ਸ਼ਹਾਦਤ ਨੂੰ ਸਮਰਪਿਤ ਦਿੱਲੀ ਤੋਂ ਬਾਗਪਤ ਲਈ ਪੈਦਲ ਯਾਤਰਾ

ਸ਼ਹਾਦਤ ਨੂੰ ਸਮਰਪਿਤ ਦਿੱਲੀ ਤੋਂ ਬਾਗਪਤ ਲਈ ਪੈਦਲ ਯਾਤਰਾ

ਦਿੱਲੀ ਦੇ 300 ਤੋਂ ਵੱਧ ਸ਼ਰਧਾਲੂਆਂ ਨੇ ਹਿੱਸਾ ਲਿਆ
ਨਵੀਂ ਦਿੱਲੀ- ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਰਮਪਿਤ ਪੈਦਲ ਯਾਤਰਾ ਗੁਰਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਕ (ਦਿੱਲੀ) ਤੋਂ ਉੱਤਰ ਪ੍ਰਦੇਸ਼ ਦੇ ਬਾਗਪਤ ਤੱਕ ਗਈ, ਜਿਸ ਵਿੱਚ ਦਿੱਲੀ ਤੋਂ 300 ਤੋਂ ਵੱਧ ਸ਼ਰਧਾਲੂਆਂ ਨੇ ਹਿੱਸਾ ਲਿਆ। ਯਾਤਰਾ ਸ਼ੁਰੂ ਕਰਨ ਵੇਲੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ, ਨਵੀਂ ਦਿੱਲੀ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਸਮੇਤ ਪ੍ਰੋ. ਹਰਬੰਸ ਸਿੰਘ ਤੇ ਵਿਦਿਆਰਥੀਆਂ ਨੇ ਵੀ ਸ਼ਿਕਰਤ ਕੀਤੀ। ਪੰਜਾਬ ਐਂਡ ਸਿੰਧ ਬੈਂਕ ਦੇ ਪ੍ਰੋ. ਚਰਨ ਸਿੰਘ, ਰਵਿੰਦਰ ਸਿੰਘ ਆਹੂਜਾ, ਚਰਨਜੀਤ ਸਿੰਘ, ਐੱਸਪੀ ਸਿੰਘ ਸਮੇਤ ਹੋਰ ਸ਼ਖ਼ਸ਼ੀਅਤਾਂ ਨੇ ਯਾਤਰਾ ਦਾ ਗੁਰਦੁਆਰਾ ਮੰਜਨੂ ਕਾ ਟਿੱਲਾ ਵਿੱਚ ਸਵਾਗਤ ਕੀਤਾ। ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਕਿਹਾ ਕਿ 1675 ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਵਿਲੱਖਣ ਸ਼ਹਾਦਤ ਹੋਈ ਜਿਸ ਮਗਰੋਂ ਭਾਈ ਜੈਤਾ ਜੀ ਗੁਰੂ ਸਾਹਿਬਾਨ ਦਾ ਪਵਿੱਤਰ ਸੀਸ ਲੈ ਕੇ ਜਿਸ ਮਾਰਗ ਵੱਲ ਦੀ ਗਏ ਉਸੇ ਨੂੰ ਰੂਪਮਾਨ ਕਰਨ ਲਈ ਇਹ ਪੈਦਲ ਯਾਤਰਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਾਈ ਜੈਤਾ ਜੀ ਨੇ ਸੀਸ ਯਾਤਰਾ ਦੌਰਾਨ ਪਹਿਲਾ ਪੜਾਅ ਬਾਗਪਤ ਵਿੱਚ ਕੀਤਾ ਸੀ। ਸ਼ਰਧਾਲੂਆਂ ਨੇ ਸੀਸ ਗੰਜ ਸਾਹਿਬ ਤੋਂ ਲੈ ਕੇ ਗੁਰਦੁਆਰਾ ਮੰਜਨੂ ਕਾ ਟਿੱਲਾ, ਖਜ਼ੂਰੀ ਖਾਸ ਚੌਕ, ਟ੍ਰੌਨਿਕਾ ਸਿਟੀ, ਖੇਖੜਾ ਤੇ ਕੱਥਾ ਪਿੰਡ ਹੁੰਦੇ ਹੋਏ ਆਖ਼ਰੀ ਪੜਾਅ ਬਾਗਪਤ (ਉੱਤਰ ਪ੍ਰਦੇਸ਼) ਦੇ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਕੀਤਾ। ਇਸ ਯਾਤਰਾ ਦਾ ਥਾਂ-ਥਾਂ ਸਵਾਗਤ ਕੀਤਾ ਗਿਆ ਤੇ ਨਵੀਂ ਪਨੀਰੀ ਨੂੰ ਮਹਾਨ ਕੁਰਬਾਨੀ ਨਾਲ ਜੁੜੇ ਤੱਥਾਂ ਬਾਰੇ ਜਾਣਕਾਰੀ ਮਿਲੀ।