ਪ੍ਰਿਯੰਕਾ ਨੇ ਨਵਜੋਤ ਸਿੱਧੂ ਲਈ ਜੇਲ੍ਹ ’ਚ ਭੇਜਿਆ ਪੱਤਰ

ਪ੍ਰਿਯੰਕਾ ਨੇ ਨਵਜੋਤ ਸਿੱਧੂ ਲਈ ਜੇਲ੍ਹ ’ਚ ਭੇਜਿਆ ਪੱਤਰ

ਨਵਤੇਜ ਚੀਮਾ ਵੱਲੋਂ ਸਿੱਧੂ ਨਾਲ ਮੁਲਾਕਾਤ; ਪਟਿਆਲਾ ਤੋਂ ਲੋਕ ਸਭਾ ਚੋਣ ਲੜਨ ਦੇ ਚਰਚੇ
ਪਟਿਆਲਾ- ਪਟਿਆਲਾ ਜੇਲ੍ਹ ’ਚ ਬੰਦ ਕਾਂਗਰਸ ਦੇ ਸਾਬਕਾ ਸੂਬਾਈ ਪ੍ਰਧਾਨ ਨਵਜੋਤ ਸਿੱਧੂ ਨੂੰ ਕਾਂਗਰਸ ਦੀ ਕੇਂਦਰੀ ਹਾਈਕਮਾਨ ਨਵੀਂ ਜ਼ਿੰਮੇਵਾਰੀ ਦੇਣ ਦੇ ਰੌਂਅ ’ਚ ਹੈ। ਅਜਿਹਾ ਸੁਨੇਹਾ ਪਾਰਟੀ ਦੀ ਕੌਮੀ ਆਗੂ ਪ੍ਰਿਯੰਕਾ ਗਾਂਧੀ ਵੱਲੋਂ ਸਾਬਕਾ ਵਿਧਾਇਕ ਨਵਤੇਜ ਚੀਮਾ ਰਾਹੀਂ ਭੇਜੇ ਗਏ ਪੱੱਤਰ ਰਾਹੀਂ ਲਾਇਆ ਦੱਸਿਆ ਜਾ ਰਿਹਾ ਹੈ। ਚੀਮਾ ਤਿੰਨ ਦਿਨ ਪਹਿਲਾਂ ਹੀ ਸਿੱਧੂ ਨਾਲ ਮੁਲਾਕਾਤ ਕਰਕੇ ਗਏ ਹਨ ਅਤੇ ਚਰਚਾ ਹੈ ਕਿ ਇਸ ਦੌਰਾਨ ਹੀ ਉਨ੍ਹਾਂ ਨੇ ਪ੍ਰਿਯੰਕਾ ਵੱਲੋਂ ਭੇਜਿਆ ਪੱਤਰ ਵੀ ਸੌਂਪਿਆ। ਹਾਲਾਂਕਿ ਇਸ ਸਬੰਧੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ।

