ਗੁਜਰਾਤ ਤੇ ਹਿਮਾਚਲ ਦੇ ਲੋਕ ਪੰਜਾਬੀਆਂ ਨਾਲੋਂ ਸਿਆਣੇ ਨਿਕਲੇ: ਹਰਸਿਮਰਤ

ਗੁਜਰਾਤ ਤੇ ਹਿਮਾਚਲ ਦੇ ਲੋਕ ਪੰਜਾਬੀਆਂ ਨਾਲੋਂ ਸਿਆਣੇ ਨਿਕਲੇ: ਹਰਸਿਮਰਤ

ਬਿਜਲੀ ਬਿੱਲ ਜ਼ੀਰੋ ਕਰਨ ਦੇ ਨਾਮ ’ਤੇ ਸੂਬੇ ਦੇ ਸਿਰ 12 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹਾਉਣ ਦਾ ਦੋਸ਼; ਜੈਪਾਲਗੜ੍ਹ ’ਚ ਧੂਮ-ਧੜੱਕੇ ਨਾਲ ਵਿਰਾਸਤੀ ਮੇਲੇ ਦਾ ਆਗਾਜ਼

ਬਠਿੰਡਾ- ਇੱਥੇ 16ਵੇਂ ਵਿਰਾਸਤੀ ਮੇਲੇ ਦੇ ਆਗ਼ਾਜ਼ ਮੌਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਦੋਵਾਂ ਨੇ ਇਕੱਠਿਆਂ ਇੱਕ ਬੁਲੇਟ ਮੋਟਰਸਾਈਕਲ ਦੀ ਸਵਾਰੀ ਵੀ ਕੀਤੀ। ਵੱਖਰੇ ਤੌਰ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਬਾਦਲ ਨੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜਿਆਂ ਦੇ ਹਵਾਲੇ ਨਾਲ ਟਿੱਪਣੀ ਕੀਤੀ ਕਿ ਦੋਵੇਂ ਰਾਜਾਂ ਦੇ ਵੋਟਰ ਪੰਜਾਬੀਆਂ ਤੋਂ ਸਿਆਣੇ ਨਿਕਲੇ, ਜੋ ਬਦਲਾਅ ਲਿਆਉਣ ਦੇ ਲਾਰਿਆਂ ਅਤੇ ਗਾਰੰਟੀਆਂ ਦੇ ਝਾਂਸੇ ’ਚ ਨਹੀਂ ਫਸੇ। ਉਨ੍ਹਾਂ ਬਗ਼ੈਰ ਨਾਂ ਲਿਆਂ ‘ਆਪ’ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਜਿਨ੍ਹਾਂ ਨੇ ਸਾਡੇ ਨਾਲ ਧੋਖਾ ਕੀਤਾ ਆਉਣ ਵਾਲੇ ਸਮੇਂ ’ਚ ਉਨ੍ਹਾਂ ਨੂੰ ਸਬਕ ਜ਼ਰੂਰ ਸਿਖਾਵਾਂਗੇ।

ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਤਰੱਕੀਆਂ ਕਰ ਰਿਹਾ ਸੀ, ਪਰ ਹੁਣ ਸਭ ਕੰਮ ਰੁਕ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ’ਚ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਤੇ ਗਲੀ-ਗਲੀ ਵਿੱਚ ਨਸ਼ੇ ਵਿਕ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਤੇ ਲੋਕਾਂ ਨੂੰ ਨਿੱਤ-ਦਿਨ ਫਿਰੌਤੀਆਂ ਲਈ ਕਾਲਾਂ ਆ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪਿਛਲੇ ਦੋ ਮਹੀਨਿਆਂ ਦੀਆਂ ਵਾਰਦਾਤਾਂ ਮਿਸਾਲ ਹਨ ਕਿ ਜਿਨ੍ਹਾਂ ਕੋਲ ਸੁਰੱਖਿਆ ਸੀ, ਉਨ੍ਹਾਂ ਨੂੰ ਵੀ ਪੁਲੀਸ ਦੀ ਹਾਜ਼ਰੀ ’ਚ ਕਤਲ ਕਰ ਦਿੱਤਾ ਗਿਆ ਹੈ। ਸ੍ਰੀਮਤੀ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਹਰ ਮਹੀਨੇ 1880 ਕਰੋੜ ਰੁਪਏ ਦਾ ਕਰਜ਼ਾ ਚੁੱਕ ਕੇ ਪਾਵਰਕੌਮ ਨੂੰ ਮੁਫ਼ਤ ਬਿਜਲੀ ਲਈ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖ਼ਪਤਕਾਰ ਜ਼ੀਰੋ ਬਿੱਲ ਵੇਖ ਕੇ ਖ਼ੁਸ਼ ਹੋ ਰਹੇ ਹਨ, ਪਰ ਸਰਕਾਰ ਹੁਣ ਤੱਕ ਸੂਬੇ ਦੇ ਸਿਰ 12 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇ ਇਸੇ ਤਰ੍ਹਾਂ ਪੰਜਾਬ ਕਰਜ਼ੇ ਨਾਲ ਖੋਖਲਾ ਹੁੰਦਾ ਗਿਆ ਤਾਂ ਹੁਣ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਅਤੇ ਬੱਚਿਆਂ ਨੂੰ ਭਵਿੱਖ ਵਿੱਚ ਨੌਕਰੀਆਂ ਨਹੀਂ ਮਿਲਣਗੀਆਂ।

