹੈ।