ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ-ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ-ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਗੁਰਦੁਆਰਾ ਰਕਾਬਗੰਜ ਵਿੱਚ ਸੰਗਤ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। ਇਸ ਮੌਕੇ ਵੱਖ-ਵੱਖ ਗੁਰਦੁਆਰਿਆਂ ਵਿਚ ਗੁਰਮਤਿ ਸਮਾਗਮ ਹੋਏ। ਇਨ੍ਹਾਂ ਸਮਾਗਮਾਂ ਵਿੱਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਗੁਰੂ ਦੀ ਇਲਾਹੀ ਬਾਣੀ ਦੇ ਕੀਰਤਨ ਤੇ ਕਥਾ ਵਿਚਾਰਾਂ ਸੁਣੀਆਂ। ਗੁਰਦੁਆਰਾ ਸੀਸਗੰਜ ਸਾਹਿਬ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਜਿਸ ਵਿਚ ਸੁੰਦਰ ਪਾਲਕੀ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ। ਨਗਰ ਕੀਰਤਨ ਇਥੋਂ ਨਵੀਂ ਸੜਕ, ਚਾਵੜੀ ਬਾਜ਼ਾਰ, ਅਜਮੇਰੀ ਗੇਟ, ਚੂਨਾ ਮੰਡੀ, ਪਹਾੜਗੰਜ, ਪੰਚਕੂਈਆਂ ਰੋਡ ਅਤੇ ਗੁਰਦੁਆਰਾ ਬੰਗਲਾ ਸਾਹਿਬ ਹੁੰਦੇ ਹੋਏ ਗੁਰਦੁਆਰਾ ਰਕਾਬਗੰਜ ਸਾਹਿਬ ਆ ਕੇ ਸਮਾਪਤ ਹੋਇਆ। ਨਗਰ ਕੀਰਤਨ ਵਿਚ ਗੁਰੂ ਦੀ ਲਾਡੀ ਫੌਜ ਨਿਹੰਗ ਸਿੰਘਾਂ ਦੇ ਜਥਿਆਂ ਤੋਂ ਇਲਾਵਾ ਸਕੂਲੀ ਵਿਦਿਆਰਥੀ, ਗੱਤਕਾ ਪਾਰਟੀਆਂ ਤੇ ਹੋਰ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਹਿੰਦੁਸਤਾਨ ਦਾ ਇਤਿਹਾਸ ਬਦਲ ਗਿਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਨਾਲ ਸਿਰਫ ਕਸ਼ਮੀਰੀ ਪੰਡਤਾਂ ਦੀ ਰਾਖੀ ਹੀ ਨਹੀਂ ਕੀਤੀ ਬਲਕਿ ਸਮੁੱਚੇ ਦੇਸ਼ ਦੇ ਲੋਕਾਂ ਦੀ ਰਾਖੀ ਕੀਤੀ ਸੀ। ਇਸ ਮੌਕੇ ਨਗਰ ਕੀਰਤਨ ਵਿਚ ਦਿੱਲੀ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਸੰਗਤ ਵੱਲੋਂ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਗਈ।