ਨਗਰ ਨਿਗਮ ਚੋਣਾਂ: ਸੀਨੀਅਰ ਆਗੂਆਂ ਨੇ ਪ੍ਰਚਾਰ ਮੁਹਿੰਮ ਸੰਭਾਲੀ

ਨਗਰ ਨਿਗਮ ਚੋਣਾਂ: ਸੀਨੀਅਰ ਆਗੂਆਂ ਨੇ ਪ੍ਰਚਾਰ ਮੁਹਿੰਮ ਸੰਭਾਲੀ

ਦੋਸ਼ਾਂ, ਦਾਅਵਿਆਂ ਤੇ ਵਾਅਦਿਆਂ ਦਾ ਦੌਰ ਜਾਰੀ; ਭਾਜਪਾ, ‘ਆਪ’ ਤੇ ਕਾਂਗਰਸ ਨੇ ਮਘਾਇਆ ਪ੍ਰਚਾਰ
ਨਵੀਂ ਦਿੱਲੀ-ਦਿੱਲੀ ਨਗਰ ਨਿਗਮ ਚੋਣਾਂ ਦੌਰਾਨ ਐਤਵਾਰ ਦੇ ਦਿਨ ਸਿਆਸੀ ਧਿਰਾਂ ਨੇ ਆਪਣੇ ਸੀਨੀਅਰ ਆਗੂਆਂ ਨੂੰ ਚੋਣ ਪ੍ਰਚਾਰ ਵਿੱਚ ਲਾਈ ਰੱਖਿਆ ਤੇ ਵੋਟਰਾਂ ਤੱਕ ਆਪਣੀ ਗੱਲ ਪੁੱਜਦੀ ਕਰਨ ਉਪਰਾਲਾ ਕੀਤਾ। ਇਸੇ ਦੌਰਾਨ ਦੋਸ਼ਾਂ ਤੇ ਪ੍ਰਤੀ ਦੋਸ਼ਾਂ ਦਾ ਦੌਰ ਵੀ ਜਾਰੀ ਰਿਹਾ ਤੇ ਆਗੂਆਂ ਨੇ ਵਿਰੋਧੀਆਂ ਨੂੰ ਰੱਜ ਕੇ ਭੰਡਿਆ। ਸਿਆਸੀ ਧਿਰਾਂ ਵੱਲੋਂ ਵੋਟਰਾਂ ਨਾਲ ਲੁਭਾਵਣੇ ਵਾਅਦੇ ਵੀ ਕੀਤੇ ਜਾ ਰਹੇ ਹਨ ਤੇ ਹਰੇਕ ਧਿਰ ਵੱਡੇ-ਵੱਡੇ ਦਾਅਵੇ ਵੀ ਕਰ ਰਹੀ ਹੈ।

ਭਾਜਪਾ ਤੇ ਕੌਮੀ ਪ੍ਰਧਾਨ ਜੇਪੀ ਨੱਡਾ ਵੱਲੋਂ ਚੋਣ ਪ੍ਰਚਾਰ ਵਿੱਚ ਸ਼ਮੂਲੀਅਤ ਕੀਤੀ ਗਈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਚੋਣ ਪ੍ਰਚਾਰ ਲਈ ਦਿੱਲੀ ਗੇੜਾ ਲਾ ਚੁੱਕੇ ਹਨ। ‘ਆਪ’ ਵੱਲੋਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਵਿਧਾਇਕਾ ਆਤਿਸ਼ੀ ਤੇ ਸਿੱਖ ਬਹੁਵੱਸੋਂ ਹਲਕਿਆਂ ਅੰਦਰ ਜਰਨੈਲ ਸਿੰਘ, ਸਾਬਕਾ ਵਿਧਾਇਕ ਜਗਦੀਪ ਸਿੰਘ, ਪ੍ਰਹਿਲਾਦ ਸਿੰਘ ਸਾਹਨੀ ਵੱਲੋਂ ਪ੍ਰਚਾਰ ਤੇਜ਼ ਕੀਤਾ ਗਿਆ ਹੈ।

