ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ‘ਕਮਲ’ ਮੁਰਝਾਇਆ

ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ‘ਕਮਲ’ ਮੁਰਝਾਇਆ

‘ਆਪ’ ਨੇ 3 ਸੀਟਾਂ ਜਿੱਤੀਆਂ; ਭਾਜਪਾ ਸੰਸਦ ਮੈਂਬਰ ਦੀ ਪਤਨੀ ਵੀ ਹਾਰੀ
ਅੰਬਾਲਾ- ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਮੈਂਬਰਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਸ਼ਾਂਤਮਈ ਤਰੀਕੇ ਨਾਲ ਸਿਰੇ ਚੜ੍ਹ ਗਈ। ਜ਼ਿਲ੍ਹਾ ਚੋਣ ਅਧਿਕਾਰੀ ਡਾ. ਪ੍ਰਿਯੰਕਾ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਲਈ 15 ਵਾਰਡਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਹੋਈ ਹੈ।

ਜ਼ਿਲ੍ਹਾ ਪਰਿਸ਼ਦ ਦੇ ਨਤੀਜੇ ਹੈਰਾਨੀਜਨਕ ਆਏ ਹਨ। 15 ਵਿੱਚੋਂ ਭਾਜਪਾ ਦੇ ਕੇਵਲ ਦੋ ਉਮੀਦਵਾਰ ਜਿੱਤ ਸਕੇ ਹਨ। ਹਾਰਨ ਵਾਲਿਆਂ ਵਿੱਚ ਵਾਰਡ ਨੰਬਰ-4 ਤੋਂ ਕੁਰੂਕਸ਼ੇਤਰ ਐੱਮ.ਪੀ ਨਾਇਬ ਸਿੰਘ ਸੈਣੀ ਦੀ ਪਤਨੀ ਸੁਮਨ ਸੈਣੀ ਵੀ ਸ਼ਾਮਲ ਹੈ ਜੋ ਚੌਥੇ ਨੰਬਰ ’ਤੇ ਆਈ ਹੈ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੇ 4, ਆਮ ਆਦਮੀ ਪਾਰਟੀ ਨੇ 3, ਭਾਜਪਾ ਅਤੇ ਬਸਪਾ ਨੇ 2-2 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਤਿੰਨ ਸੀਟਾਂ ’ਤੇ ਆਜ਼ਾਦ ਉਮੀਦਵਾਰ ਬਾਜ਼ੀ ਮਾਰ ਗਏ ਹਨ।

ਜ਼ਿਲ੍ਹਾ ਪਰਿਸ਼ਦ ਦੀ ਚੋਣ ਵਿੱਚ ਵਾਰਡ 9 ਤੋਂ ‘ਆਪ’ ਦੇ ਉਮੀਦਵਾਰ ਮੱਖਣ ਸਿੰਘ ਲੁਬਾਣਾ ਨੇ 5 ਹਜ਼ਾਰ 59 ਵੋਟਾਂ ਲੈ ਕੇ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਮਨਦੀਪ ਸਿੰਘ ਰਾਣਾ ਨੂੰ 734 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਚੋਣ ਜਿੱਤਣ ਵਾਲਿਆਂ ਵਿੱਚ ਵਾਰਡ ਨੰਬਰ-1 ਤੋਂ ਕਾਂਗਰਸ ਸਮਰਥਿਤ ਆਜ਼ਾਦ ਉਮੀਦਵਾਰ ਰਾਜੇਸ਼ ਕੁਮਾਰ, ਵਾਰਡ ਨੰਬਰ-2 ਤੋਂ ਇਨੈਲੋ ਹਮਾਇਤੀ ਆਜ਼ਾਦ ਉਮੀਦਵਾਰ ਮਨਜੀਤ ਕੌਰ, ਵਾਰਡ ਨੰਬਰ-3 ਤੋਂ ਕਾਂਗਰਸ ਹਮਾਇਤੀ ਆਜ਼ਾਦ ਉਮੀਦਵਾਰ ਪੰਕਜ ਸਿੰਘ, ਵਾਰਡ ਨੰਬਰ-4 ਤੋਂ ਕਾਂਗਰਸ ਹਮਾਇਤੀ ਆਜ਼ਾਦ ਉਮੀਦਵਾਰ ਰਾਜੇਸ਼ ਦੇਵੀ, ਵਾਰਡ ਨੰਬਰ-5 ਤੋਂ ਕਾਂਗਰਸ ਹਮਾਇਤੀ ਆਜ਼ਾਦ ਉਮੀਦਵਾਰ ਰਜਤ ਸਿੰਘ ਉਰਫ਼ ਜੰਟੀ, ਵਾਰਡ ਨੰਬਰ-6 ਤੋਂ ‘ਆਪ’ ਉਮੀਦਵਾਰ ਹਰਵਿੰਦਰ ਕੌਰ, ਵਾਰਡ ਨੰਬਰ-7 ਤੋਂ ਬਸਪਾ ਉਮੀਦਵਾਰ ਮੁਕੇਸ਼ ਕੁਮਾਰ, ਵਾਰਡ ਨੰਬਰ-8 ਤੋਂ ਆਜ਼ਾਦ ਉਮੀਦਵਾਰ ਅੰਕਿਤਾ, ਵਾਰਡ ਨੰਬਰ-10 ਤੋਂ ਭਾਜਪਾ ਉਮੀਦਵਾਰ ਸਾਕਸ਼ੀ ਗੌੜ, ਵਾਰਡ ਨੰਬਰ-11 ਤੋਂ ਬਸਪਾ ਉਮੀਦਵਾਰ ਕਰਨੈਲ ਸਿੰਘ, ਵਾਰਡ ਨੰਬਰ-12 ਤੋਂ ‘ਆਪ’ ਉਮੀਦਵਾਰ ਗੁਰਜੀਤ ਸਿੰਘ ਪ੍ਰੇਮੀ, ਵਾਰਡ ਨੰਬਨਰ-13 ਤੋਂ ਭਾਜਪਾ ਉਮੀਦਵਾਰ ਪਿੰਕੀ ਦੇਵੀ, ਵਾਰਡ ਨੰਬਰ-14 ਤੋਂ ਆਜ਼ਾਦ ਉਮੀਦਵਾਰ ਸੁਖਵਿੰਦਰ ਸਿੰਘ ਅਤੇ ਵਾਰਡ ਨੰਬਰ-15 ਤੋਂ ਆਜ਼ਾਦ ਉਮੀਦਵਾਰ ਦੀਪਿਕਾ ਸ਼ਰਮਾ ਸ਼ਾਮਲ ਹਨ।

