ਸ਼ਹੀਦੀ ਦਿਹਾੜਾ: ਮੋਦੀ ਤੇ ਯੋਗੀ ਵੱਲੋਂ ਗੁਰੂ ਤੇਗ ਬਹਾਦਰ ਨੂੰ ਸ਼ਰਧਾਂਜਲੀ ਭੇਟ

ਸ਼ਹੀਦੀ ਦਿਹਾੜਾ: ਮੋਦੀ ਤੇ ਯੋਗੀ ਵੱਲੋਂ ਗੁਰੂ ਤੇਗ ਬਹਾਦਰ ਨੂੰ ਸ਼ਰਧਾਂਜਲੀ ਭੇਟ

ਨਵੀਂ ਦਿੱਲੀ/ਲਖਨਊ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਖ ਗੁਰੂ ਤੇਗ ਬਹਾਦਰ ਨੂੰ ਉਨ੍ਹਾਂ ਦੇ ‘ਸ਼ਹੀਦੀ ਦਿਹਾੜੇ’ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਨਿਆਂ ਤੇ ਅੱਤਿਆਚਾਰ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਸਿੱਖਿਆ ਦੇਸ਼ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ।’’ ਮੋਦੀ ਨੇ ਟਵੀਟ ਕੀਤਾ, ‘‘ਮੈਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੀ ਸ਼ਹਾਦਤ ਵਾਲੇ ਦਿਨ ਸ਼ਰਧਾਂਜਲੀ ਭੇਟ ਕਰਦਾ ਹਾਂ। ਬੇਮਿਸਾਲ ਬਹਾਦਰੀ ਤੇ ਸਿਧਾਂਤਾਂ ਦੇ ਨਾਲ ਆਦਰਸ਼ਾਂ ਪ੍ਰਤੀ ਅਟੁੱਟ ਵਚਨਬੱਧਤਾ ਲਈ ਉਨ੍ਹਾਂ ਦੀ ਦੁਨੀਆਂ ਭਰ ਵਿੱਚ ਸ਼ਲਾਘਾ ਹੁੰਦੀ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ।’’

ਇਸੇ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸਿੱਖਾਂ ਦੇ ਗੁਰੂ ਤੇਗ ਬਹਾਦਰ ਦੇ ਬਲੀਦਾਨ ਦਿਵਸ ਅਤੇ ਸਮਾਜ ਸੁਧਾਰਕ ਮਹਾਤਮਾ ਜਯੋਤੀ ਰਾਓ ਗੋਵਿੰਦ ਰਾਓ ਫੂਲੇ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਟਵੀਟ ਕਰ ਕੇ ਕਿਹਾ, ‘‘ਮਹਾਨ ਸੰਤ, ‘ਹਿੰਦ ਕੀ ਚਾਦਰ’ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਦਿਵਸ ਮੌਕੇ ਉਨ੍ਹਾਂ ਨੂੰ ਪ੍ਰਣਾਮ। ਤੁਸੀਂ ਅੱਤਿਆਚਾਰ ਖ਼ਿਲਾਫ਼ ਸੰਘਰਸ਼ ਦੇ ਪ੍ਰਤੀਕ ਹੋ।’’