ਕਾਂਗਰਸ ਕੰਮ ਲਟਕਾਉਣ ਤੇ ਅੜਿੱਕੇ ਡਾਹੁਣ ’ਚ ਰੱਖਦੀ ਹੈ ਯਕੀਨ: ਮੋਦੀ

ਕਾਂਗਰਸ ਕੰਮ ਲਟਕਾਉਣ ਤੇ ਅੜਿੱਕੇ ਡਾਹੁਣ ’ਚ ਰੱਖਦੀ ਹੈ ਯਕੀਨ: ਮੋਦੀ

ਨਰਮਦਾ ਦਾ ਪਾਣੀ ਸੋਕਾਗ੍ਰਸਤ ਖੇਤਰਾਂ ਤੱਕ ਪੁੱਜਦਾ ਕਰਨ ਦਾ ਸਿਹਰਾ ਭਾਜਪਾ ਸਿਰ ਬੰਨ੍ਹਿਆ
ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਸਿਰਫ਼ ‘ਅਟਕਾਉਣ, ਲਟਕਾਉਣ ਤੇ ਭਟਕਾਉਣ (ਕੰਮ ਵਿੱਚ ਅੜਿੱਕੇ ਪਾਉਣ, ਲਮਕਾਉਣ ਤੇ ਕੁਰਾਹੇ ਪਾਉਣ) ਵਿੱਚ ਯਕੀਨ ਰੱਖਦੀ ਹੈ।ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਦੇਸ਼ ਦੇ ਗਰੀਬਾਂ ਨੂੰ ਲੁੱਟਿਆ, ਅੱਜ ਉਹੀ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਗੁਜਰਾਤ ਦੇ ਸੋਕਾਗ੍ਰਸਤ ਖੇਤਰਾਂ ਵਿੱਚ ਨਰਮਦਾ ਨਦੀ ਦਾ ਪਾਣੀ ਲਿਆਉਣ ’ਚ ਕੋਈ ਦਿਲਚਸਪੀ ਨਹੀਂ ਵਿਖਾਈ, ਕਿਉਂਕਿ ਪਾਰਟੀ ਦੀ ਦਿਲਚਸਪੀ ਸਿਰਫ਼ ਉਹੀ ਕੰਮ ਕਰਨ ਵਿੱਚ ਸੀ, ਜਿੱਥੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਨਾਲ ਹੱਥ ਰੰਗਣ ਦੀ ਕੋਈ ਗੁੰਜਾਇਸ਼ ਨਜ਼ਰ ਆਉਂਦੀ ਸੀ। ਪ੍ਰਧਾਨ ਮੰਤਰੀ ਬਨਾਸਕਾਂਠਾ ਜ਼ਿਲ੍ਹੇ ਦੇ ਕਾਂਕਰੇਜ ਪਿੰਡ ਵਿੱਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਗੁਜਰਾਤ ਅਸੈਂਬਲੀਆਂ ਦੀ ਬਾਕੀ ਰਹਿੰਦੀਆਂ 93 ਸੀਟਾਂ ਲਈ ਦੂਜੇ ਗੇੜ ਤਹਿਤ 5 ਦਸੰਬਰ ਨੂੰ ਵੋਟਾਂ ਪੈਣੀਆਂ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ’ਤੇ ਸਰਦਾਰ ਸਰੋਵਰ ਡੈਮ ਦੇ ਨਿਰਮਾਣ ਵਿੱਚ ਅੜਿੱਕੇ ਪਾਉਣ ਦਾ ਦੋਸ਼ ਲਾਇਆ। ਉਨ੍ਹਾਂ ਨਰਮਦਾ ਬਚਾਓ ਅੰਦੋਲਨ ਦੀ ਕਾਰਕੁਨ ਮੇਧਾ ਪਟਕਰ ਦੇ ਹਵਾਲੇ ਨਾਲ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ, ਜਿਨ੍ਹਾਂ ਕੋਰਟਾਂ ਵਿੱਚ ਪਟੀਸ਼ਨਾਂ ਪਾ ਕੇ ਡੈਮ ਦੇ ਨਿਰਮਾਣ ਕਾਰਜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, ‘‘ਕੀ ਬਨਾਸਕਾਂਠਾ ਦੇ ਲੋਕ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰ ਦੇਣਗੇ, ਜੋ ਇਥੇ ਪਾਣੀ ਨੂੰ ਆਉਣ ਤੋਂ ਰੋਕਣ ਦੇ ਪਾਪ ਵਿੱਚ ਸ਼ਾਮਲ ਸਨ? ਬਨਾਸਕਾਂਠਾ ਨੂੰ ਤਿਹਾਇਆ ਰੱਖਣ ਲਈ ਕਾਂਗਰਸ ਜ਼ਿੰਮੇਵਾਰ ਹੈ। ਉਨ੍ਹਾਂ ਨੂੰ ਸਜ਼ਾਵਾਂ ਮਿਲੀਆਂ ਚਾਹੀਦੀਆਂ ਹਨ। ਮੈਨੂੰ ਉਮੀਦ ਹੈ ਕਿ ਤੁਸੀਂ ਪੋਲਿੰਗ ਦੌਰਾਨ ਇਹ ਗੱਲ ਨਹੀਂ ਭੁੱਲੋਗੇ।’’ ਸ੍ਰੀ ਮੋਦੀ ਨੇ ਕਿਹਾ, ‘‘ਜਿਸ ਕੰਮ ਵਿੱਚ ਪੈਸਾ ਬਣਾਉਣ ਦਾ ਮੌਕਾ ਨਾ ਮਿਲੇ, ਕਾਂਗਰਸ ਨੇ ਉਸ ਵਿੱਚ ਕਦੇ ਦਿਲਚਸਪੀ ਨਹੀਂ ਵਿਖਾਈ। ਕਾਂਗਰਸ ਨੇ ਪਾਣੀ ਮੁਹੱਈਆ ਨਹੀਂ ਕਰਵਾਇਆ, ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਪਾਣੀ ਇਥੋਂ ਤੱਕ ਪਹੁੰਚ ਗਿਆ ਤਾਂ ਉਨ੍ਹਾਂ ਦੀ ਕਾਲੀ ਕਮਾਈ ਬੰਦ ਹੋ ਜਾਵੇਗੀ।’’ ਉਨ੍ਹਾਂ ਕਿਹਾ ਕਿ ਸੋਕਾਗ੍ਰਸਤ ਇਲਾਕਿਆਂ ਵਿੱਚ ਨਰਮਦਾ ਦਾ ਪਾਣੀ ਭਾਜਪਾ ਸਰਕਾਰ ਨੇ ਪਹੁੰਚਾਇਆ ਤੇ ਬਾਕੀ ਬਚਦੇ ਖੇਤਰਾਂ ਵਿੱਚ ਵੀ ਪਾਣੀ ਪੁੱਜਦਾ ਕਰਨ ਦਾ ਉਹ ਵਾਅਦਾ ਕਰਦੇ ਹਨ।

ਸ੍ਰੀ ਮੋਦੀ ਨੇ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਪਹਿਲੇ ਗੇੜ ਦੀਆਂ ਚੋਣਾਂ ਵਿੱਚ ਜਿਸ ਤਰ੍ਹਾਂ ਸ਼ਮੂਲੀਅਤ ਕੀਤੀ ਹੈ, ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਗੁਜਰਾਤ ਭਾਜਪਾ ਦੀ ਸਰਕਾਰ ਬਣੇਗੀ। ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਾਂਕਰੇਜ ਦੇ ਔਗਰਨਾਥ ਮੰਦਿਰ ਵਿੱਚ ਮੱਥਾ ਵੀ ਟੇਕਿਆ।