‘ਸਬਕ ਸਿਖਾਉਣ’ ਬਾਰੇ ਸ਼ਾਹ ਦੀ ਟਿੱਪਣੀ ਜ਼ਾਬਤੇ ਦੀ ਉਲੰਘਣਾ ਨਹੀਂ: ਚੋਣ ਕਮਿਸ਼ਨ

‘ਸਬਕ ਸਿਖਾਉਣ’ ਬਾਰੇ ਸ਼ਾਹ ਦੀ ਟਿੱਪਣੀ ਜ਼ਾਬਤੇ ਦੀ ਉਲੰਘਣਾ ਨਹੀਂ: ਚੋਣ ਕਮਿਸ਼ਨ

ਨਵੀਂ ਦਿੱਲੀ- ਚੋਣ ਕਮਿਸ਼ਨ ਦੇ ਸੂਤਰਾਂ ਨੇ ਅੱਜ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਗੁਜਰਾਤ ਚੋਣਾਂ ਦੀ ਇਕ ਰੈਲੀ ਦੌਰਾਨ ਕੀਤੀ ਟਿੱਪਣੀ ਕਿ, ‘ਹਿੰਸਾ ਕਰਨ ਵਾਲਿਆਂ ਨੂੰ 2002 ਵਿਚ ਸਬਕ ਸਿਖਾਇਆ ਗਿਆ ਸੀ’, ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ। ਰਾਜ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਦਿੱਤੀ ਰਿਪੋਰਟ ਤੇ ਕਾਨੂੰਨੀ ਮਸ਼ਵਰਾ ਲੈਣ ਤੋਂ ਬਾਅਦ, ਚੋਣ ਕਮਿਸ਼ਨ ਨੇ ਸਿੱਟਾ ਕੱਢਿਆ ਹੈ ਕਿ ‘ਸ਼ਰਾਰਤੀ ਅਨਸਰਾਂ’ ਖ਼ਿਲਾਫ਼ ਕਾਰਵਾਈ ਦਾ ਹਵਾਲਾ ਦੇਣਾ, ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ। ਸ਼ਾਹ ਵੱਲੋਂ ਪਿਛਲੇ ਮਹੀਨੇ ਖੇੜਾ ਜ਼ਿਲ੍ਹੇ ਵਿਚ ਇਕ ਚੋਣ ਰੈਲੀ ਦੌਰਾਨ ਇਹ ਟਿੱਪਣੀ ਕੀਤੀ ਗਈ ਸੀ। ਇਸ ਬਾਰੇ ਇਕ ਸਾਬਕਾ ਨੌਕਰਸ਼ਾਹ ਨੇ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਰੈਲੀ ਵਿਚ ਸ਼ਾਹ ਨੇ ਕਿਹਾ ਸੀ, ‘ਗੁਜਰਾਤ ਵਿਚ ਕਾਂਗਰਸ ਦੇ ਸ਼ਾਸਨ ਦੌਰਾਨ (1995 ਤੋਂ ਪਹਿਲਾਂ), ਫ਼ਿਰਕੂ ਦੰਗੇ ਬਹੁਤ ਜ਼ਿਆਦਾ ਹੁੰਦੇ ਸਨ। ਕਾਂਗਰਸ ਵੱਖ-ਵੱਖ ਫ਼ਿਰਕਿਆਂ ਤੇ ਜਾਤੀਆਂ ਦੇ ਲੋਕਾਂ ਨੂੰ ਇਕ-ਦੂਜੇ ਖ਼ਿਲਾਫ਼ ਭੜਕਾਉਂਦੀ ਸੀ। ਇਸ ਤਰ੍ਹਾਂ ਦੇ ਦੰਗਿਆਂ ਨਾਲ ਕਾਂਗਰਸ ਨੇ ਆਪਣਾ ਵੋਟ ਬੈਂਕ ਮਜ਼ਬੂਤ ਕੀਤਾ ਤੇ ਸਮਾਜ ਦੇ ਵੱਡੇ ਵਰਗ ਨਾਲ ਅਨਿਆਂ ਕੀਤਾ।’ ਜ਼ਿਕਰਯੋਗ ਹੈ ਕਿ 2002 ਵਿਚ ਗੋਧਰਾ ਕਾਂਡ ਤੋਂ ਬਾਅਦ ਗੁਜਰਾਤ ਵਿਚ ਵੱਡੇ ਪੱਧਰ ਉਤੇ ਹਿੰਸਾ ਹੋਈ ਸੀ।