ਮੈਨੂੰ ਗਾਲ੍ਹਾਂ ਕੱਢਣ ਲਈ ਕਾਂਗਰਸੀ ਆਗੂਆਂ ’ਚ ਦੌੜ ਲੱਗੀ: ਮੋਦੀ

ਮੈਨੂੰ ਗਾਲ੍ਹਾਂ ਕੱਢਣ ਲਈ ਕਾਂਗਰਸੀ ਆਗੂਆਂ ’ਚ ਦੌੜ ਲੱਗੀ: ਮੋਦੀ

ਖੜਗੇ ਅਤੇ ਮਿਸਤਰੀ ਦੇ ਬਿਆਨਾਂ ਦੇ ਹਵਾਲੇ ਨਾਲ ਕਾਂਗਰਸ ਨੂੰ ਬਣਾਇਆ ਨਿਸ਼ਾਨਾ
ਅਹਿਮਦਾਬਾਦ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲਈ ਕਾਂਗਰਸੀ ਆਗੂਆਂ ਵਿੱਚ ਦੌੜ ਲੱਗੀ ਹੋਈ ਹੈ। ਉਨ੍ਹਾਂ ਗੁਜਰਾਤ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ਲਈ ਵੋਟ ਪਾ ਕੇ ਇਨ੍ਹਾਂ ਆਗੂਆਂ ਨੂੰ ਸਬਕ ਸਿਖਾਉਣ। ਸ੍ਰੀ ਮੋਦੀ ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਕਲੋਲ ਕਸਬੇ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਦੀਆਂ ਉਪਰੋਕਤ ਟਿੱਪਣੀਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਹੋਰਨਾਂ ਕਾਂਗਰਸੀ ਆਗੂਆਂ ਵੱਲ ਸੇਧਿਤ ਸਨ। ਸ੍ਰੀ ਖੜਗੇ ਨੇ ਨਰਿੰਦਰ ਮੋਦੀ ਨੂੰ ‘ਰਾਵਣ’ ਜਦੋਂਕਿ ਪਿਛਲੇ ਮਹੀਨੇ ਕਾਂਗਰਸੀ ਆਗੂ ਮਧੂਸੂਦਨ ਮਿਸਤਰੀ ਨੇ ‘ਮੋਦੀ ਨੂੰ ਉੁਸ ਦੀ ਔਕਾਤ ਵਿਖਾਉਣ’ ਦੀ ਟਿੱਪਣੀ ਕੀਤੀ ਸੀ।

ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਲਈ ਅਜਿਹੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੇ ਜਾਣਾ ਗੁਜਰਾਤ ਤੇ ਇਥੋਂ ਦੇ ਲੋਕਾਂ ਦਾ ਨਿਰਾਦਰ ਹੈ, ਕਿਉਂਕਿ ਉਨ੍ਹਾਂ ਦਾ ਪਾਲਣ ਪੋਸ਼ਣ ਇਸੇ ਧਰਤੀ ਦੇ ਲੋਕਾਂ ਨੇ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸੂਬਾਈ ਚੋਣਾਂ ਵਿੱਚ ‘ਕਮਲ’ ਲਈ ਵੋਟ ਪਾ ਕੇ ਕਾਂਗਰਸੀ ਆਗੂਆਂ ਨੂੰ ਸਬਕ ਸਿਖਾਉਣ। ਸ੍ਰੀ ਮੋਦੀ ਨੇ ਕਿਹਾ, ‘‘ਮੈਂ ਖੜਗੇ ਜੀ ਦਾ ਸਤਿਕਾਰ ਕਰਦਾ ਹਾਂ, ਪਰ ਉਨ੍ਹਾਂ ਪਾਰਟੀ ਹਾਈ ਕਮਾਨ ਤੋੋਂ ਮਿਲੇ ਹੁਕਮਾਂ ਦੀ ਪਾਲਣਾ ਕਰਨੀ ਹੁੰਦੀ ਹੈ। ਉਨ੍ਹਾਂ ਨੂੰ ਇਹ ਕਹਿਣ ਲਈ ਮਜਬੂਰ ਕੀਤਾ ਗਿਆ ਕਿ ਮੋਦੀ ਦੇ ਰਾਵਣ ਵਾਂਗ 100 ਸਿਰ ਹਨ। ਪਰ ਕਾਂਗਰਸ ਨੂੰ ਇਹ ਅਹਿਸਾਸ ਨਹੀਂ ਕਿ ਗੁਜਰਾਤ ਰਾਮ ਭਗਤਾਂ ਦੀ ਧਰਤੀ ਹੈ। ਜਿਹੜੇ ਲੋਕ ਭਗਵਾਨ ਰਾਮ ਦੀ ਹੋਂਦ ਵਿੱਚ ਯਕੀਨ ਨਹੀਂ ਰੱਖਦੇ, ਉਹ ਹੁਣ ਮਹਿਜ਼ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲਈ ਰਮਾਇਣ ਵਿਚੋਂ ਰਾਵਣ ਕੱਢ ਲਿਆਏ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਨੂੰ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਨੇ ਕਦੇ ਪਛਤਾਵਾ ਵੀ ਜ਼ਾਹਿਰ ਨਹੀਂ ਕੀਤਾ, ਮੁੁਆਫ਼ੀ ਮੰਗਣ ਬਾਰੇ ਤਾਂ ਭੁੱਲ ਹੀ ਜਾਓ। ਕਾਂਗਰਸੀ ਆਗੂਆਂ ਨੂੰ ਲੱਗਦਾ ਹੈ ਕਿ ਮੋਦੀ ਖਿਲਾਫ਼ ਮੰਦੀ ਭਾਸ਼ਾ ਵਰਤਣਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਇੱਜ਼ਤ ਕਰਨਾ ਉਨ੍ਹਾਂ ਦਾ ਅਧਿਕਾਰ ਹੈ।’ ਗੁਜਰਾਤ ਅਸੈਂਬਲੀ ਦੀਆਂ 93 ਸੀਟਾਂ ਲਈ 5 ਦਸੰਬਰ ਨੂੰ ਵੋਟਾਂ ਪੈਣੀਆਂ ਹਨ।