ਵਿਦੇਸ਼ੀ ਹਥਿਆਰਾਂ ਨਾਲ ਹੋ ਰਹੇ ਨੇ ਪੰਜਾਬ ’ਚ ਕਤਲ: ਬਲਕੌਰ ਸਿੰਘ

ਵਿਦੇਸ਼ੀ ਹਥਿਆਰਾਂ ਨਾਲ ਹੋ ਰਹੇ ਨੇ ਪੰਜਾਬ ’ਚ ਕਤਲ: ਬਲਕੌਰ ਸਿੰਘ

ਸਰਕਾਰ ਦੀ ਸੋਸ਼ਲ ਮੀਡੀਆ ’ਤੇ ਹਥਿਆਰਾਂ ਸਬੰਧੀ ਕੇਸ ਦਰਜ ਕਰਨ ਦੀ ਕਾਰਵਾਈ ਹਾਸੋਹੀਣੀ ਕਰਾਰ
ਮਾਨਸਾ- ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਲਾਇਸੈਂਸੀ ਹਥਿਆਰਾਂ ਨਾਲ ਕਦੇ ਵੀ ਅਪਰਾਧ ਨਹੀਂ ਹੁੰਦੇ ਸਗੋਂ ਵਿਦੇਸ਼ਾਂ ’ਚੋਂ ਸ਼ਰੇਆਮ ਆ ਰਹੇ ਹਥਿਆਰਾਂ ਨਾਲ ਪੰਜਾਬੀਆਂ ਨੂੰ ਮੌਤ ਦੀ ਘਾਟ ਉਤਾਰਿਆ ਜਾ ਰਿਹਾ ਹੈ। ਯੂਕੇ ਤੋਂ ਪਰਤਣ ਉਪਰੰਤ ਬਲਕੌਰ ਸਿੰਘ ਅੱਜ ਆਪਣੀ ਰਿਹਾਇਸ਼ ’ਤੇ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਪੰਜਾਬ ਵਿੱਚ ਹੁਣ ਕਾਨਪੁਰ ਅਤੇ ਯੂਪੀ ਵਾਲੇ ਹਥਿਆਰ ਨਹੀਂ ਆ ਰਹੇ ਹਨ ਸਗੋਂ ਗੈਂਗਸਟਰਾਂ ਕੋਲ ਰੂਸ ਦੀਆਂ ਆਧੁਨਿਕ ਗੰਨਾਂ ਪੁੱਜ ਰਹੀਆਂ ਹਨ, ਜਿਸ ਪ੍ਰਤੀ ਪੰਜਾਬ ਸਰਕਾਰ ਨੂੰ ਗੰਭੀਰ ਹੋਣ ਦੀ ਲੋੜ ਹੈ ਨਾ ਕਿ ਹਥਿਆਰਾਂ ਨਾਲ ਸੋਸ਼ਲ ਮੀਡੀਆ ’ਤੇ ਫੋਟੋਆਂ ਪਾਉਣ ਵਾਲਿਆਂ ’ਤੇ ਪਰਚੇ ਦਰਜ ਕਰਨ ਦੀ।’’ ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਨੇ ਅੱਜ ਤੱਕ ਵਿਦੇਸ਼ੀ ਹਥਿਆਰਾਂ ਸਮੇਤ ਕਿੰਨੇ ਕੁ ਗੈਂਗਸਟਰਾਂ ਅਤੇ ਹੋਰ ਲੋਕਾਂ ਨੂੰ ਫੜਿਆ ਹੈੈ? ਸਗੋਂ ਅਧਿਕਾਰੀਆਂ ਵੱਲੋਂ ਵਾਰਦਾਤ ਤੋਂ ਬਾਅਦ ਵਿਦੇਸ਼ੀ ਹਥਿਆਰਾਂ ਦੀ ਵਰਤੋਂ ਹੋਣ ਬਾਰੇ ਦਾਅਵੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਡੀਜੀਪੀ ਪੰਜਾਬ ਨੂੰ ਮਿਲ ਕੇ ਗਏ ਸਨ ਪਰ ਸਿੱਧੂ ਦੇ ਕਤਲ ਦੇ ਕਥਿਤ ਸਾਜ਼ਿਸ਼ਘਾੜੇ ਹਾਲੇ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਯੂਕੇ ਦੀ ਸਰਕਾਰ ਨੇ ਵੀ ਸਿੱਧੂ ਮੂਸੇਵਾਲਾ ਦੇ ਕਤਲ ਲਈ ਇਨਸਾਫ਼ ਮੰਗਿਆ

ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਯੂਕੇ ਦੀ ਸਰਕਾਰ ਵੀ ਇਨਸਾਫ਼ ਦੀ ਮੰਗ ਕਰ ਰਹੀ ਹੈ, ਕਿਉਂਕਿ ਸਿੱਧੂ ਯੂਕੇ ਦਾ ਪੀਆਰ ਸੀ ਅਤੇ ਜੋ ਆਪਣੀ ਗਾਇਕੀ ਕਰਕੇ ਉਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਵੱਸਿਆ ਹੋਇਆ ਹੈ।ਬਲਕੌਰ ਸਿੰਘ ਨੇ ਕਿਹਾ ਕਿ ਸ਼ੁਭਦੀਪ ਦੇ ਯੂਕੇ ਦੇ ਪੀਆਰ ਹੋਣ ਸਬੰਧੀ ਉਨ੍ਹਾਂ ਨੂੰ ਯੂਕੇ ਵਿੱਚ ਜਾ ਕੇ ਪਤਾ ਲੱਗਿਆ। ਇਸ ਸਬੰਧੀ ਉਸ ਨੇ ਪਰਿਵਾਰ ਕੋਲ ਕਦੇ ਗੱਲ ਨਹੀਂ ਸੀ ਕੀਤੀ। ਉਨ੍ਹਾਂ ਕਿਹਾ ਕਿ ਯੂਕੇ ਦੇ ਲੋਕ ਅਤੇ ਪੰਜਾਬੀ ਭਾਈਚਾਰਾ ਉਸ ਨੂੰ ਬਹੁਤ ਪਿਆਰ ਦਿੰਦਾ ਸੀ।