‘ਆਪ’ ਨੇ ਮਨਾਏ ਜਸ਼ਨ

ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਤਿੰਨ ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਅੰਬਾਲਾ ਜ਼ਿਲ੍ਹੇ ਵਿੱਚ ਖਾਤਾ ਖੋਲ੍ਹ ਦਿੱਤਾ ਹੈ ਜਦੋਂ ਕਿ ਭਾਜਪਾ ਮੂਧੇ ਮੂੰਹ ਡਿੱਗੀ ਹੈ। ‘ਆਪ’ ਦੇ ਜੇਤੂ ਉਮੀਦਵਾਰਾਂ ਅਤੇ ਸਮਰਥਕਾਂ ਨੇ ਚੌਧਰੀ ਨਿਰਮਲ ਸਿੰਘ ਦੀ ਕੋਠੀ ਪਹੁੰਚ ਕੇ ਜਿੱਤ ਦਾ ਜਸ਼ਨ ਮਨਾਇਆ। ‘ਆਪ’ ਦੀ ਕਨਵੀਨਰ ਚਿਤਰਾ ਸਰਵਾਰਾ ਨੇ ਕਿਹਾ ਕਿ ਐਮ.ਪੀ ਦੀ ਪਤਨੀ ਦਾ ਚੌਥੇ ਸਥਾਨ ’ਤੇ ਆਉਣਾ ਸਿੱਧ ਕਰਦਾ ਹੈ ਪਿੰਡਾਂ ਦੇ ਲੋਕਾਂ ਦਾ ਭਾਜਪਾ ਤੋਂ ਮੋਹ ਭੰਗ ਹੋ ਚੁੱਕਿਆ ਹੈ। ਪੰਚਾਇਤ ਚੋਣਾਂ ਤੋਂ ਬਾਅਦ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਵੀ ਜਨਤਾ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ। ਲੋਕਾਂ ਨੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ’ਤੇ ਮੋਹਰ ਲਾਈ ਹੈ।

ਭਾਜਪਾ ਉਮੀਦਵਾਰ ਫਾਡੀ ਰਹੇ

ਪੰਚਕੂਲਾ:
ਪੰਚਕੂਲਾ ਵਿੱਚ ਅੱਜ ਸਖਤ ਪੁਲੀਸ ਪ੍ਰਬੰਧਾਂ ਹੇਠ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੀ ਗਿਣਤੀ ਹੋਈ। ਜ਼ਿਲ੍ਹੇ ਦੀਆਂ 10 ਸੀਟਾਂ ਦੇ ਨਤੀਜੇ ਐਲਾਨੇ ਗਏ ਜਿਸ ਵਿੱਚੋਂ ਭਾਜਪਾ ਦਾ ਕੋਈ ਵੀ ਉਮੀਦਵਾਰ ਨਹੀਂ ਜਿੱਤਿਆ। ਵਾਰਡ ਨੰਬਰ-1 ਤੋਂ ਮਨਦੀਪ ਸਿੰਘ ਨੇ ਸਭ ਤੋਂ ਵੱਧ 6319 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ-2 ਤੋਂ ਰਾਜਿੰਦਰ ਸਿੰਘ ਨੇ 4229 ਵੋਟਾਂ, ਵਾਰਡ ਨੰਬਰ-3 ਤੋਂ ਮੋਨਿਕਾ ਦੇਵੀ ਨੇ 4508 ਵੋਟਾਂ, ਵਾਰਡ ਨੰਬਰ-4 ਤੋਂ ਸੁਨੀਲ ਕੁਮਾਰ ਨੇ 4893 ਵੋਟਾਂ ਅਤੇ ਨੰਬਰ-5 ਤੋਂ ਰੋਮਾ ਨੇ 2211 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ-7 ਤੋਂ ਪੂਜਾ ਰਾਣੀ ਨੇ 4116 ਵੋਟਾਂ, ਵਾਰਡ ਨੰਬਰ-9 ਤੋਂ ਮਾਲਾ ਰਾਣੀ ਨੇ 3913 ਵੋਟਾਂ ਅਤੇ ਵਾਰਡ ਨੰਬਰ-10 ਤੋਂ ਸੁਦਰਸ਼ਨ ਰੇਨੂੰ ਨੇ 4520 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਰਾਏਪੁਰਰਾਣੀ ਵਾਰਡ ਨੰਬਰ-8 ਤੋਂ ਬਹਾਦਰ ਸਿੰਘ ਨੇ ਜਿੱਤ ਦਰਜ ਕੀਤੀ।