ਨੋਟਬੰਦੀ ਲੋੜੀਂਦੇ ਟੀਚੇ ਹਾਸਲ ਕਰਨ ’ਚ ਨਾਕਾਮ ਰਹੀ: ਅਧੀਰ

ਨੋਟਬੰਦੀ ਲੋੜੀਂਦੇ ਟੀਚੇ ਹਾਸਲ ਕਰਨ ’ਚ ਨਾਕਾਮ ਰਹੀ: ਅਧੀਰ

ਕਾਂਗਰਸ ਆਗੂ ਨੇ ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਚੁੱਕਿਆ ਮੁੱਦਾ
ਨਵੀਂ ਦਿੱਲੀ-ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਸਰਕਾਰ ਵੱਲੋਂ ਨਵੰਬਰ 2016 ’ਚ ਨੋਟਬੰਦੀ ਦੇ ਲਏ ਫ਼ੈਸਲੇ ਦੀ ਨਿਖੇਧੀ ਕਰਦਿਆਂ ਦਾਅਵਾ ਕੀਤਾ ਹੈ ਕਿ ਇਸ ਕਦਮ ਨਾਲ ਲੋੜੀਂਦੇ ਟੀਚੇ ਹਾਸਲ ਨਹੀਂ ਹੋ ਸਕੇ ਕਿਉਂਕਿ ਨਕਦੀ ਦਾ ਵਹਾਅ ਅਤੇ ਨਕਲੀ ਕਰੰਸੀ ਦਾ ਚਲਣ ਵਧ ਗਿਆ ਹੈ। ਕਾਂਗਰਸ ਆਗੂ ਵੱਲੋਂ ਲੋਕ ਸਭਾ ’ਚ ਦਿੱਤੇ ਗਏ ਬਿਆਨ ਦਾ ਭਾਜਪਾ ਦੇ ਨਿਸ਼ੀਕਾਂਤ ਦੂਬੇ ਨੇ ਢੁੱਕਵੇਂ ਢੰਗ ਨਾਲ ਜਵਾਬ ਦਿੰਦਿਆਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਭ੍ਰਿਸ਼ਟਾਚਾਰ ਅਤੇ ਦਹਿਸ਼ਤੀ ਕਾਰਵਾਈਆਂ ਲਈ ਮਾਲੀ ਮਦਦ ਦੇ ਖ਼ਾਤਮੇ ਲਈ ਇਹ ‘ਵੱਡਾ ਕਦਮ’ ਚੁੱਕਿਆ ਸੀ ਜੋ ਕਾਂਗਰਸ ਸਰਕਾਰ ਸਮੇਂ ਬੁਰੀ ਤਰ੍ਹਾਂ ਫੈਲਿਆ ਹੋਇਆ ਸੀ। ਲੋਕ ਸਭਾ ’ਚ ਸਿਫ਼ਰ ਕਾਲ ਦੌਰਾਨ ਮੁੱਦਾ ਚੁੱਕਦਿਆਂ ਚੌਧਰੀ ਨੇ ਕਿਹਾ ਕਿ ਨਕਦੀ ਦਾ ਵਹਾਅ 2016 ਦੇ 18 ਲੱਖ ਕਰੋੜ ਤੋਂ ਵਧ ਕੇ ਮੌਜੂਦਾ ਸਮੇਂ ’ਚ 31 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਕਲੀ ਕਰੰਸੀ ਅਤੇ ਸਵਿਸ ਬੈਂਕਾਂ ’ਚ ਜਮ੍ਹਾਂ ਧਨ ਵੀ ਵਧ ਗਿਆ ਹੈ। ‘ਨੋਟਬੰਦੀ ਕਾਰਨ ਅਰਥਚਾਰੇ ਦੀ ਸਿਹਤ ਬੁਰੀ ਹਾਲਤ ’ਚ ਹੈ। ਨੋਟਬੰਦੀ ਕਾਲੇ ਧਨ ਨੂੰ ਵਾਪਸ ਲਿਆਉਣ ਅਤੇ ਨਕਲੀ ਕਰੰਸੀ ਤੇ ਅਤਿਵਾਦ ਰੋਕਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਪਰ ਇਨ੍ਹਾਂ ’ਚੋਂ ਨੋਟਬੰਦੀ ਦਾ ਕੋਈ ਵੀ ਉਦੇਸ਼ ਪੂਰਾ ਨਹੀਂ ਹੋ ਸਕਿਆ ਹੈ।’ ਭਾਜਪਾ ਆਗੂ ਦੂਬੇ ਨੇ ਚੌਧਰੀ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਆਰਬੀਆਈ ਨੇ ਅਤਿਵਾਦ, ਕਾਲੇ ਧਨ ਅਤੇ ਨਕਲੀ ਕਰੰਸੀ ਦੇ ਖ਼ਾਤਮੇ ਲਈ ਨੋਟਬੰਦੀ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਭ੍ਰਿਸ਼ਟਾਚਾਰ ’ਚ ਸ਼ਾਮਲ ‘ਟੁੱਕੜੇ ਟੁੱਕੜੇ ਗੈਂਗ’ ਦਾ ਪੱਖ ਪੂਰਦੀ ਹੈ।