ਨਵਜੋਤ ਸਿੱਧੂ ਸੜਕੀ ਝਗੜੇ ਦੇ ਮਾਮਲੇ ’ਚ ਹੋਈ ਇੱਕ ਸਾਲ ਦੀ ਕੈਦ ਦੀ ਸਜ਼ਾ ਤਹਿਤ ਛੇ ਮਹੀਨਿਆਂ ਤੋਂ ਬੰਦ ਹਨ। ਹਾਈ ਕਮਾਨ ’ਚ ਉਨ੍ਹਾਂ ਦੀ ਪ੍ਰਿਯੰਕਾ ਗਾਂਧੀ ਨਾਲ ਹੀ ਵੱਧ ਨੇੜਤਾ ਮੰਨੀ ਜਾਂਦੀ ਹੈ। ਪ੍ਰਿਯੰਕਾ ਵੱਲੋਂ ਭੇਜੇ ਦੱਸੇ ਜਾ ਰਹੇ ਅਜਿਹੇ ‘ਪੱਤਰ’ ਵਿੱਚ ਸਿੱਧੂ ਨੂੰ 2024 ’ਚ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਲੜਾਏ ਜਾਣ ਦੇ ਕਿਆਸ ਲਾੲੇ ਜਾ ਰਹੇ ਹਨ। ਪਹਿਲਾਂ ਉਹ ਤਿੰਨ ਵਾਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਰਹੇ ਹਨ ਪਰ ਰਿਹਾਇਸ਼ ਪਟਿਆਲਾ ਵਿੱਚ ਹੈ ਤੇ ਉਧਰੋਂ ਮੌਜੂਦਾ ਸੰਸਦ ਮੈਂਬਰ ਪ੍ਰਨੀਤ ਕੌਰ ਦਾ ਵੀ ਭਾਜਪਾ ’ਚ ਜਾਣਾ ਤੈਅ ਹੈ। ਕਾਂਗਰਸੀ ਨੇਤਾਵਾਂ ਦਾ ਤਰਕ ਹੈ ਕਿ ਪ੍ਰਨੀਤ ਕੌਰ ਮੈਂਬਰੀ ਭੰਗ ਹੋਣ ਦੇ ਡਰੋਂ ਹੀ ਕਾਂਗਰਸ ਨਾਲ ਚੱਲਣ ਦਾ ਡਰਾਮਾ ਰਚ ਰਹੇ ਹਨ। ਹਰਦਿਆਲ ਕੰਬੋਜ ਦਾ ਨਾਮ ਵੀ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਵਜੋਂ ਚਰਚਾ ’ਚ ਹੈ ਪਰ ਇੱਕ ਕੇਸ ਦਰਜ ਹੋਣ ਮਗਰੋਂ ਉਹ ਰੂਪੋਸ਼ ਚੱਲ ਰਹੇ ਹਨ। ਭਾਵੇਂ ਸਿੱਧੂ ਨੂੰ ਕੋਈ ਹੋਰ ਜ਼ਿੰਮੇਵਾਰੀ ਦੇਣ ਬਾਰੇ ਵੀ ਵਿਚਾਰਿਆ ਜਾ ਰਿਹਾ ਹੋ ਸਕਦਾ ਹੈ, ਪਰ ਵਧੇਰੇ ਅੰਦਾਜ਼ੇ ਇਥੋਂ ਚੋਣ ਲੜਾਏ ਜਾਣ ਦੇ ਹੀ ਲਾਏ ਜਾਣ ਲੱੱਗੇ ਹਨ।

ਮਿਲੇ ਵੇਰਵਿਆਂ ਮੁੁਤਾਬਕ ਸਿੱਧੂ ਦੇ ਅਤਿ ਭਰੋਸੇਯੋਗ ਮੰਨੇ ਜਾਂਦੇ ਨਵਤੇਜ ਚੀਮਾ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਮੁਲਾਕਾਤ ਕਰਕੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਰਾਹੀਂ ਪ੍ਰਿਯੰਕਾ ਗਾਂਧੀ ਨਾਲ ਅਗਾਮੀ ਰਣਨੀਤੀ ਸਬੰਧੀ ਗੱਲਬਾਤ ਚੱਲਦੀ ਹੋ ਸਕਦੀ ਹੈ। ਇਸ ਸਬੰਧੀ ਪੱਖ ਲੈਣ ਲਈ ਅੱਜ ਜਦੋਂ ਫੋਨ ਕੀਤਾ ਤਾਂ ਚੀਮਾ ਨੇ ਨੈੱਟਵਰਕ ਦੀ ਸਮੱਸਿਆ ਦਾ ਤਰਕ ਦੇ ਕੇ ਫੋਨ ਬੰਦ ਕਰ ਦਿੱਤਾ। ਡਾ. ਨਵਜੋਤ ਕੌਰ ਸਿੱਧੂ ਦਾ ਫੋਨ ਵੀ ਜਵਾਬ ਤੋਂ ਪਹਿਲਾਂ ਹੀ ਬੰਦ ਹੋ ਗਿਆ। ਸਿੱਧੂ ਪਰਿਵਾਰ ਦੇ ਇੱਕ ਹੋਰ ਕਰੀਬੀ ਸ਼ੈਰੀ ਰਿਆੜ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਵੀ ਆਸੇ ਪਾਸੇ ਤੋਂ ਹੀ ਸੁਣਿਆ ਹੈ। ਪਰ ਉਨ੍ਹਾਂ ਸਿੱਧੂ ਨੂੰ ਮਜਬੂਤ ਉਮੀਦਵਾਰ ਦੱਸਿਆ ਹੈ।