ਬਰਾੜ ਨੇ ਚਿੱਠੀ ਲਿਖ ਕੇ ਵੱਡੇ ਸਵਾਲ ਖੜ੍ਹੇ ਕੀਤੇ

ਬਰਾੜ ਨੇ ਚਿੱਠੀ ਲਿਖ ਕੇ ਵੱਡੇ ਸਵਾਲ ਖੜ੍ਹੇ ਕੀਤੇ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਇੱਕ ਚਿੱਠੀ ਮੀਡੀਆ ਨੂੰ ਜਾਰੀ ਕਰਦਿਆਂ ਵੱਡੇ ਸਵਾਲ ਖੜ੍ਹੇ ਕੀਤੇ ਹਨ। ਸ੍ਰੀ ਬਰਾੜ ਨੇ ਇਸ ਚਿੱਠੀ ਰਾਹੀਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਕੁੱਝ ਨੁਕਤੇ ਉਠਾਏ ਸਨ। ਇਸ ਚਿੱਠੀ ਰਾਹੀਂ ਸ੍ਰੀ ਬਰਾੜ ਨੇ ਝੂੰਦਾ ਕਮੇਟੀ ਦੇ ਨੁਕਤੇ ਜਨਤਕ ਕੀਤੇ ਹਨ। ਉਨ੍ਹਾਂ ਇਹ ਨੁਕਤੇ ਇਸ ਚਿੱਠੀ ਰਾਹੀਂ ਅਨੁਸ਼ਾਸਨੀ ਕਮੇਟੀ ਦੇ ਧਿਆਨ ’ਚ ਵੀ ਲਿਆਂਦੇ ਹਨ। ਇਨ੍ਹਾਂ ਨੁਕਤਿਆਂ ਵਿੱਚ ਸਾਬਕਾ ਸੰਸਦ ਮੈਂਬਰ ਨੇ ਕਿਹਾ ਹੈ ਕਿ ਅਕਾਲੀ ਦਲ ਵੱਲੋਂ ਕਾਇਮ ਕੀਤੀ ਇੱਕ ਪੜਤਾਲੀਆ ਸਬ ਕਮੇਟੀ ਦੀ ਰਿਪੋਰਟ ਵਿੱਚ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੂੰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਸੱਤਾ ਦੌਰਾਨ ਹੋਏ ਬੱਜਰ ਗੁਨਾਹਾਂ ਦੀ ਮੁਆਫ਼ੀ ਮੰਗਣ ਅਤੇ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਪਾਲਣਾ ਦਾ ਜ਼ਿਕਰ ਕੀਤਾ ਗਿਆ ਸੀ। ਕਮੇਟੀ ਨੇ ਆਨੰਦਪੁਰ ਸਾਹਿਬ ਦੇ ਮਤੇ ਨੂੰ ਭਵਿੱਖ ਵਿੱਚ ਕੌਮੀ ਏਜੰਡਾ ਬਣਾਏ ਜਾਣ ’ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਬ ਕਮੇਟੀ ਨੇ ਲੋਕ ਭਾਵਨਾਵਾਂ ਦੇ ਅਨੁਕੂਲ ਪਰਿਵਾਰਵਾਦ ਤੇ ਕੁਨਬਾਪ੍ਰਸਤੀ, ਜੋ ਸ਼੍ਰੋਮਣੀ ਅਕਾਲੀ ਦਲ ਅੰਦਰ ਕੋਹੜ ਵਾਂਗ ਫੈਲ੍ਹ ਗਈ ਹੈ, ’ਤੇ ਰੋਕ ਲਾ ਕੇ ਮੈਰਿਟ ਦੇ ਆਧਾਰ ’ਤੇ ਕੁਰਬਾਨੀ ਅਤੇ ਪੰਥਕ ਰਵਾਇਤਾਂ ਮੁਤਾਬਕ ਆਗੂਆਂ ਤੇ ਕਾਰਕੁਨਾਂ ਨੂੰ ਮਾਨਤਾ ਦੇਣ ਦੀ ਗੱਲ ਕਹੀ ਸੀ। ਜਗਮੀਤ ਸਿੰਘ ਬਰਾੜ ਨੇ ਇਹ ਵੀ ਲਿਖਿਆ ਹੈ ਕਿ ਪਾਰਟੀ ਪਧਾਨ ਦੇ ਦੁਆਲੇ ਇਕੱਤਰ ਹੋਏ ਮੌਕਾਪ੍ਰਸਤ, ਲੋਭੀ, ਲਾਲਚੀ ਅਤੇ ਭ੍ਰਿਸ਼ਟ ਲੋਕਾਂ ਨੂੰ ਲਾਂਭੇ ਕਰਕੇ ਯੋਗ ਤੇ ਕੁਰਬਾਨੀ ਵਾਲੇ ਆਗੂਆਂ ਨੂੰ ਮੂਹਰੇ ਲਿਆਂਦਾ ਜਾਵੇ।