ਕੈਪਟਨ ਤੇ ਜਾਖੜ ਭਾਜਪਾ ਕੌਮੀ ਕਾਰਜਕਾਰਨੀ ’ਚ ਸ਼ਾਮਲ

ਕੈਪਟਨ ਤੇ ਜਾਖੜ ਭਾਜਪਾ ਕੌਮੀ ਕਾਰਜਕਾਰਨੀ ’ਚ ਸ਼ਾਮਲ

ਮਨੋਰੰਜਨ ਕਾਲੀਆ, ਰਾਣਾ ਸੋਢੀ ਅਤੇ ਅਮਨਜੋਤ ਰਾਮੂਵਾਲੀਆ ਵਿਸ਼ੇਸ਼ ਇਨਵਾਇਟੀ ਮੈਂਬਰ ਬਣੇ
ਨਵੀਂ ਦਿੱਲੀ-ਭਾਜਪਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕਾਂਗਰਸ ਆਗੂ ਸੁਨੀਲ ਜਾਖੜ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇਕਾਈ ਦੇ ਸਾਬਕਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੂੰ ਕੌਮੀ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਹੈ। ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਜੈਵੀਰ ਸ਼ੇਰਗਿੱਲ ਨੂੰ ਭਾਜਪਾ ਦਾ ਕੌਮੀ ਤਰਜਮਾਨ ਨਿਯੁਕਤ ਕੀਤਾ ਗਿਆ ਹੈ। ਭਾਜਪਾ ਦੀ ਉੱਤਰਾਖੰਡ ਇਕਾਈ ਦੇ ਪ੍ਰਧਾਨ ਰਹੇ ਮਦਨ ਕੌਸ਼ਿਕ, ਪਾਰਟੀ ਦੀ ਛੱਤੀਸਗੜ੍ਹ ਇਕਾਈ ਦੇ ਸਾਬਕਾ ਪ੍ਰਧਾਨ ਵਿਸ਼ਨੂਦੇਓ ਸਾਈ ਅਤੇ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਮਨੋਰੰਜਨ ਕਾਲੀਆ ਨੂੰ ਕੌਮੀ ਕਾਰਜਕਾਰਨੀ ਦਾ ਵਿਸ਼ੇਸ਼ ਇਨਵਾਇਟੀ ਮੈਂਬਰ ਬਣਾਇਆ ਗਿਆ ਹੈ। ਪੰਜਾਬ ਦੇ ਹੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਅਮਨਜੋਤ ਕੌਰ ਰਾਮੂਵਾਲੀਆ ਨੂੰ ਵੀ ਕੌਮੀ ਕਾਰਜਕਾਰਨੀ ਦਾ ਵਿਸ਼ੇਸ਼ ਇਨਵਾਇਟੀ ਮੈਂਬਰ ਬਣਾਇਆ ਗਿਆ ਹੈ। ਭਾਜਪਾ ਨੇ ਇਨ੍ਹਾਂ ਨਿਯੁਕਤੀਆਂ ’ਚ ਪੰਜਾਬ ’ਤੇ ਖਾਸਾ ਜ਼ੋਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਤੰਬਰ ’ਚ ਆਪਣੇ ਹਮਾਇਤੀਆਂ ਨਾਲ ਭਾਜਪਾ ’ਚ ਸ਼ਾਮਲ ਹੋਏ ਸਨ। ਉਨ੍ਹਾਂ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ (ਪੀਐੱਲਸੀ) ਦਾ ਭਾਜਪਾ ’ਚ ਰਲੇਵਾਂ ਵੀ ਕਰ ਲਿਆ ਸੀ। ਭਾਜਪਾ ਨੇ ਪੀਐੱਲਸੀ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਨਾਲ ਗੱਠਜੋੜ ਕਰ ਕੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸਨ। ਉਂਜ ਪੀਐੱਲਸੀ ਦਾ ਇਕ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ ਸੀ ਅਤੇ ਕੈਪਟਨ ਖੁਦ ਵੀ ਆਪਣੇ ਗੜ੍ਹ ਪਟਿਆਲਾ ਸ਼ਹਿਰ ਤੋਂ ਹਾਰ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਕਈ ਕਈ ਸੀਨੀਅਰ ਆਗੂ ਕਾਰਜਕਾਰਨੀ ਦੇ ਮੈਂਬਰ ਹਨ।