‘ਆਪ’ ਆਗੂਆਂ ਵੱਲੋਂ ਭਾਜਪਾ ਦੇ 15 ਸਾਲਾਂ ਦੇ ਕਾਰਜਕਾਲ ਨੂੰ ਆਧਾਰ ਬਣਾ ਕੇ ਨਿੰਦਾ ਕੀਤੀ ਜਾ ਰਹੀ ਹੈ ਜਦੋਂ ਕਿ ‘ਆਪ’ ਵਰਕਰਾਂ ਵੱਲੋਂ ਕੇਜਰੀਵਾਲ ਦੇ ਨਾਂ ਉਪਰ ਵੋਟਾਂ ਮੰਗੀਆਂ ਜਾ ਰਹੀਆਂ ਹਨ। 250 ਵਾਰਡਾਂ ਵਿੱਚ ਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਦੇ ਪ੍ਰਚਾਰ ਦਫ਼ਤਰਾਂ ਵਿੱਚ ਐਤਵਾਰ ਨੂੰ ਚਹਿਲ-ਪਹਿਲ ਰਹੀ ਤੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦਾ ਦੂਜਾ ਦੌਰ ਪੂਰਾ ਕੀਤਾ ਜਾ ਚੁੱਕਾ ਹੈ।

ਕਾਂਗਰਸ ਦੇ ਸੀਨੀਅਰ ਆਗੂ ਵੀ ਸਰਗਰਮ ਹੋ ਗਏ ਹਨ ਪਰ ਪਾਰਟੀ ਦੇ ਉਮੀਦਵਾਰ ਚੋਣ ਪ੍ਰਚਾਰ ਨੂੰ ਧਾਰ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਲਈ ਚੋਣ ਪ੍ਰਚਾਰ ਦੀ ਕਮਾਨ ਸੂਬਾ ਪ੍ਰਧਾਨ ਅਨਿਲ ਕੁਮਾਰ ਦੇ ਹੱਥ ਹੀ ਹੈ।

ਨੱਢਾ ਨੇ ਘਰ-ਘਰ ਜਾ ਕੇ ਪਾਰਟੀ ਲਈ ਵੋਟਾਂ ਮੰਗੀਆਂ

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਦੇਸ਼ ਤਰੱਕੀ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦੇ ਹਿੱਤਾਂ ਦੇ ਵਿਰੁੱਧ ਕੰਮ ਕਰਨ ਕਾਰਨ ਦਿੱਲੀ ਵਿੱਚ ਕੋਈ ਵਿਕਾਸ ਨਹੀਂ ਹੋ ਰਿਹਾ ਹੈ। ਨੱਢਾ ਨੇ ਦਿੱਲੀ ਦੇ ਵਜ਼ੀਰਪੁਰ ਵਿੱਚ ਘਰ-ਘਰ ਜਾ ਕੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿੱਚ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਵੋਟਾਂ ਮੰਗੀਆਂ। ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਪਾਰਟੀ ਦੇ ਮੈਨੀਫੈਸਟੋ ਦੀਆਂ ਕਾਪੀਆਂ ਸੌਂਪੀਆਂ। ਨੱਢਾ ਨੇ ਕਿਹਾ, ‘‘ਕੇਜਰੀਵਾਲ ਨੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਉਲਟ ਕੀਤਾ ਅਤੇ ਦਿੱਲੀ ਵਿੱਚ ਥਾਂ-ਥਾਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ”।

ਕਾਂਗਰਸੀ ਉਮੀਦਵਾਰਾਂ ਵੱਲੋਂ ਜਨਤਕ ਮੀਟਿੰਗਾਂ ਤੇ ਪੈਦਲ ਯਾਤਰਾ

ਅੱੱਜ ਐਤਵਾਰ ਨੂੰ ਕਾਂਗਰਸ ਉਮੀਦਵਾਰਾਂ ਦੇ ਸਮਰਥਨ ਵਿੱਚ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕਾਂ ਨੇ ਦਿੱਲੀ ਸ਼ਹਿਰ ਦੀਆਂ ਚੋਣਾਂ ਵਿੱਚ ਆਪਣੀ ਪੂਰੀ ਤਾਕਤ ਝੋਕ ਦਿੱਤੀ। ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਅਨਿਲ ਕੁਮਾਰ ਨੇ ਅੱਜ ਦਰਜਨਾਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਪੈਦਲ ਯਾਤਰਾ ਵੀ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਲੱਮ ਕਲੋਨੀਆਂ, ਜੇਜੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਆਪਣੀਆਂ 3-3 ਸਰਕਾਰਾਂ ਦੌਰਾਨ ਕਲੱਸਟਰਾਂ, ਪੁਨਰਵਾਸ ਕਲੋਨੀਆਂ ਅਤੇ ਅਣ-ਅਧਿਕਾਰਤ ਕਾਲੋਨੀਆਂ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਭਾਜਪਾ ਅਤੇ ਕੇਜਰੀਵਾਲ ਦੇ 8 ਸਾਲਾਂ ਦੇ 15 ਸਾਲਾਂ ਦੇ ਕੁਸ਼ਾਸਨ ਕਾਰਨ ਦਿੱਲੀ ਤਬਾਹ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਜਿੱਥੇ ਦਿੱਲੀ ਭਰ ਵਿੱਚ ਜਨਤਕ ਮੀਟਿੰਗਾਂ ਵਿੱਚ ਲੋਕ ਸ਼ੀਲਾ ਦੀਕਸ਼ਿਤ ਦੀ ਦਿੱਲੀ ਨੂੰ ਯਾਦ ਕਰਦੇ ਨਜ਼ਰ ਆਏ। ਕਾਂਗਰਸ ਦੇ ਉਮੀਦਵਾਰਾਂ ਨੇ ਦਿੱਲੀ ਭਰ ਵਿੱਚ ਲਗਪੱਗ 150 ਜਨਤਕ ਮੀਟਿੰਗਾਂ, 100 ਤੋਂ ਵੱਧ ਨੁੱਕੜ ਮੀਟਿੰਗਾਂ ਅਤੇ ਪੈਦਲ ਯਾਤਰਾਵਾਂ ਕੀਤੀਆਂ।


ਆਪ’ ਦੇ ਕਿਰਾਏਦਾਰ ਵਿੰਗ ਦੇ ਸੂਬਾ ਪ੍ਰਧਾਨ ਭਾਜਪਾ ’ਚ ਸ਼ਾਮਲ

ਸਾਬਕਾ ਕੇਂਦਰੀ ਮੰਤਰੀ ਵਿਜੈ ਗੋਇਲ ਦੀ ਹਾਜ਼ਰੀ ਵਿੱਚ ਅੱਜ ‘ਆਪ’ ਦੇ ਕਿਰਾਏਦਾਰ ਵਿੰਗ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਗੁਪਤਾ, ਸੰਗਠਨ ਮੰਤਰੀ ਅਜੀਤ ਸਿੰਘ, ਸੂਬਾ ਮੀਤ ਪ੍ਰਧਾਨ ਜਾਵੇਦ ਸਿੱਦੀਕੀ ਸਮੇਤ ਅਹੁਦੇਦਾਰ ਭਾਜਪਾ ਵਿੱਚ ਸ਼ਾਮਲ ਹੋ ਗਏ। ਸ੍ਰੀ ਵਿਜੈ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਸੀਬੀਆਈ ਨੇ ਨਵੀਂ ਆਬਕਾਰੀ ਨੀਤੀ ਵਿੱਚ 10,000 ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ ਜਦੋਂ ਕਿ ਸਿਸੋਦੀਆ ਦਾ ਨਾਂ ਵੀ ਨਹੀਂ ਹੈ। ਇੱਥੋਂ ਤੱਕ ਕਿ ਈਡੀ ਕੋਲ ਵੀ ਉਸ ਨੂੰ ਚਾਰਜਸ਼ੀਟ ਵਿੱਚ ਸ਼ਾਮਲ ਨਹੀਂ ਹੈ ਪਰ ਮੁੱਖ ਮੰਤਰੀ ਕੇਜਰੀਵਾਲ ਆਪਣੇ ਖਾਸ ਵਿਅਕਤੀ ਸਤੇਂਦਰ ਜੈਨ ਨੂੰ ਬਰਖ਼ਾਸਤ ਕਿਉਂ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਭ੍ਰਿਸ਼ਟ ਪਾਰਟੀ ਨੇ ਪਿਛਲੇ ਅੱਠ ਸਾਲਾਂ ਵਿੱਚ ਯਮੁਨਾ ਅਤੇ ਦਿੱਲੀ ਦਾ ਪ੍ਰਦੂਸ਼ਣ ਨਹੀਂ ਦੇਖਿਆ ਪਰ ਉਨ੍ਹਾਂ ਨੇ ਪੈਸਾ ਇਕੱਠਾ ਕਰਨ ਦਾ ਹੱਲ ਜ਼ਰੂਰ ਸਮਝ ਲਿਆ।

