ਗੁਜਰਾਤ ਚੋਣਾਂ: ਭਾਜਪਾ ਦਾ ਸੌਰਾਸ਼ਟਰ ਵਿੱਚ 48 ’ਚੋਂ 40 ਸੀਟਾਂ ’ਤੇ ਕਬਜ਼ਾ

ਗੁਜਰਾਤ ਚੋਣਾਂ: ਭਾਜਪਾ ਦਾ ਸੌਰਾਸ਼ਟਰ ਵਿੱਚ 48 ’ਚੋਂ 40 ਸੀਟਾਂ ’ਤੇ ਕਬਜ਼ਾ

ਕਾਂਗਰਸ 28 ਤੋਂ 3 ਸੀਟਾਂ ’ਤੇ ਸਿਮਟੀ; ‘ਆਪ’ ਨੇ ਲਾਈ ਸੰਨ੍ਹ
ਅਹਿਮਦਾਬਾਦ- ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਸੌਰਾਸ਼ਟਰ ਵਿੱਚ ਹੂੰਝਾ ਫੇਰਦਿਆਂ 48 ਵਿੱਚੋਂ 40 ਸੀਟਾਂ ’ਤੇ ਕਬਜ਼ਾ ਕਰ ਕੇ ਇਸ ਖੇਤਰ ਵਿੱਚ ਆਪਣੀ ਪਕੜ ਮੁੜ ਮਜ਼ਬੂਤ ਕਰ ਲਈ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਇਸ ਖੇਤਰ ਵਿੱਚ 28 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ। ਇਸ ਵਾਰ ਕਾਂਗਰਸ ਸਿਰਫ਼ 3 ਸੀਟਾਂ ’ਤੇ ਹੀ ਸਿਮਟ ਕੇ ਰਹਿ ਗਈ ਹੈ। ਹਾਲਾਂਕਿ, ਪਹਿਲੀ ਵਾਰ ਗੁਜਰਾਤ ਵਿਧਾਨ ਸਭਾ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਦਾ ਹੱਥ ਕਾਂਗਰਸ ਤੋਂ ਉੱਤੇ ਰਿਹਾ। ਉਸ ਨੇ ਸੌਰਾਸ਼ਟਰ ਖੇਤਰ ਵਿੱਚ 4 ਸੀਟਾਂ ’ਤੇ ਜਿੱਤ ਹਾਸਲ ਕੀਤੀ। ਕੁਟੀਆਣਾ ਸੀਟ ਸਮਾਜਵਾਦੀ ਪਾਰਟੀ (ਸਪਾ) ਦੇ ਉਮੀਦਵਾਰ ਕੰਧਾਨ ਜਡੇਜਾ ਨੇ ਜਿੱਤੀ। ਸੌਰਾਸ਼ਟਰ ਵਿੱਚ ਭਾਜਪਾ, ਕਾਂਗਰਸ ਤੇ ‘ਆਪ’ ਨੂੰ ਕ੍ਰਮਵਾਰ 48.23 ਫ਼ੀਸਦੀ, 26 ਫ਼ੀਸਦੀ ਅਤੇ 20 ਫੀਸਦੀ ਵੋਟਾਂ ਪਈਆਂ ਹਨ। ਵਿਧਾਨ ਸਭਾ-2017 ਦੌਰਾਨ ਸੌਰਾਸ਼ਟਰ ਵਿੱਚ ਕਾਂਗਰਸ ਨੇ 28, ਭਾਜਪਾ ਨੇ 19 ਅਤੇ ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ) ਨੇ ਇੱਕ ਸੀਟ ’ਤੇ ਜਿੱਤ ਦਰਜ ਕੀਤੀ ਸੀ। ਉਧਰ, ਭਾਜਪਾ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਕੱਛ ਜ਼ਿਲ੍ਹੇ ਵਿੱਚ ਸਾਰੀਆਂ ਛੇ ਵਿਧਾਨ ਸਭਾ ਸੀਟਾਂ ’ਤੇ ਹੂੰਝਾ ਫੇਰਿਆ ਹੈ। ਇਸ ਖੇਤਰ ਵਿੱਚ ਕਾਂਗਰਸ ਨੇ ਆਪਣੀਆਂ ਪਿਛਲੀਆਂ ਜਿੱਤੀਆਂ ਦੋ ਸੀਟਾਂ ਨੂੰ ਵੀ ਬਰਕਰਾਰ ਰੱਖਣ ’ਚ ਨਾਕਾਮ ਰਹੀ। ਬੇਸ਼ੱਕ ‘ਆਪ’ ਇਸ ਜ਼ਿਲ੍ਹੇ ਵਿੱਚ ਸੀਟਾਂ ਜਿੱਤਣ ਵਿੱਚ ਅਸਫਲ ਰਹੀ, ਪਰ ਉਸ ਨੇ ਕਾਂਗਰਸ ਨੂੰ ਭਾਰੀ ਨੁਕਸਾਨ ਪਹੁੰਚਾਇਆ।