ਮੇਲੇ ਨੂੰ ਚਾਰ ਚੰਨ ਲਾਉਣ ਲਈ ਉਚੇਚੇ ਤੌਰ ’ਤੇ ਵਸਾਏ ਗਏ ਪਿੰਡ ਜੈਪਾਲਗੜ੍ਹ ਵਿੱਚ ਇਹ ਮੇਲਾ ਧੂਮ-ਧੜੱਕੇ ਨਾਲ ਸ਼ੁਰੂ ਹੋਇਆ। ਮੇਲੇ ਦੀ ਰਸਮੀ ਸ਼ੁਰੂਆਤ ਗੁਰਦੁਆਰਾ ਸ੍ਰੀ ਹਾਜੀ ਰਤਨ ਸਾਹਿਬ ਵਿੱਚ ਅਰਦਾਸ ਕਰਨ ਮਗਰੋਂ ਦਰਗਾਹ ’ਤੇ ਚਾਦਰ ਚੜ੍ਹਾਉਣ ਨਾਲ ਹੋਈ। ਇਸੇ ਜਗ੍ਹਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ, ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪਲਵੀ ਨੇ ਝੰਡੀ ਦਿਖਾ ਕੇ ਵਿਰਾਸਤੀ ਜਲੂਸ ਨੂੰ ਰਵਾਨਾ ਕੀਤਾ। ਵਿਰਾਸਤੀ ਕਾਫ਼ਲੇ ਵਿੱਚ ਪੁਰਾਤਨ ਵਿਰਾਸਤ ਦੇ ਦਰਸ਼ਨ ਕਰਾਉਂਦੀਆਂ ਝਾਕੀਆਂ, ਘੋੜੇ, ਊਠ ਗੱਡੀਆਂ, ਸ਼ਿੰਗਾਰੇ ਹੋਏ ਰਥ, ਪੁਰਾਣੇ ਸਮੇਂ ਦੀਆਂ ਜੀਪਾਂ ਤੇ ਮੋਟਰਸਾਈਕਲਾਂ ਤੋਂ ਇਲਾਵਾ ਪੁਰਾਤਨ ਸੱਭਿਆਚਾਰ ਨੂੰ ਦਰਸਾਉਂਦੇ ਪਹਿਰਾਵੇ ਵਿੱਚ ਸ਼ਾਮਲ ਬਜ਼ੁਰਗਾਂ ਤੇ ਗੱਭਰੂਆਂ ਦਾ ਭੰਗੜਾ, ਮੁਟਿਆਰਾਂ ਦਾ ਗਿੱਧਾ, ਹੱਥ ਬੁਣਤੀ ਵਾਲੀਆਂ ਪੱਖੀਆਂ ਤੇ ਚਰਖੇ ਆਦਿ ਦਰਸ਼ਕਾਂ ਲਈ ਖਾਸ ਖਿੱਚ ਬਣੇ। ਗੌਰਤਲਬ ਹੈ ਕਿ ਬਠਿੰਡਾ ’ਚ ਲੱਗਣ ਵਾਲੇ ਇਸ ਸਾਲਾਨਾ ਵਿਰਾਸਤੀ ਮੇਲੇ ਦੀ ਸ਼ੁਰੂਆਤ 2004 ’ਚ ਹੋਈ ਸੀ।