ਗੁਜਰਾਤ: ਭੁਪੇਂਦਰ ਪਟੇਲ ਵੱਲੋਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼

ਗੁਜਰਾਤ: ਭੁਪੇਂਦਰ ਪਟੇਲ ਵੱਲੋਂ ਸਰਕਾਰ ਬਣਾਉਣ ਲਈ ਦਾਅਵਾ ਪੇਸ਼

ਗਾਂਧੀਨਗਰ- ਗੁਜਰਾਤ ਦੇ ਕਾਰਜਕਾਰੀ ਮੁੱਖ ਮੰਤਰੀ ਭੁਪੇਂਦਰ ਪਟੇਲ (60) ਨੇ ਅੱਜ ਰਾਜਪਾਲ ਅਚਾਰਿਆ ਦੇਵਵਰੱਤ ਨਾਲ ਮੁਲਾਕਾਤ ਕਰਕੇ ਸੂਬੇ ’ਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਸ੍ਰੀ ਪਟੇਲ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਮੀਟਿੰਗ ’ਚ ਭਾਜਪਾ ਵਿਧਾਇਕ ਦਲ ਦਾ ਨੇਤਾ ਬਣਨ ਮਗਰੋਂ ਸ੍ਰੀ ਪਟੇਲ ਰਾਜ ਭਵਨ ਪਹੁੰਚੇ। ਉਨ੍ਹਾਂ ਨਾਲ ਗੁਜਰਾਤ ਭਾਜਪਾ ਦੇ ਪ੍ਰਧਾਨ ਸੀ ਆਰ ਪਾਟਿਲ, ਵਿਧਾਇਕ ਕਨੂ ਦੇਸਾਈ, ਗਣਪਤ ਵਸਾਵਾ, ਹਰਸ਼ ਸਾਂਘਵੀ, ਜੀਤੂ ਵਘਾਨੀ ਅਤੇ ਪੁਰਨੇਸ਼ ਮੋਦੀ ਸਮੇਤ ਹੋਰ ਆਗੂ ਵੀ ਹਾਜ਼ਰ ਸਨ। ਸ੍ਰੀ ਪਟੇਲ 12 ਦਸੰਬਰ ਨੂੰ ਗਾਂਧੀਨਗਰ ਦੇ ਨਵੇਂ ਸਕੱਤਰੇਤ ਨੇੜੇ ਹੈਲੀਪੈਡ ਮੈਦਾਨ ’ਚ ਸਮਾਗਮ ਦੌਰਾਨ 18ਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਹਲਫ਼ਦਾਰੀ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਸ਼ਾਸਨ ਵਾਲੇ ਸੂਬਿਆਂ ਦੇ ਮੁੱਖ ਮੰਤਰੀ ਵੀ ਹਾਜ਼ਰ ਰਹਿਣਗੇ। ਭਾਜਪਾ ਵੱਲੋਂ ਗੁਜਰਾਤ ’ਚ 182 ’ਚੋਂ 156 ਸੀਟਾਂ ’ਤੇ ਰਿਕਾਰਡਤੋੜ ਜਿੱਤ ਹਾਸਲ ਕੀਤੀ ਗਈ ਹੈ। ਇਸ ਮਗਰੋਂ ਸ੍ਰੀ ਪਟੇਲ ਨੇ ਸ਼ੁੱਕਰਵਾਰ ਨੂੰ ਪੂਰੀ ਕੈਬਨਿਟ ਦੇ ਨਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਭਾਜਪਾ ਨੇ ਇਕ ਬਿਆਨ ’ਚ ਕਿਹਾ,‘‘ਪਾਰਟੀ ਦੇ ਪ੍ਰਦੇਸ਼ ਹੈੱਡਕੁਆਰਟਰ ‘ਕਮਲਮ’ ’ਤੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਅੱਜ ਮੀਟਿੰਗ ਹੋਈ ਜਿਥੇ ਭੁਪੇਂਦਰ ਪਟੇਲ ਦਾ ਨਾਮ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਗਿਆ। ਉਨ੍ਹਾਂ ਦੇ ਨਾਮ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ।’’ ਇਸ ਮੌਕੇ ਕੇਂਦਰੀ ਨਿਗਰਾਨ ਵਜੋਂ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ, ਬੀ ਐੱਸ ਯੇਦੀਯੁਰੱਪਾ ਅਤੇ ਅਰਜੁਨ ਮੁੰਡਾ ਵੀ ਹਾਜ਼ਰ ਸਨ। ਸ੍ਰੀ ਪਟੇਲ ਲਗਾਤਾਰ ਦੂਜੀ ਵਾਰ ਘਾਟਲੋਡੀਆ ਸੀਟ ਤੋਂ ਚੋਣ ਜਿੱਤੇ ਹਨ।