ਗੁਜਰਾਤ ਚੋਣਾਂ: ਦੂਜੇ ਗੇੜ ’ਚ 65.22 ਫੀਸਦੀ ਵੋਟਿੰਗ

ਗੁਜਰਾਤ ਚੋਣਾਂ: ਦੂਜੇ ਗੇੜ ’ਚ 65.22 ਫੀਸਦੀ ਵੋਟਿੰਗ

ਅਹਿਮਦਾਬਾਦ- ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖ਼ਰੀ ਗੇੜ ਵਿੱਚ 93 ਸੀਟਾਂ ’ਤੇ 65.22 ਫੀਸਦੀ ਵੋਟਿੰਗ ਦਰਜ ਕੀਤੀ ਗਈ। ਚੋਣ ਕਮਿਸ਼ਨ ਨੇ ਇਸ ਸਬੰਧੀ ਤਾਜ਼ਾ ਅੰਕੜਾ ਅੱਜ ਜਾਰੀ ਕੀਤਾ ਹੈ। 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਹਲਕਿਆਂ ਵਿੱਚ 69.99 ਫ਼ੀਸਦੀ ਵੋਟਾਂ ਪਈਆਂ ਸਨ। ਗੁਜਰਾਤ ਦੇ ਉੱਤਰੀ ਅਤੇ ਕੇਂਦਰੀ ਖੇਤਰਾਂ ਦੇ 14 ਜ਼ਿਲ੍ਹਿਆਂ ਵਿੱਚ 93 ਸੀਟਾਂ ’ਤੇ ਸੋਮਵਾਰ ਨੂੰ ਵੋਟਿੰਗ ਹੋਈ ਸੀ। ਪਹਿਲੇ ਗੇੜ ਵਿੱਚ 89 ਸੀਟਾਂ ’ਤੇ ਪਹਿਲੀ ਦਸੰਬਰ ਨੂੰ ਵੋਟ ਪਈਆਂ ਸਨ ਅਤੇ ਇਸ ਦੌਰਾਨ 63.31 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਗੁਜਰਾਤ ਵਿਧਾਨ ਸਭਾ ਵਿੱਚ ਕੁੱਲ 182 ਸੀਟਾਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ 68.41 ਫੀਸਦੀ ਵੋਟਾਂ ਪਈਆਂ ਸਨ। ਚੋਣ ਕਮਿਸ਼ਨ ਦੇ ਤਾਜ਼ਾ ਅੰਕੜਿਆਂ ਮੁਤਾਬਕ, ਦੂਜੇ ਗੇੜ ਦੀਆਂ ਵੋਟਾਂ ਦੌਰਾਨ 21 ਸੀਟਾਂ ਵਾਲੇ ਅਹਿਮਦਾਬਾਦ ਜ਼ਿਲ੍ਹੇ ਵਿੱਚ ਸਭ ਤੋਂ ਘੱਟ 59.10 ਫੀਸਦੀ ਵੋਟਿੰਗ ਦਰਜ ਕੀਤੀ ਗਈ, ਜਦੋਂਕਿ ਬਨਾਸਕਾਂਠਾ ਵਿੱਚ ਸਭ ਤੋਂ ਵੱਧ 72.49 ਫੀਸਦੀ ਵੋਟਾਂ ਪਈਆਂ। ਸਾਬਰਕਾਂਠਾ 71.43 ਫੀਸਦੀ ਵੋਟਿੰਗ ਨਾਲ ਦੂਜੇ ਨੰਬਰ ’ਤੇ ਰਿਹਾ। ਇਨ੍ਹਾਂ ਤੋਂ ਇਲਾਵਾ ਖੇੜਾ ਵਿੱਚ 68.55 ਫੀਸਦੀ, ਪੰਚਮਹਿਲ ’ਚ 68.44 ਫੀਸਦੀ, ਆਨੰਦ ’ਚ 68.42 ਫੀਸਦੀ, ਅਰਵਲੀ ’ਚ 67.55 ਫੀਸਦੀ, ਗਾਂਧੀਨਗਰ ’ਚ 66.90 ਫੀਸਦੀ, ਮੇਹਸਾਣਾ ’ਚ 66.42 ਫੀਸਦੀ, ਪਾਟਨ ’ਚ 66.07 ਫੀਸਦੀ, ਛੋਟਾ ਉਦੈਪੁਰ ’ਚ 65.48 ਫੀਸਦੀ, ਵਡੋਦਰਾ ’ਚ 65.24 ਫੀਸਦੀ, ਮਹੀਸਾਗਰ ’ਚ 61.69 ਫੀਸਦੀ ਅਤੇ ਦਾਹੋਦ ਵਿੱਚ 60.07 ਫੀਸਦੀ ਵੋਟ ਪੋਲ ਹੋਈ।

ਰਾਜਸਥਾਨ: ਸਰਦਾਰਸ਼ਹਿਰ ਜ਼ਿਮਨੀ ਚੋਣ ਲਈ 72.09 ਫੀਸਦੀ ਵੋਟਿੰਗ

ਜੈਪੁਰ: ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੀ ਸਰਦਾਰਸ਼ਹਿਰ ਵਿਧਾਨ ਸਭਾ ਸੀਟ ਲਈ ਹੋਈ ਜ਼ਿਮਨੀ ਚੋਣ ਵਿੱਚ 72.09 ਫੀਸਦੀ ਵੋਟਾਂ ਪਈਆਂ। ਇਹ ਜਾਣਕਾਰੀ ਅੱਜ ਇੱਕ ਅਧਿਕਾਰੀ ਨੇ ਦਿੱਤੀ। ਬੀਤੇ ਦਿਨੀਂ 295 ਬੂਥਾਂ ’ਤੇ ਸਵੇਰੇ ਅੱਠ ਤੋਂ ਸ਼ਾਮ ਪੰਜ ਤੱਕ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਵੀਰਵਾਰ ਨੂੰ ਕੀਤੀ ਜਾਵੇਗੀ। ਕਾਂਗਰਸ ਵਿਧਾਇਕ ਭਾਂਵਰ ਲਾਲ ਸ਼ਰਮਾ ਦਾ 9 ਅਕਤੂਬਰ ਨੂੰ ਦੇਹਾਂਤ ਹੋਣ ਕਾਰਨ ਇਹ ਸੀਟ ਖਾਲੀ ਹੋ ਗਈ ਸੀ। ਕਾਂਗਰਸ ਨੇ ਭੰਵਰ ਲਾਲ ਦੇ ਪੁੱਤਰ ਅਨਿਲ ਕੁਮਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦੋਂਕਿ ਸਾਬਕਾ ਵਿਧਾਇਕ ਅਸ਼ੋਕ ਕੁਮਾਰ ਭਾਜਪਾ ਦੇ ਉਮੀਦਵਾਰ ਹਨ। ਇਨ੍ਹਾਂ ਤੋਂ ਇਲਾਵਾ ਅੱਠ ਹੋਰ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।