ਇਸ਼ਾਨ ਦਾ ਦੋਹਰਾ ਸੈਂਕੜਾ; ਭਾਰਤ ਨੇ ਬੰਗਲਾਦੇਸ਼ ਨੂੰ 227 ਦੌੜਾਂ ਨਾਲ ਹਰਾਇਆ

ਇਸ਼ਾਨ ਦਾ ਦੋਹਰਾ ਸੈਂਕੜਾ; ਭਾਰਤ ਨੇ ਬੰਗਲਾਦੇਸ਼ ਨੂੰ 227 ਦੌੜਾਂ ਨਾਲ ਹਰਾਇਆ

ਚੱਟੋਗ੍ਰਾਮ- ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ (210) ਦੀ ਰਿਕਾਰਡ ਤੋੜ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਆਖਰੀ ਮੈਚ ਵਿੱਚ ਬੰਗਲਾਦੇਸ਼ ਨੂੰ 227 ਦੌੜਾਂ ਨਾਲ ਹਰਾਇਆ। ਝਾਰਖੰਡ ਦਾ 24 ਸਾਲਾ ਇਸ਼ਾਨ ਇੱਕ ਰੋਜ਼ਾ ਮੈਚਾਂ ਵਿੱਚ ਦੋਹਰਾ ਸੈਂਕੜਾ ਲਾਉਣ ਵਾਲਾ ਭਾਰਤ ਦਾ ਚੌਥਾ ਅਤੇ ਕੁੱਲ ਸੱਤਵਾਂ ਬੱਲੇਬਾਜ਼ ਹੈ। ਉਹ ਦੋਹਰਾ ਸੈਂਕੜਾ ਬਣਾਉਣ ਵਾਲਾ ਸਭ ਤੋਂ ਯੁਵਾ ਬੱਲੇਬਾਜ਼ ਵੀ ਬਣ ਗਿਆ ਹੈ।

ਲੜੀ ਦੇ ਸ਼ੁਰੂਆਤੀ ਦੋਵੇਂ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਅੱਜ ਪਹਿਲਾਂ ਬੱਲੇਬਾਜ਼ੀ ਕਰਦਿਆਂ ਇਸ਼ਾਨ ਅਤੇ ਵਿਰਾਟ ਕੋਹਲੀ (113) ਦੀ ਦੂਜੀ ਵਿਕਟ ਲਈ 190 ਗੇਂਦਾਂ ਵਿੱਚ 290 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਅੱਠ ਵਿਕਟਾਂ ਦੇ ਨੁਕਸਾਨ ’ਤੇ 409 ਦੌੜਾਂ ਬਣਾਈਆਂ ਪਰ ਟੀਚਾ ਪੂਰਾ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ 34 ਓਵਰਾਂ ਵਿੱਚ 182 ਦੌੜਾਂ ਬਣਾ ਕੇ ਆਊਟ ਹੋ ਗਈ। ਸਾਬਕਾ ਕਪਤਾਨ ਕੋਹਲੀ ਨੇ ਲਗਪਗ 40 ਮਹੀਨਿਆਂ ਬਾਅਦ ਇੱਕ ਰੋਜ਼ਾ ਮੈਚ ਵਿੱਚ ਸੈਂਕੜਾ ਜੜਿਆ ਪਰ ਕਿਸ਼ਨ ਦੀ 131 ਗੇਂਦਾਂ ਵਿੱਚ 210 ਦੌੜਾਂ ਦੀ ਪਾਰੀ ਅੱਗੇ ਕੋਹਲੀ ਦੀ ਪਾਰੀ ਦੀ ਚਮਕ ਥੋੜੀ ਫਿੱਕੀ ਲੱਗੀ। ਇਸ਼ਾਨ ਨੇ 24 ਚੌਕੇ ਅਤੇ 10 ਛਿੱਕੇ ਜਦਕਿ ਕੋਹਲੀ ਨੇ 91 ਗੇਂਦਾਂ ਵਿੱਚ 11 ਚੌਕੇ ਤੇ ਦੋ ਛਿੱਕੇ ਜੜੇ।

ਬੰਗਲਾਦੇਸ਼ ਦੀ ਟੀਮ ਕਦੇ ਵੀ ਮੈਚ ਵਿੱਚ ਦਬਦਬਾ ਨਹੀਂ ਬਣਾ ਸਕੀ ਅਤੇ ਵੱਡੇ ਟੀਚੇ ਦੇ ਦਬਾਅ ਵਿੱਚ ਪੂਰੀ ਟੀਮ 34 ਓਵਰਾਂ ਵਿੱਚ ਹੀ ਆਊਟ ਹੋ ਗਈ। ਭਾਰਤ ਵੱਲੋਂ ਸ਼ਾਰਦੁਲ ਠਾਕੁਰ ਨੇ ਤਿੰਨ, ਅਕਸ਼ਰ ਪਟੇਲ ਤੇ ਉਮਰਾਨ ਮਲਿਕ ਨੇ ਦੋ-ਦੋ ਤੇ ਮੁਹੰਮਦ ਸਿਰਾਜ, ਕੁਲਦੀਪ ਯਾਦਵ ਤੇ ਵਾਸ਼ਿੰਗਟਨ ਸੁੰਦਰ ਨੇ ਇੱਕ-ਇੱਕ ਵਿਕਟਾਂ ਲਈਆਂ। ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ।