ਟਰੰਪ ਦੀ ਵਾਪਸੀ ਅਮਰੀਕੀ ਲੋਕਤੰਤਰ ਲਈ ਘਾਤਕ ਹੋਵੇਗੀ

ਟਰੰਪ ਦੀ ਵਾਪਸੀ ਅਮਰੀਕੀ ਲੋਕਤੰਤਰ ਲਈ ਘਾਤਕ ਹੋਵੇਗੀ

ਦਰਬਾਰਾ ਸਿੰਘ ਕਾਹਲੋਂ

ਦੂਸਰੇ ਸੰਸਾਰ ਯੁੱਧ ਸਮੇਂ ਬਰਤਾਨੀਆ ਦੇ ਤਾਕਤਵਰ ਪ੍ਰਧਾਨ ਮੰਤਰੀ ਰਹੇ ਵਿੰਸਟਨ ਚਰਚਲ ਦਾ ਮੰਨਣਾ ਸੀ ਕਿ ਹੁਣ ਤੱਕ ਇਸ ਸੰਸਾਰ ਵਿਚ ਜਿੰਨੀਆਂ ਵੀ ਕਿਸਮਾਂ ਦੀਆਂ ਸਰਕਾਰਾਂ ਅਜ਼ਮਾਈਆਂ ਗਈਆਂ, ਉਨ੍ਹਾਂ ਵਿਚੋਂ ਸਭ ਤੋਂ ਭੈੜੀ ਕਿਸਮ ਦੀ ਲੋਕਤੰਤਰੀ ਸਰਕਾਰ ਹੈ। ਇਨ੍ਹਾਂ ਬੋਲਾਂ ਵਿਚ ਕਿਧਰੇ ਵੀ ਅਤਿਕਥਨੀ ਦਿਖਾਈ ਨਹੀਂ ਦਿੰਦੀ। ਇਨ੍ਹਾਂ ਵਿਚ ਭਾਵੇਂ ਪੁਰਾਤਨਕਾਲੀ ਯੂਨਾਨੀ ‘ਸਿਟੀ ਸਟੇਟਸ’ ਹੋਣ, ਸਭ ਤੋਂ ਪੁਰਾਣੀ ਚਲੀ ਆ ਰਹੀ ਬਰਤਾਨਵੀ ਪਾਰਲੀਮੈਂਟਰੀ ਸਰਕਾਰ ਹੋਵੇ, ਸਭ ਤੋਂ ਤਾਕਤਵਰ ਅਮਰੀਕੀ ਪ੍ਰਧਾਨਗੀ ਕਿਸਮ ਦੀ ਸਰਕਾਰ ਜਾਂ ਫਿਰ ਸਭ ਤੋਂ ਵਿਸ਼ਾਲ ਪਾਰਲੀਮੈਂਟਰੀ ਜਨਤਕ ਭਲਾਈ ਵਾਲੀ ਭਾਰਤੀ ਲੋਕਤੰਤਰੀ ਸਰਕਾਰ ਹੋਵੇ, ਲਿਖਤੀ ਜਾਂ ਅਲਿਖਤੀ ਸੰਵਿਧਾਨ ਅਨੁਸਾਰ ਚਲਣ ਵਾਲੀਆਂ ਇਨ੍ਹਾਂ ਸਭ ਸਰਕਾਰਾਂ ਵਿਚ ਇੱਕ ਕਾਨੂੰਨ ਮਿੱਤਰਾਂ ਲਈ ਤੇ ਦੂਸਰਾ ਦੁਸ਼ਮਣਾਂ ਲਈ; ਇੱਕ ਕਾਨੂੰਨ ਸ਼ਕਤੀਸ਼ਾਲੀਆਂ ਲਈ ਤੇ ਦੂਸਰਾ ਸ਼ਕਤੀਹੀਣਾਂ ਲਈ, ਇੱਕ ਅਮੀਰਾਂ ਤੇ ਦੂਸਰਾ ਗਰੀਬਾਂ ਲਈ ਮੌਜੂਦ ਹੈ। ਲੋਕਸ਼ਾਹੀਆਂ ਵਿਚ ਕਿਧਰੇ ਵੀ ਲੋਕਾਂ ਨੂੰ ਨਹੀਂ ਦਰਸਾਇਆ ਜਾਂਦਾ ਕਿ ਕਾਨੂੰਨ ਸਰਬ ਸਾਂਝਾ ਅਤੇ ਭੇਦਭਾਵ ਰਹਿਤ ਹੁੰਦਾ ਹੈ।

ਲੋਕਤੰਤਰੀ ਕਿਸਮ ਦੀਆਂ ਸਰਕਾਰਾਂ ’ਤੇ ਕਾਬਜ਼ ਜਾਬਰ ਰਾਜਨੀਤਕ ਆਗੂਆਂ ਦੇ ਮੂੰਹ ਨੂੰ ਨਸਲਵਾਦ, ਨਫਰਤਵਾਦ, ਬੇਇਨਸਾਫੀ, ਭੇਦਭਾਵ, ਸਰਮਾਏਦਾਰਵਾਦ, ਕਾਰਪੋਰੇਟਵਾਦ, ਫਾਸ਼ੀਵਾਦ ਏਕਾਧਿਕਾਰਵਾਦ, ਧਾਰਮਿਕ ਕੱਟੜਵਾਦ, ਰੰਗ ਭੇਦਭਾਵ ਸੱਤਾ ਦਾ ਖੂਨ ਮੂੰਹ ਲੱਗ ਜਾਂਦਾ ਹੈ। ਇਸੇ ਕਰ ਕੇ ਉਹ ਵੱਡੇ ਤੋਂ ਵੱਡੇ ਧੱਕੇ, ਧਨ, ਸੱਤਾ, ਫੌਜੀ, ਰਾਜਕੀ ਸ਼ਕਤੀ, ਝੂਠ-ਫਰੇਬ ਤੇ ਸੰਸਥਾਈ ਤੰਤਰ ਦਾ ਸਹਾਰਾ ਲੈ ਕੇ ਸੱਤਾ ਨਾਲ ਚੰਬੜੇ ਰਹਿਣਾ ਚਾਹੁੰਦੇ ਹਨ। ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਜਿਸ ਨੇ 2016 ਵਿਚ ਰਿਪਬਲੀਕਨ ਉਮੀਦਵਾਰ ਵਜੋਂ ਚੋਣਾਂ ਜਿੱਤੀਆਂ। ਚਾਰ ਸਾਲ ਦੀ ਸੱਤਾ ਦੌਰਾਨ ਉਸ ਦੇ ਮੂੰਹ ਐਸਾ ਲਹੂ ਲੱਗਾ ਕਿ 2020 ਵਾਲੀਆਂ ਚੋਣਾਂ ਹਾਰਨ ਦੇ ਬਾਵਜੂਦ ਉਸ ਨੇ ਸੱਤਾ ਵਿਚ ਰਹਿਣ ਲਈ ਵੱਡੇ ਹੱਥਕੰਡੇ ਅਪਣਾਏ ਅਤੇ ਆਖਿ਼ਰ 6 ਜਨਵਰੀ, 2021 ਨੂੰ ਆਪਣੇ ਨਵ-ਨਾਜ਼ੀਵਾਦੀ, ਨਸਲਵਾਦੀ ਅਤੇ ਹਿੰਸਕ ਸਮਰਥਕਾਂ ਨੂੰ ਅਮਰੀਕੀ ਕਾਂਗਰਸ ’ਤੇ ਹਮਲਾ ਕਰਨ ਲਈ ਉਕਸਾਇਆ। ਭਾਰਤੀ ਲੋਕਤੰਤਰ ਦਾ ਆਗੂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੀ ਅਮਰੀਕੀ ਯਾਤਰਾ ਵੇਲੇ ਐਸੇ ਲੋਕਤੰਤਰ-ਵਿਰੋਧੀ ਲੀਡਰ ਡੋਨਲਡ ਟਰੰਪ ਦੇ ਹੱਕ ਵਿਚ ‘ਅਬ ਕੀ ਬਾਰ-ਟਰੰਪ ਸਰਕਾਰ’ ਦੇ ਨਾਅਰੇ ਲਾਉਂਦਾ ਦਿਖਾਈ ਦਿੱਤਾ।

2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਮੂੰਹ ਦੀ ਖਾਣ, ਰਾਸ਼ਟਰਪਤੀ ਪਦ ’ਤੇ ਹੁੰਦੇ ਹੋਏ ਜਿਸ ਵਿਰੁੱਧ ਦੋ ਵਾਰ ਮਹਾਂ ਦੋਸ਼ ਅਮਰੀਕੀ ਕਾਂਗਰਸ ਵੱਲੋਂ ਚਲਾਇਆ ਗਿਆ ਹੋਵੇ, ਜਿਸ ਦੇ ਹਮਾਇਤੀ ਅਮਰੀਕੀ ਮੱਧਕਾਲੀ ਚੋਣਾਂ ਵਿਚ ਸ਼ਿਕਸਤ ਖਾ ਚੁੱਕੇ ਹੋਣ, ਜਿਸ ਖਿਲਾਫ 6 ਜਨਵਰੀ 2021 ਨੂੰ ਕੀਤੇ ਗੁਨਾਹ ਕਰ ਕੇ ਕਾਨੂੰਨੀ ਪ੍ਰਕਿਰਿਆ ਤੇ ਜਾਂਚ ਚਲ ਰਹੀ ਹੋਵੇ, ਜਾਰਜੀਆ ਸਟੇਟ ਵਿਚ ਚੋਣ ਨਤੀਜੇ ਪ੍ਰਭਾਵਿਤ ਕਰਨ ਦੇ ਦੋਸ਼ ਅਤੇ ਗੈਰ-ਕਾਨੂੰਨੀ ਤੌਰ ’ਤੇ ਆਪਣੇ ਕਾਰਜ ਕਾਲ ਬਾਅਦ ਕਲਾਸੀਫਾਈਡ ਦਸਤਾਵੇਜ਼ ਚੋਰੀ ਕੀਤੇ ਹੋਣ, ਇਸ ਸਬੰਧੀ ਨਾ ਸਿਰਫ ਆਪ ਕੁਫਰ ਤੋਲਿਆ ਬਲਕਿ ਹਮਾਇਤੀਆਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੋਵੇ, ਕੁਫਰ ਤੋਲਣ ਵਿਚ ਨਾਜ਼ੀਵਾਦੀ ਹਿਟਲਰ ਦੇ ਪਬਲਿਕ ਰਿਲੇਸ਼ਨ ਮੰਤਰੀ ਗੋਇਬਲਜ਼ ਨੂੰ ਵੀ ਮਾਤ ਪਾ ਦਿਤੀ ਹੋਵੇ, ਬਾਵਜੂਦ ਕਾਨੂੰਨੀ ਜਵਾਬਦੇਹੀ ਅਤੇ ਗੁਨਾਹਾਂ ਦਾ ਹਿਸਾਬ ਅਦਾਲਤ ਦੇ ਕਟਹਿਰੇ ਵਿਚ ਦੇਣ ਦੀ ਬਜਾਇ ਉਸ ਨੇ 2024 ਵਿਚ ਦੁਬਾਰਾ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਦਾਅਵੇਦਾਰੀ ਦਾ ਐਲਾਨ ਕਰ ਦਿੱਤਾ ਹੈ।

ਡੋਨਲਡ ਟਰੰਪ ਨੇ ਜਿਵੇਂ ਰਾਸ਼ਟਰਪਤੀ ਹੁੰਦਿਆਂ ਲੋਕਤੰਤਰ, ਇਸ ਦੇ ਮਜ਼ਬੂਤ ਸੰਸਥਾਈ ਸਤੰਭਾਂ, ਨਿਰਪੱਖ ਨਿਆਂ ਪਾਲਿਕਾ, ਮੀਡੀਆ ਦਾ ਮਜ਼ਾਕ ਉਡਾਇਆ, ਇਨ੍ਹਾਂ ਸੰਸਥਾਵਾਂ ਨੂੰ ਕਮੋਜ਼ਰ ਕੀਤਾ, ਸਵਾਲ ਇਹ ਹੈ ਕਿ ਅਮਰੀਕੀ ਅਵਾਮ ਅਤੇ ਲੋਕਤੰਤਰ ਅਜਿਹੇ ਸ਼ਖ਼ਸ ਨੂੰ ਮੁੜ ਸਵੀਕਾਰ ਕਿਵੇਂ ਕਰ ਸਕਦਾ ਹੈ? ਜਦੋਂ ਦਾ 2015 ਵਿਚ ਇਹ ਕਾਰੋਬਾਰੀ ਕਾਰਪੋਰੇਟਵਾਦੀ ਅਮਰੀਕੀ ਰਾਜਨੀਤੀ ਵਿਚ ਆਇਆ ਹੈ, ਉਸ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਅਮਰੀਕੀ ਲੋਕਤੰਤਰ, ਇਸ ਦੀਆਂ ਸੰਸਥਾਵਾਂ, ਰਵਾਇਤਾਂ, ਸੰਵਿਧਾਨਿਕ ਪ੍ਰੰਪਰਾਵਾਂ ਨੂੰ ਉਲਟ-ਪੁਲਟ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਲੋਕਤੰਤਰ ਨੂੰ ਆਪਣੇ ਰਾਜਨੀਤਕ, ਕਾਰੋਬਾਰੀ, ਘੱਟ ਗਿਣਤੀ ਕਾਲਿਆਂ, ਹਿਸਪੈਨਿਕਾਂ, ਮਿਹਨਤਕਸ਼ਾਂ, ਛੋਟੇ ਕਾਰੋਬਾਰੀਆਂ ਵਿਰੁੱਧ ਹਥਿਆਰ ਬਣਾ ਕੇ ਰਖ ਦਿਤਾ। ਰਾਸ਼ਟਰਪਤੀ ਪਦ ਦੀ ਤਾਕਤਵਰ ਸੰਸਥਾ ਦਾ ਸ਼ਰਮਨਾਕ ਢੰਗ ਨਾਲ ਦੁਰਉਪਯੋਗ ਕੀਤਾ।

2016 ਵਿਚ ਚੋਣ ਪ੍ਰਚਾਰ ਵੇਲੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਲਈ ਨਵੀਂ ਆਸ ਦੀ ਕਿਰਨ ਬਣੇਗਾ ਜੋ ਮੌਜੂਦਾ ਸਿਸਟਮ, ਰਾਜਨੀਤੀ, ਪ੍ਰਬੰਧ ਤੋਂ ਅੱਕ ਅਤੇ ਥੱਕ ਚੁੱਕੇ ਹਨ। ਉਹ ਅਮਰੀਕਾ ਦਾ ਖੁੱਸਿਆ ਗੌਰਵ ਬਹਾਲ ਕਰੇਗਾ। ਉਸ ਦੇ ਸ਼ਾਸਨ, ਵਿਕਾਸ ਕਾਰਜਾਂ, ਨਵੀਨਤਮ ਤਕਨੀਕੀ, ਸਾਇੰਸੀ, ਪੁਲਾੜ ਪ੍ਰਾਜੈਕਟਾਂ ਦਾ ਕੇਂਦਰ ਅਮਰੀਕੀ ਅਵਾਮ ਅਤੇ ਅਮਰੀਕਾ ਹੋਵੇਗਾ ਲੇਕਿਨ ਸੱਤਾ ਸੰਭਾਲਣ ਬਾਅਦ ਉਸ ਨੇ ਅਤੇ ਰਿਪਬਲੀਕਨ ਪਾਰਟੀ ਨੇ ਰਾਸ਼ਟਰ ਨੂੰ ਇੱਕ ਤੋਂ ਬਾਅਦ ਦੂਸਰੀ ਅਸਫਲਤਾ ਅਤੇ ਨਿਘਾਰ ਵੱਲ ਧਕੇਲਿਆ। ਜਿਸ ਕੋਵਿਡ-19 ਮਹਾਮਾਰੀ ਨੂੰ ਉਸ ਨੇ ਮਜ਼ਾਕ ਵਿਚ ਲਿਆ, ਉਸ ਅੱਗੇ ਉਹ ਅਤੇ ਉਸ ਦਾ ਪ੍ਰਸ਼ਾਸਨ ਮੂਧੇ ਮੂੰਹ ਡਿੱਗਾ ਬੇਵਸ ਨਜ਼ਰ ਆਇਆ। ਮਹਾਂ ਸ਼ਕਤੀ ਦੇ ਸਿਹਤ ਪ੍ਰਬੰਧਾਂ ਦਾ ਪੋਲ ਪੂਰੇ ਸੰਸਾਰ ਮੂਹਰੇ ਖੁੱਲ੍ਹ ਗਿਆ।

2018 ਦੀਆਂ ਅਮਰੀਕੀ ਮੱਧਕਾਲੀ ਚੋਣਾਂ ਵਿਚ ਰਿਪਬਲਿਕਨ, ਕਾਂਗਰਸ ਵਿਚ ਹਾਰ ਗਏ। 2020 ਵਿਚ ਸੈਨੇਟ ਅਤੇ ਫਿਰ ਰਾਸ਼ਟਰਪਤੀ ਚੋਣਾਂ ਵਿਚ ਹਾਰ ਗਏ। ਹੁਣ ਨਵੰਬਰ 2022 ਦੀਆਂ ਮਧਕਾਲੀ ਚੋਣਾਂ ਵਿਚ ਹਾਰ ਨੇ ਅਮਰੀਕੀਆਂ ਨੂੰ ਗੁਮਰਾਹ ਕਰਨ ਅਤੇ ਉਸ ਨਾਲ ਝੂਠ ਬੋਲਣ ਦਾ ਮੁਗਾਲਤਾ ਸਪੱਸ਼ਟ ਹੋ ਗਿਆ ਹੈ। ਨਿਊ ਹੈਂਪਸ਼ਾਇਰ ਦੇ ਹਰਮਨ ਪਿਆਰੇ ਰਿਪਬਲਿਕਨ ਗਵਰਨਰ ਕ੍ਰਿਸ ਸਨੂੰਨੂ ਨੇ ਬਹੁਤ ਸੌਖੀ ਜਿੱਤ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਸਾਬਕਾ ਰਾਸ਼ਟਰਪਤੀ ਟਰੰਪ ਹਾਰੇ ਹੋਏ ਸ਼ਖ਼ਸ ਹਨ ਅਤੇ ਹੈਂਪਸਾਇਰ, ਨਿਊਯਾਰਕ, ਐਰੀਜ਼ੋਨਾ, ਮਿਸ਼ੀਗਨ, ਪੈਨਸਲਵੇਨੀਆ ਆਦਿ ਰਾਜਾਂ ਵਿਚ ਉਸ ਦੀ ਹਮਾਇਤ ਨੂੰ ਵੱਡਾ ਖੋਰਾ ਲੱਗਿਆ ਹੈ।

ਟਰੰਪ ਐਸਾ ਆਗੂ ਸਿੱਧ ਹੋਇਆ ਹੈ ਜੋ ਆਪ-ਹੁਦਰੀ ਏਕਾਧਿਕਾਰ ਸੋਚ ਅਧੀਨ ਫੈਸਲੇ ਕਰਨ ਲਈ ਵੀ ਬਦਨਾਮ ਹੈ। ਉਸ ਨੇ ਆਪਣੇ ਭਰੋਸੇਯੋਗ ਗੁਆਂਢੀ ਰਾਜਾਂ- ਕੈਨੇਡਾ ਅਤੇ ਮੈਕਸਿਕੋ ਨਾਲ ਤ੍ਰੈ-ਪੱਖੀ ਵਪਾਰਕ ਸੰਧੀ ਤੋੜ ਕੇ ਉਨ੍ਹਾਂ ਨਾਲ ਮੁੜ ਤੋਂ ਦੁਵੱਲੀ ਵਪਾਰਕ ਸੰਧੀ ਕੀਤੀ ਜਿਸ ਦੀ ਵੱਡੀ ਮਾਰ ਇਨ੍ਹਾਂ ਗੁਆਢੀ ਦੇਸ਼ਾਂ ਨੂੰ ਝੱਲਣੀ ਪਈ। ਮੈਕਸਿਕੋ ਸਰਹੱਦ ਤੋਂ ਵੱਡੇ ਪੱਧਰ ਤੇ ਘੁਸਪੈਠ ਰੋਕਣ ਲਈ ਕੰਧ ਕੱਢਣ ਦਾ ਫੈਸਲਾ ਕੀਤਾ ਅਤੇ ਉਸ ਦਾ ਖਰਚਾ ਜਬਰੀ ਮੈਕਸੀਕੋ ਸਰਕਾਰ ’ਤੇ ਪਾਇਆ ਲੇਕਿਨ ਉਹ ਪੂਰੀ ਨਹੀਂ ਹੋ ਸਕੀ ਅਤੇ ਜੋਅ ਬਾਇਡਨ ਨੇ ਸੱਤਾ ਸੰਭਾਲਣ ਬਾਅਦ ਉਹ ਪ੍ਰਾਜੈਕਟ ਠੱਪ ਕਰ ਦਿਤਾ। ਉਸ ਨੇ ਪੈਰਿਸ ਵਾਤਾਵਰਨ ਸੰਧੀ ਵਿਚੋਂ ਪੈਰ ਪਿਛਾਂਹ ਖਿੱਚ ਲਏ ਅਤੇ ਇਰਾਨ ਨਾਲ ਕੀਤਾ ਪਰਮਾਣੂ ਸਮਝੌਤਾ ਤੋੜ ਲਿਆ। ਅਕਸਰ ਜੀ-7 ਅਤੇ ਜੀ-20 ਕਾਨਫਰੰਸਾਂ ਵਿਚ ਸੰਸਾਰ ਆਗੂਆਂ ਨਾਲ ਝੇਡਾਂ ਕਰਦਾ ਦੇਖਿਆ ਜਾਂਦਾ ਰਿਹਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਥਾਣੇਦਾਰੀ ਵਰਤਾਉ ਕੀਤਾ। ਕਾਨਫਰੰਸਾਂ ਵਿਚੇ ਛੱਡ ਕੇ ਦੌੜ ਜਾਂਦਾ। ਰਾਸ਼ਟਰਪਤੀ ਬਣਨ ਬਾਅਦ ਉਸ ਨੇ ਆਪਣੀ ਟੈਕਸ ਰਿਟਰਨ ਭਰਨੀ ਬੰਦ ਕਰ ਦਿੱਤੀ। ਹੁਣ ਇਹ ਮਾਮਲਾ ਵੀ ਅਦਾਲਤ ਵਿਚ ਹੈ। ਦਰਅਸਲ ਉਹ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝਦਾ ਸੀ। ਉਸ ਨੇ ਆਪਣੇ ਕਾਰਜਕਾਲ ਵੇਲੇ ਗਰੀਬ ਅਤੇ ਆਮ ਲੋਕਾਂ ਦਾ ਭਵਿੱਖ ਸੁਧਾਰਨ ਲਈ ਕੁਝ ਨਹੀਂ ਕੀਤਾ। ਅਮੀਰ ਲੋਕਾਂ ’ਤੇ ਟੈਕਸ ਲਾਉਣ ਦੀ ਥਾਂ ਦੇਸ਼ ਸਿਰ ਕਰਜ਼ੇ ਦੀ ਪੰਡ ਭਾਰੀ ਕੀਤੀ।

ਦਰਅਸਲ ਡੋਨਲਡ ਟਰੰਪ ਕਿਸੇ ਵੀ ਜਨਤਕ ਪਦ ਲਈ ਅਯੋਗ ਹੈ। ਉਸ ਨੂੰ 2019 ਵਿਚ ਸੱਤਾ ਦੇ ਦੁਰਉਪਯੋਗ ਲਈ ਸੈਨੇਟ ਵੱਲੋਂ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਸੀ। ਇਵੇਂ ਹੀ 6 ਜਨਵਰੀ 2021 ਨੂੰ ਦੇਸ਼ ਅੰਦਰ ਬਗਾਵਤ ਭੜਕਾਉਣ ਲਈ ਜੇਲ੍ਹ ਸੁੱਟਿਆ ਜਾਣਾ ਚਾਹੀਦਾ ਸੀ। ਦੇਸ਼ ਦੇ 15-20 ਜਗੀਰਦਾਰੂ, ਨਸਲਪ੍ਰਸਤ, ਗੈਰ-ਗੋਰਾ ਨਫ਼ਰਤ ਨਾਲ ਲਬਰੇਜ਼ ਰਾਜਾਂ ਨੂੰ ਉਸ ਦੀ ਅੰਨ੍ਹੇਵਾਹ ਹਮਾਇਤ ਬੰਦ ਕਰਨੀ ਚਾਹੀਦੀ ਹੈ। ਅਜੇ ਪਹਿਲੀਆਂ ਪ੍ਰਾਇਮਰੀ ਚੋਣਾਂ ਵਿਚ ਸਾਲ ਪਿਆ ਹੈ, ਰਿਪਬਲਿਕਨ ਪਾਰਟੀ ਨੂੰ ਅੱਗੇ ਹੋ ਕੇ ਉਸ ਦੀ ਪੇਸ਼ਬੰਦੀ ਰੋਕਣੀ ਚਾਹੀਦੀ ਹੈ। ਅਮਰੀਕੀ ਨਾਗਰਿਕਾਂ ਨੂੰ ਲੋਕਸ਼ਾਹੀ ਦੀ ਰਾਖੀ ਖਾਤਰ ‘ਕਾਨੂੰਨ ਦੇ ਰਾਜ’ ਵਿਚ ਵਿਸ਼ਵਾਸ ਕਰਨ ਵਾਲੀ ਰਾਜਨੀਤਕ ਲੀਡਰਸ਼ਿਪ ਨੂੰ ਪੂਰੀ ਸ਼ਿੱਦਤ ਨਾਲ ਅੱਗੇ ਲਿਆਉਣਾ ਪਵੇਗਾ।

ਸੰਵਿਧਾਨਿਕ ਮਾਹਿਰ, ਬੁੱਧੀਜੀਵੀ ਅਤੇ ਅਮਰੀਕੀ ਲੋਕਤੰਤਰ ਦੇ ਪਹਿਰੇਦਾਰਾਂ ਦਾ ਸੁਝਾਅ ਹੈ ਕਿ ਅਮਰੀਕੀ ਕਾਂਗਰਸ ਨੂੰ ‘ਚੋਣ ਗਿਣਤੀ ਕਾਨੂੰਨ’ ਵਿਚ ਅਜਿਹੀ ਸੋਧ ਦੀ ਲੋੜ ਹੈ ਕਿ ਭਵਿੱਖ ਵਿਚ ਕੋਈ ਰਾਸ਼ਟਰਪਤੀ ਚੋਣਾਂ ਦਾ ਉਮੀਦਵਾਰ ਰਾਜਾਂ ਵਲੋਂ ਐਲਾਨੇ ਚੋਣ ਨਤੀਜਿਆਂ ਨੂੰ ਚਣੌਤੀ ਦੇਣ ਦਾ ਅਧਿਕਾਰ ਨਾ ਰਖੇ।

ਰਿਪਬਲਿਕਨ ਪਾਰਟੀ ਨੂੰ ਡੋਨਲਡ ਟਰੰਪ ਵਰਗੇ ਅਯੋਗ, ਨਫਰਤੀ, ਹਿੰਸਕ, ਨਸਲਵਾਦੀ ਸ਼ਖ਼ਸ ਨੂੰ ਮੁੜ ਅੱਗੇ ਨਾ ਲਿਆ ਕੇ ਪਿਛਲੀ ਗਲਤੀ ਸੁਧਾਰਨੀ ਹੋਵੇਗੀ। ਡੈਮੋਕ੍ਰੇਟਾਂ ਨੂੰ ਵੀ ਕਿਸੇ ਨੌਜਵਾਨ, ਸੂਝਵਾਨ, ਲੋਕਸ਼ਾਹੀ ਪ੍ਰਤੀ ਵਚਨਵੱਧ ਉਮੀਦਵਾਰ ਨੂੰ ਬੁੱਢੀ ਲੀਡਰਸ਼ਿਪ ਨਾਲੋਂ ਤਰਜੀਹ ਦੇਣੀ ਪਵੇਗੀ। ਅਮਰੀਕਾ, ਅਮਰੀਕੀ ਲੋਕਾਂ, ਲੋਕਤੰਤਰ ਅਤੇ ਲੋਕਤੰਤਰੀ ਸੰਸਥਾਵਾਂ ਦੀ ਬਿਹਤਰੀ ਅਤੇ ਸੁਰੱਖਿਆ ਇਵੇਂ ਹੀ ਸੰਭਵ ਹੋ ਸਕੇਗੀ।
ਸੰਪਰਕ: +1-289-829-2929