ਸਾਹਿਬਜ਼ਾਦਿਆਂ ਦੀ ਕੁਰਬਾਨੀ ਲਈ ਦੇਸ਼ ਹਮੇਸ਼ਾ ਰਿਣੀ ਰਹੇਗਾ: ਕੇਂਦਰੀ ਮੰਤਰੀ

ਸਾਹਿਬਜ਼ਾਦਿਆਂ ਦੀ ਕੁਰਬਾਨੀ ਲਈ ਦੇਸ਼ ਹਮੇਸ਼ਾ ਰਿਣੀ ਰਹੇਗਾ: ਕੇਂਦਰੀ ਮੰਤਰੀ

ਅੰਮ੍ਰਿਤਸਰ -ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਆਖਿਆ ਕਿ ਸਿੱਖ ਗੁਰੂਆਂ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਲਈ ਦੇਸ਼ ਹਮੇਸ਼ਾ ਰਿਣੀ ਰਹੇਗਾ। ਉਹ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ ਭਾਜਪਾ ਆਗੂਆਂ ਨਾਲ ਇਕ ਗੈਰ-ਰਸਮੀ ਮੀਟਿੰਗ ਵੀ ਕੀਤੀ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਉਨ੍ਹਾਂ ਕਿਹਾ ਕਿ ਗੁਰੂਆਂ ਦਾ ਬਲੀਦਾਨ ਤੇ ਸਮਰਪਣ ਦੇਸ਼ ਲਈ ਇਕ ਵੱਡਾ ਸਮਰਪਣ ਹੈ। ਇਸ ਨੂੰ ਸਾਰਾ ਦੇਸ਼ ਯਾਦ ਕਰਦਾ ਹੈ ਅਤੇ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ‘ਬਾਲ ਸ਼ਹੀਦ ਦਿਵਸ’ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ ਅਤੇ ਸਮੁੱਚਾ ਦੇਸ਼ ਇਸ ਨੂੰ ਮਨਾਏਗਾ। ਉਨ੍ਹਾਂ ਨੇ ਦੇਸ਼ ਵੰਡ ਵੇਲੇ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਵਿਚ ਸਨਮਾਨਿਤ ਕੀਤਾ ਗਿਆ। ਦਰਬਾਰ ਸਾਹਿਬ ਮਗਰੋਂ ਕੇਂਦਰੀ ਮੰਤਰੀ ਨੇ ਦੁਰਗਿਆਣਾ ਮੰਦਿਰ ਵਿੱਚ ਵੀ ਮੱਥਾ ਟੇਕਿਆ।