‘ਆਪ’ ਦੇ ਰਾਜ ’ਚ ਪੰਜਾਬ ਦੇ ਲੋਕਾਂ ਦੀ ਲੁੱਟ: ਪ੍ਰਨੀਤ ਕੌਰ

‘ਆਪ’ ਦੇ ਰਾਜ ’ਚ ਪੰਜਾਬ ਦੇ ਲੋਕਾਂ ਦੀ ਲੁੱਟ: ਪ੍ਰਨੀਤ ਕੌਰ

ਸਮਾਣਾ- ਲੋਕ ਸਭਾ ਹਲਕਾ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਆਲੋਚਨਾ ਕਰਦਿਆਂ ਪੰਜਾਬ ਨੂੰ ਵਿਕਾਸ ਕਾਰਜਾਂ ਵਿੱਚ ਪਿੱਛੇ ਧੱਕਣ ਦੇ ਦੋਸ਼ ਲਾਏ ਹਨ। ਅੱਜ ਉਹ ਪਿੰਡ ਕੁਲਾਰਾਂ ਵਿੱਚ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਲੋਕ ਸਭਾ ਮੈਂਬਰ ਨੇ ਆਪਣੇ ਐੱਮਪੀ ਫੰਡ ਵਿਚੋਂ ਪਿੰਡ ਕੁਲਾਰਾਂ ਤੇ ਗੋਬਿੰਦ ਨਗਰ ਦੇ ਵਿਕਾਸ ਕਾਰਜਾਂ ਲਈ 3-3 ਲੱਖ ਰੁਪਏ ਦੀ ਗਰਾਂਟ ਵੀ ਦਿੱਤੀ। ਪ੍ਰਨੀਤ ਕੌਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਚੋਣਾਂ ਦੌਰਾਨ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ ਪਰ 7 ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਅੱਜ ਤੱਕ ਪੰਜਾਬ ਦੀ ਕਿਸੇ ਵੀ ਔਰਤ ਨੂੰ ਸਰਕਾਰ ਵੱਲੋਂ ਇੱਕ ਪੈਸਾ ਵੀ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਾਲੇ ਤੱਕ ਕੋਈ ਮਾਈਨਿੰਗ ਪਾਲਿਸੀ ਵੀ ਨਹੀਂ ਬਣਾ ਸਕੀ ਜਿਸ ਕਾਰਨ ਮਹਿੰਗੇ ਰੇਤ ਤੇ ਬੱਜਰੀ ਕਾਰਨ ਪੰਜਾਬ ਦੇ ਲੋਕਾਂ ਦੀ ਲੁੱਟ ਹੋ ਰਹੀ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੇਣੀਆਂ ਤਾਂ ਦੂਰ ਸਗੋਂ ਪਿਛਲੇ 10-10 ਸਾਲਾਂ ਦੇ ਰਿਕਾਰਡਾਂ ਦੀ ਜਾਂਚ ਕਰਵਾ ਕੇ ਪੰਜਾਬ ਸਰਕਾਰ ਵਿਕਾਸ ਕਾਰਜਾਂ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਹੁਣ ਖੁਦ ਨੂੰ ਲੁੱਟਿਆ ਮਹਿਸੂਸ ਕਰਨ ਲੱਗੇ ਹਨ। ਇਸ ਮੌਕੇ ਗੋਬਿੰਦ ਨਗਰ ਦੇ ਸਰਪੰਚ ਹਰਦੀਪ ਸਿੰਘ, ਪਿੰਡ ਕੁਲਾਰਾਂ ਦੇ ਸਰਪੰਚ ਰਾਜ ਕੁਮਾਰ ਬਾਵਾ ਤੇ ਸੰਜੀਵ ਗਰਗ ਆਦਿ ਹਾਜ਼ਰ ਸਨ।