ਆਧੁਨਿਕ ਸੰਸਾਰ ’ਚ ਰਵਾਇਤਾਂ ਵੀ ਕਾਇਮ ਰੱਖਣ ਵਿਦਿਆਰਥੀ: ਮੁਰਮੂ

ਆਧੁਨਿਕ ਸੰਸਾਰ ’ਚ ਰਵਾਇਤਾਂ ਵੀ ਕਾਇਮ ਰੱਖਣ ਵਿਦਿਆਰਥੀ: ਮੁਰਮੂ

ਅਮਰਾਵਤੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੇਸ਼ ਦੇ ਵਿਕਾਸ ਵਿਚ ਆਂਧਰਾ ਪ੍ਰਦੇਸ਼ ਦੇ ਲੋਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ, ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਉਹ ਰਵਾਇਤਾਂ ਨੂੰ ਕਾਇਮ ਰੱਖਣ ’ਚ ਅਤੇ ਆਧੁਨਿਕ ਸੰਸਾਰ ’ਚ ਥਾਂ ਬਣਾਉਣ ਵਿਚਾਲੇ ਤਵਾਜ਼ਨ ਪੈਦਾ ਕਰਨ। ਰਾਸ਼ਟਰਪਤੀ ਬਣਨ ਤੋਂ ਬਾਅਦ ਮੁਰਮੂ ਅੱਜ ਪਹਿਲੀ ਵਾਰ ਇੱਥੇ ਆਏ ਸਨ। ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ, ‘ਕੌਮੀ ਸਿੱਖਿਆ ਨੀਤੀ-2020 ਮੁਤਾਬਕ ਸਾਡੇ ਵਿਦਿਆਰਥੀਆਂ ਨੂੰ ਰਵਾਇਤਾਂ ਕਾਇਮ ਰੱਖਣ ਦੇ ਨਾਲ-ਨਾਲ ਆਧੁਨਿਕ ਸੰਸਾਰ ਵਿਚ ਪ੍ਰਮੁੱਖ ਥਾਂ ਹਾਸਲ ਕਰਨੀ ਚਾਹੀਦੀ ਹੈ। ਉੱਘੇ ਵਿਗਿਆਨੀ ਡਾ. ਯੱਲਾਪ੍ਰਗੜਾ ਸੁੱਬਾ ਰਾਓ ਨੇ ਇਕ ਸਦੀ ਪਹਿਲਾਂ ਅਜਿਹਾ ਕੀਤਾ ਸੀ।’ ਰਾਸ਼ਟਰਪਤੀ ਨੇ ਇਸ ਮੌਕੇ ਡਾ. ਸੁੱਬਾ ਰਾਓ ਦੀ ਹਾਰਵਰਡ ਮੈਡੀਕਲ ਸਕੂਲ ਵੇਲੇ ਦੀ ਜ਼ਿੰਦਗੀ ਨੂੰ ਯਾਦ ਕੀਤਾ। ਉਹ 1922 ਵਿਚ ਫਾਰਮੇਸੀ ਤੇ ਬਾਇਓਕੈਮਿਸਟਰੀ ਦੀ ਪੜ੍ਹਾਈ ਲਈ ਹਾਰਵਰਡ ਗਏ ਸਨ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੇ ਖੋਜ ਕਾਰਜ ਨਾਲ ਕਈ ਜੀਵਨ ਬਚਾਉਣ ਵਾਲੀਆਂ ਦਵਾਈਆਂ ਬਣੀਆਂ। ਉਹ ਆਯੁਰਵੈਦ ਵਿਚ ਵੀ ਦਿਲਚਸਪੀ ਰੱਖਦੇ ਸਨ। ਉਨ੍ਹਾਂ ਨਾਲ ਹੀ ਜ਼ਿਕਰ ਕੀਤਾ ਕਿ ਆਜ਼ਾਦ ਭਾਰਤ ਵਿਚ ਆਂਧਰਾ ਪ੍ਰਦੇਸ਼ ਨੇ ਆਧੁਨਿਕ ਵਿਗਿਆਨ ਤੇ ਤਕਨੀਕ ਦੇ ਵਿਕਾਸ ਵਿਚ ਮੋਹਰੀ ਭੂਮਿਕਾ ਅਦਾ ਕੀਤੀ। ਮੁਰਮੂ ਨੇ ਕਿਹਾ ਕਿ ਤੇਲਗੂ ਭਾਈਚਾਰੇ ਦਾ ਪੂਰੀ ਦੁਨੀਆ ਵਿਚ ਰਸੂਖ਼ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਤਕਨੀਕੀ ਪੇਸ਼ੇਵਰ ਹਨ। ਰਾਸ਼ਟਰਪਤੀ ਨੇ ਇਸ ਮੌਕੇ ਆਂਧਰਾ ਪ੍ਰਦੇਸ਼ ਵੱਲੋਂ ਮਹਿਲਾਵਾਂ ਨੂੰ ਮਜ਼ਬੂਤ ਬਣਾਉਣ ਲਈ ਚੁੱਕੇ ਗਏ ਕਦਮਾਂ ਦਾ ਵੀ ਜ਼ਿਕਰ ਕੀਤਾ। ਸੂਬੇ ਦੇ ਦੋ ਦਿਨਾਂ ਦੇ ਦੌਰੇ ਦੌਰਾਨ ਮੁਰਮੂ ਭਲਕੇ ਸ੍ਰੀ ਵੈਂਕਟੇਸ਼ਵਰਾ ਸਵਾਮੀ ਤੀਰਥ ਵੀ ਜਾਣਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਤੇ ਹੋਰਨਾਂ ਨੇ ਰਾਸ਼ਟਰਪਤੀ ਦਾ ਹਵਾਈ ਅੱਡੇ ’ਤੇ ਸਵਾਗਤ ਕੀਤਾ।