ਗੋਵਿੰਦਪੁਰੀ ਤੋਂ ਭਾਜਪਾ ਆਗੂ ਹਰੀ ਕਿਸ਼ਨ ਰਕਵਾਰ ‘ਆਪ’ ’ਚ ਸ਼ਾਮਲ
ਅੱਜ ਗੋਵਿੰਦ ਪੁਰੀ ਤੋਂ ਭਾਜਪਾ ਮੰਡਲ ਮੀਤ ਪ੍ਰਧਾਨ ਹਰੀ ਕਿਸ਼ਨ ਰਕਵਾਰ ਆਪਣੀ ਪੂਰੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ‘ਆਪ’ ਵਿਧਾਇਕ ਆਤਿਸ਼ੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਆਗੂ ਤੇ ਵਰਕਰ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪਾਰਟੀ ਨੂੰ ਇਸ ਪੂਰੇ ਧੜੇ ਤੋਂ ਤਾਕਤ ਮਿਲੇਗੀ ਅਤੇ ਐੱਮਸੀਡੀ ਚੋਣਾਂ ਹੋਰ ਮਜ਼ਬੂਤੀ ਨਾਲ ਲੜਨ ਦੀ ਤਾਕਤ ਮਿਲੇਗੀ। ਵਿਧਾਇਕ ਆਤਿਸ਼ੀ ਨੇ ਟੋਪੀ ਪਾ ਕੇ ਸਾਰਿਆਂ ਦਾ ਪਾਰਟੀ ‘ਚ ਸਵਾਗਤ ਕੀਤਾ। ਭਾਜਪਾ ਦੇ ਕਈ ਉੱਘੇ ਅਤੇ ਚੰਗੇ ਲੋਕ ਕੇਜਰੀਵਾਲ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ‘ਆਪ’ ‘ਚ ਸ਼ਾਮਲ ਹੋ ਰਹੇ ਹਨ। ਇਸੇ ਲੜੀ ਤਹਿਤ ਅੱਜ ਭਾਜਪਾ ਦੀਆਂ ਨੀਤੀਆਂ ਤੋਂ ਦੁਖੀ ਕਈ ਭਾਜਪਾ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਆਤਿਸ਼ੀ ਨੇ ਕਿਹਾ, ‘‘ਮੁੱਖ ਤੌਰ ’ਤੇ ਗੋਵਿੰਦਪੁਰੀ ਭਾਜਪਾ ਮੰਡਲ ਦੇ ਮੀਤ ਪ੍ਰਧਾਨ ਹਰੀ ਕਿਸ਼ਨ ਰਕਵਾਰ ‘ਆਪ’ ’ਚ ਸ਼ਾਮਲ ਹੋ ਗਏ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹਰੀ ਕਿਸ਼ਨ ਦੀ ਸਮੁੱਚੀ ਟੀਮ ਨਾਲ ਜੁੜਨਾ ਸਾਨੂੰ ਚੋਣਾਂ ਲੜਨ ਵਿੱਚ ਮਦਦ ਕਰੇਗਾ। ਮੈਂ ਸਾਰਿਆਂ ਦਾ ਆਮ ਆਦਮੀ ਪਾਰਟੀ ਪਰਿਵਾਰ ਵਿੱਚ ਦਿਲੋਂ ਸੁਆਗਤ ਕਰਦੀ ਹਾਂ’’।