ਸਿੱਧੂ ਮੂਸੇਵਾਲਾ: ਵਿੱਕੀ ਮਿੱਡੂਖੇੜਾ ਦੇ ਭਰਾ ਨੇ ਮੋਬਾਈਲ ਫੋਨ ਤੇ ਦਸਤਾਵੇਜ਼ ਜਮ੍ਹਾਂ ਕਰਵਾਏ

ਸਿੱਧੂ ਮੂਸੇਵਾਲਾ: ਵਿੱਕੀ ਮਿੱਡੂਖੇੜਾ ਦੇ ਭਰਾ ਨੇ ਮੋਬਾਈਲ ਫੋਨ ਤੇ ਦਸਤਾਵੇਜ਼ ਜਮ੍ਹਾਂ ਕਰਵਾਏ

ਮਾਨਸਾ ਪੁਲੀਸ ਨੇ ਜਾਂਚ ਵਿੱਚ ਲਿਆਂਦੀ ਤੇਜ਼ੀ; ਬਲਕੌਰ ਸਿੰਘ ਨੇ ਜਾਂਚ ’ਤੇ ਤਸੱਲੀ ਪ੍ਰਗਟਾਈ
ਮਾਨਸਾ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਸਬੰਧੀ ਮਾਨਸਾ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਤਹਿਤ ਅੱਜ ਮਰਹੂਮ ਵਿੱਕੀ ਮਿੱਡੂਖੇੜਾ ਦੇ ਭਰਾ ਅਜੈ ਪਾਲ ਸਿੰਘ ਮਿੱਡੂਖੇੜਾ ਤੋਂ ਉਸ ਦਾ ਮੋਬਾਈਲ ਫੋਨ ਅਤੇ ਹੋਰ ਦਸਤਾਵੇਜ਼ ਹਾਸਲ ਕੀਤੇ ਗਏ ਹਨ। ਅਜੈ ਪਾਲ ਅੱਜ ਇਥੇ ਉਕਤ ਸਾਮਾਨ ਪੁਲੀਸ ਹਵਾਲੇ ਕਰਕੇ ਵਾਪਸ ਚਲਾ ਗਿਆ ਹੈ। ਇੱਕ ਹਫ਼ਤੇ ਦੌਰਾਨ ਉਸ ਨੂੰ ਅੱਜ ਦੂਜੀ ਵਾਰ ਬੁਲਾਇਆ ਗਿਆ ਹੈ। ਪਹਿਲੇ ਗੇੜੇ ਦੌਰਾਨ ਪੁਲੀਸ ਵੱਲੋਂ ਅਜੈ ਪਾਲ ਸਿੰਘ ਮਿੱਡੂਖੇੜਾ ਤੋਂ ਲੰਬੀ ਪੁੱਛ-ਪੜਤਾਲ ਕੀਤੀ ਗਈ ਸੀ। ਇਸ ਤੋਂ ਪਹਿਲਾਂ ਮਾਨਸਾ ਪੁਲੀਸ ਨੇ ਕੱਲ੍ਹ ਸੀਆਈਏ ਥਾਣਾ ਮਾਨਸਾ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਵੀ ਪੁੱਛ-ਪੜਤਾਲ ਕੀਤੀ ਸੀ। ਜਾਣਕਾਰੀ ਅਨੁਸਾਰ ਮਾਨਸਾ ਪੁਲੀਸ ਵੱਲੋਂ ਇਸ ਕੇਸ ਵਿੱਚ ਬਾਵਾ ਸੰਧੂ ਤੇ ਉਸ ਦੇ ਦੋ ਨੇੜਲੇ ਸਾਥੀਆਂ ਨੂੰ ਵੀ ਤਲਬ ਕੀਤਾ ਹੋਇਆ ਹੈ, ਬਾਵਾ ਸੰਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨੇੜਲਾ ਸਾਥੀ ਦੱਸਿਆ ਜਾਂਦਾ ਹੈ। ਇਨ੍ਹਾਂ ਦੇ ਅਗਲੇ ਦਿਨਾਂ ਦੌਰਾਨ ਪੁੱਛ-ਪੜਤਾਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਗਾਇਕਾਂ ਤੋਂ ਬਿਨਾ ਪੁਲੀਸ ਨੇ ਸੰਗੀਤ ਨਿਰਦੇਸ਼ਕ ਨਿਸ਼ਾਨ ਸਿੰਘ ਨੂੰ ਵੀ ਤਫਤੀਸ਼ ’ਚ ਸ਼ਾਮਲ ਕੀਤਾ ਹੈ, ਜੋ ਇੱਕ ਸੀਨੀਅਰ ਪੁਲੀਸ ਅਧਿਕਾਰੀ ਦਾ ਪੁੱਤਰ ਹੈ। ਪੁਲੀਸ ਦੇ ਇੱਕ ਅਧਿਕਾਰੀ ਅਨੁਸਾਰ ਇਸ ਕੇਸ ਸਬੰਧੀ ਕਈ ਲੋਕਾਂ ਤੋਂ ਲੋੜੀਂਦੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅੱਜ ਪੁਲੀਸ ਵੱਲੋਂ ਇਸ ਕੇਸ ਦੀ ਜਾਂਚ ਵਿੱਚ ਲਿਆਂਦੀ ਤੇਜ਼ੀ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।