ਕੈਪਟਨ ਦੀ ਰਿਹਾਇਸ਼ ਅੱਗੇ ਡਟੇ ਕਰਜ਼ਾ ਮੁਆਫ਼ੀ ਤੋਂ ਵਾਂਝੇ ਕਿਸਾਨ

ਕੈਪਟਨ ਦੀ ਰਿਹਾਇਸ਼ ਅੱਗੇ ਡਟੇ ਕਰਜ਼ਾ ਮੁਆਫ਼ੀ ਤੋਂ ਵਾਂਝੇ ਕਿਸਾਨ

ਸਾਬਕਾ ਮੁੱਖ ਮੰਤਰੀ ’ਤੇ ਲਾਏ ਵਾਅਦਾਖ਼ਿਲਾਫ਼ੀ ਦਾ ਦੋਸ਼; ਭਾਜਪਾ ਨਾਲ ਸਾਂਝ ਪਾਉਣ ਦਾ ਵਿਰੋਧ
ਪਟਿਆਲਾ- ਇੱਥੇ ਅੱਜ ਭਾਰਤੀ ਕਿਸਾਨ ਯੂਨੀਅਨ (ਭਟੇੜੀ) ਨੇ ਸਾਬਕਾ ਮੁੱਖ ਮੰੰਤਰੀ ਕੈਪਟਨ ਅਮਰਿੰਦਰ ਸਿੰੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੇ ਅੱਗੇ ਧਰਨਾ ਲਾਇਆ। ਕਿਸਾਨ ਆਗੂਆਂ ਵੱਲੋਂ ਭਾਜਪਾ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਸਾਂਝ ਪਾਉਣ ਅਤੇ ਫੇਰ ਚੋਣਾਂ ਦੌਰਾਨ ਵਾਅਦਾ ਕਰਕੇ ਮੁੱਖ ਮੰਤਰੀ ਹੁੰਦਿਆਂ ਕਿਸਾਨਾਂ ਦਾ ਕਰਜ਼ਾ ਨਾ ਮੁਆਫ਼ ਕਰਨ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ।

ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਫੇੜਾ ਦੀ ਅਗਵਾਈ ਹੇਠਾਂ ਦਿੱਤੇ ਗਏ ਇਸ ਧਰਨੇ ’ਚ ਯੂਨੀਅਨ ਦੇ ਸੂਬਾਈ ਪ੍ਰਧਾਨ ਜੰਗ ਸਿੰਘ ਭਟੇੜੀ ਅਤੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੁਰਧਿਆਨ ਸਿੰਘ ਸਿਓਣਾ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਆਖਿਆ ਕਿ ਭਾਜਪਾ ਵੱਲੋਂ ਲਿਆਂਦੇ ਗਏ ਖੇਤੀ ਵਿਰੋਧੀ ਕਾਨੂੰਨਾਂ ਕਾਰਨ ਕਿਸਾਨਾਂ ਨੂੰ ਸਾਲ ਭਰ ਦਿੱਲੀ ਦੀਆਂ ਬਰੂਹਾਂ ’ਤੇ ਖੱਜਲ ਖੁਆਰ ਹੋਣਾ ਪਿਆ। ਇਸ ਮਗਰੋਂ ਭਾਵੇਂ ਕੇਂਦਰ ਨੇ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਇਹ ਤਿੰਨੇ ਖੇਤੀ ਵਿਰੋਧੀ ਕਾਨੂੰਨ ਵਾਪਸ ਲੈ ਲਏ ਪਰ ਇਸ ਦੌਰਾਨ ਸਾਰੀਆਂ ਫਸਲਾਂ ਲਈ ਐੱਮਐੱਸਪੀ ਯਕੀਨੀ ਬਣਾਉਣ ਦਾ ਲਿਖਤੀ ਸਮਝੌਤਾ ਕਰਨ ਸਮੇਤ ਕੇਂਦਰ ਸਰਕਾਰ ਕੁਝ ਹੋਰ ਮੰਗਾਂ ਦੀ ਪੂਰਤੀ ਤੋਂ ਵੀ ਮੁੱਕਰ ਗਈ ਹੈ। ਇਸ ਦੇ ਬਾਵਜੂਦ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲਾ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਨਾਲ ਹੀ ਜਾ ਰਲਿਆ। ਇਸ ਕਰਕੇ ਹੁਣ ਉਹ ਕਿਸਾਨ ਵਿਰੋਧੀ ਹੋ ਨਿਬੜਿਆ ਹੈ। ਸੂਬਾਈ ਪ੍ਰਧਾਨ ਜੰਗ ਸਿੰਘ ਭਟੇੜੀ, ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਫੇੜਾ ਸਮੇਤ ਬਹਾਦਰ ਸਿੰਘ ਦਦਹੇੜਾ, ਸੱਤੀ ਖਰੋੜ ਅਬਲੋਵਾਲ, ਨਰਿੰਦਰ ਪਾਲ ਸਿੰਘ, ਗੁਰਸੇਵਕ ਸਿੰਘ ਉੱਚਾ ਗਾਓਂ, ਗੁਚਰਨ ਸਿੰਘ ਅਲੀਪੁਰ ਨੇ ਕੈਪਟਨ ਅਮਰਿੰੰਦਰ ਸਿੰਘ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ। ਇਸ ਦੌਰਾਨ ਕੈਪਟਨ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਯੂਨੀਅਨ ਕੁਝ ਸਮਾਂ ਪਹਿਲਾਂ ਡਾ. ਦਰਸ਼ਨਪਾਲ ਦੀ ਅਗਵਾਈ ਹੇਠਲੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਲੋਂ ਵੱਖ ਹੋ ਕੇ ਨਵੀਂ ਬਣੀ ਹੈ। ਪਿਛਲੇ ਮਹੀਨੇ ਕੈਪਟਨ ਦੇ ਅਜਿਹੇ ਸਟੈਂਡ ਦੇ ਖਿਲਾਫ਼ ਮੋਤੀ ਮਹਿਲ ਦੇ ਮੂਹਰੇ ਹੀ ਡਾ. ਦਰਸ਼ਨਪਾਲ ਦੀ ਅਗਵਾਈ ਹੇਠਲੀ ਯੂਨੀਅਨ ਨੇ ਵੀ ਸੂਬਾਈ ਪੱਧਰ ’ਤੇ ਧਰਨਾ ਦੇ ਕੇ ਕੈਪਟਨ ਨੂੰ ਲਲਕਾਰਿਆ ਸੀ।